ਨਿਊ ਸਾਊਥ ਵੇਲਜ਼ ਵਿੱਚ ਅੱਜ ਆ ਸਕਦੇ ਹਨ ਦੋ ਤੋਂ ਵੀ ਜ਼ਿਆਦਾ ਕਰੋਨਾ ਦੇ ਨਵੇਂ ਮਾਮਲੇ -ਲੋਕਾਂ ਨੂੰ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਲਗਾਤਾਰ ਜਾਰੀ

(ਕਾਰਜਕਾਰੀ ਪ੍ਰੀਮੀਅਰ ਜੋਹਨ ਬੈਰੀਲੈਰੋ, ਸਿਹਤ ਮੰਤਰੀ ਬਰੈਡ ਹੈਜ਼ਰਡ ਅਤੇ ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੇਰਾਲਾ ਕਲਸਟਰ ਵਿੱਚਲੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਕਾਰਨ ਕਾਰਜਕਾਰੀ ਪ੍ਰੀਮੀਅਰ ਜੋਹਨ ਬੈਰੀਲੈਰੋ, ਸਿਹਤ ਮੰਤਰੀ ਬਰੈਡ ਹੈਜ਼ਰਡ ਅਤੇ ਰਾਜ ਦੇ ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਲਗਾਤਾਰ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਕਰੋਨਾ ਟੈਸਟ ਕਰਵਾਉਣ ਤਾਂ ਜੋ ਵੱਧ ਰਹੀ ਇਸ ਭਿਆਨਕ ਬਿਮਾਰੀ ਦੇ ਇਨਫੈਕਸ਼ਨ ਦੀ ਲੜੀ ਨੂੰ ਤੋੜਿਆ ਅਤੇ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ। ਪੱਛਮੀ ਸਿਡਨੀ ਦੇ ਬਾਟਲ ਸ਼ਾਪ ਵਾਲੇ ਮਾਮਲਿਆਂ ਵਿੱਚ ਅੱਜ ਦੋ ਤੋਂ ਵੀ ਜ਼ਿਆਦਾ ਕਰੋਨਾ ਦੇ ਮਾਮਲਿਆਂ ਦਾ ਖੁਲਾਸਾ ਹੋਣ ਦਾ ਖ਼ਦਸ਼ਾ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਸ੍ਰੀ ਬੈਰੀਲੈਰੋ ਨੇ ਕਿਹਾ ਕਿ ਬਾਟਲ ਸ਼ਾਪ ਨਾਲ ਸਬੰਧਤ ਲੋਕਾਂ ਨੂੰ ਅਪੀਲ ਹੈ ਕਿ ਉਹ ਅੱਗੇ ਆ ਕੇ ਆਪਣੇ ਬਾਰੇ ਵਿੱਚ ਦੱਸਣ ਕਿਉਂਕਿ ਅਜਿਹੀਆਂ ਥਾਵਾਂ ਉਪਰ ਕਿਊ ਆਰ ਕੋਡਾਂ ਵਾਲਾ ਨਿਯਮ ਲਾਗੂ ਨਹੀਂ ਹੈ ਅਤੇ ਜਨਤਕ ਭਲਾਈ ਵਾਸਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਲੋਕ ਜਿਨ੍ਹਾਂ ਨੇ ਵੀ ਕ੍ਰਿਸਮਿਸ ਦੇ ਨੇੜੇ ਤੇੜੇ ਉਕਤ ਖੇਤਰ ਵਿੱਚ ਸ਼ਿਰਕਤ ਕੀਤੀ ਸੀ, ਉਹ ਆਪਣੇ ਆਪ ਨੂੰ ਤੁਰੰਤ 14 ਦਿਨਾਂ ਲਈ ਆਈਸੋਲੇਟ ਕਰਨ ਅਤੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਗਿਣਤੀ ਕੋਈ ਘੱਟ ਨਹੀਂ ਹੈ ਅਤੇ ਇਸ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹਨ ਅਤੇ ਉਨ੍ਹਾਂ ਵਿੱਚ ਕੁੱਝ ਕਰੋਨਾ ਤੋਂ ਸਥਾਪਿਤ ਵੀ ਹੋ ਸਕਦੇ ਹਨ ਜੋ ਕਿ ਜਨਤਕ ਸਿਹਤ ਲਈ ਇੱਕ ਵੱਡੀ ਚੁਣੌਤੀ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਣਨਾ ਮੁਤਾਬਿਕ 30,000 ਤੋਂ 50,000 ਟੈਸਟ ਹਰ ਰੋਜ਼ ਹੋਣੇ ਚਾਹਦੇ ਹਨ ਜਦੋਂ ਕਿ ਬੀਤੇ ਦਿਨੀਂ ਐਤਵਾਰ ਰਾਤ ਦੇ 8 ਵਜੇ ਤੱਕ ਮਹਿਜ਼ 22,275 ਟੈਸਟ ਹੀ ਕੀਤੇ ਗਏ ਸਨ। ਬੀਤੇ 14 ਦਿਨਾਂ ਦੇ ਕਰੋਨਾ ਚੱਕਰ ਅਨੁਸਾਰ, ਬੈਰਾਲਾ ਦੇ ਵੂਲਵਰਥਸ ਵਾਸਤੇ ਵੀ ਚਿਤਾਵਨੀਆਂ ਜਾਰੀ ਹਨ ਅਤੇ ਤਾਰੀਖਾਂ 20 ਦਿਸੰਬਰ ਤੋਂ 31 ਦਿਸੰਬਰ ਤੱਕ ਦੀਆਂ ਦਿੱਤੀਆਂ ਗਈਆਂ ਹਨ -ਇਨ੍ਹਾਂ ਤਾਰੀਖਾਂ ਦਰਮਿਆਨ ਉਕਤ ਥਾਂ ਤੇ ਸ਼ਿਰਕਤ ਕਰਨ ਵਾਲੇ ਲੋਕਾਂ ਵਾਸਤੇ ਤੁਰੰਤ ਆਈਸੋਲੇਸ਼ਨ ਅਤੇ ਕਰੋਨਾ ਟੈਸਟਾਂ ਦੀ ਚਿਤਾਵਨੀ ਜਾਰੀ ਹੈ ਅਤੇ ਜਦੋਂ ਤੱਕ ਕਿ ਟੈਸਟਾਂ ਦੇ ਰਿਜ਼ਲਟ ਨੈਗੇਟਿਵ ਨਹੀਂ ਆ ਜਾਂਦੇ -ਉਹ ਲੋਕ ਆਈਸੋਲੇਸ਼ਨ ਵਿੱਚ ਹੀ ਰਹਿਣਗੇ। ਸਿਡਨੀ ਵਿਚਲੇ ਲੋਕਾਂ ਲਈ ਮਾਸਕ ਪਹਿਨਣਾ ਵੀ ਲਾਜ਼ਮੀ ਕੀਤਾ ਗਿਆ ਹੈ ਅਤੇ ਪੁਲਿਸ ਨੂੰ ਉਲੰਘਣਾ ਅਧੀਨ 200 ਡਾਲਰ ਤੱਕ ਦਾ ਜੁਰਮਾਨਾ ਕਰਨ ਦੀਆਂ ਤਾਕੀਦਾਂ ਹਨ। ਵੈਸੇ ਹਾਲ ਦੀ ਘੜੀ ਬੀਤੇ ਸੋਮਵਾਰ ਤੱਕ ਅਜਿਹਾ ਕੋਈ ਜੁਰਮਾਨਾ ਪੁਲਿਸ ਵੱਲੋਂ ਨਹੀਂ ਕੀਤਾ ਗਿਆ ਹੈ।

Install Punjabi Akhbar App

Install
×