ਨਿਊ ਸਾਊਥ ਵੇਲਜ਼ -2023 ਦੀਆਂ ਚੋਣਾਂ ਦਾ ਬਿਗੁਲ ਵੱਜਿਆ

ਮੁੱਖ ਮੁਕਾਬਲਾ ਡੋਮਿਨਿਕ ਪੈਰੋਟੈਟ ਅਤੇ ਕ੍ਰਿਸ ਮਿਨਜ਼ ਵਿਚਾਲੇ

ਬੀਤੇ ਸਾਲਾਂ ਦੌਰਾਨ ਨਿਊ ਸਾਊਥ ਵੇਲਜ਼ ਰਾਜ ਵਿੱਚ ਕਾਫੀ ਰਾਜਨੀਤਿਕ ਉਥਲ ਪੁਥਲ ਦਿਖਾਈ ਦਿੱਤੀ ਸੀ ਅਤੇ ਇਸੇ ਦੇ ਚੱਲਦਿਆਂ ਡੋਮਿਨਿਕ ਪੈਰੋਟੈਟ ਰਾਜ ਦੇ ਪ੍ਰੀਮੀਅਰ ਵੀ ਬਣੇ ਸਨ। ਹੁਣ ਇਸੇ ਸਾਲ 2023 ਦੌਰਾਨ, ਰਾਜ ਭਰ ਵਿੱਚ ਚੋਣਾਂ ਦਾ ਮਾਹੌਲ ਬਣ ਗਿਆ ਹੈ ਅਤੇ ਮਾਰਚ 25, ਦਿਨ ਸ਼ਨਿਚਰਵਾਰ, (ਸਵੇਰ ਦੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ) ਨੂੰ ਲੋਕਾਂ ਨੂੰ ਇੱਕ ਵਾਰੀ ਫੇਰ ਤੋਂ ਆਪਣਾ ਨਵਾਂ ਪ੍ਰੀਮੀਅਰ (ਮੌਜੂਦਾ ਅਤੇ ਜਾਂ ਫੇਰ ਨਵੀਂ ਸਰਕਾਰ) ਚੁਣਨ ਵਾਸਤੇ ਵੋਟਾਂ ਦਾ ਹੀ ਸਹਾਰਾ ਲੈਣਾ ਪਵੇਗਾ।
ਮੁੱਖ ਮੁਕਾਬਲਾ ਮੌਜੂਦਾ ਪ੍ਰੀਮੀਅਰ ਡੋਮਿਨਿਕ ਪੈਰੋਟੈ ਅਤੇ ਵਿਰੋਧੀ ਧਿਰ ਦੇ ਨੇਤਾ ਕ੍ਰਿਸ ਮਿਨਜ਼ ਵਿਚਾਲੇ ਹੀ ਹੈ।
ਸਾਲ 2021 ਵਿੱਚ ਆਨਲਾਈਨ ਵੋਟਾਂ ਹੋਈਆਂ ਸਨ ਪਰੰਤੂ ਇਸ ਵਾਰੀ ਆਮ ਤੌਰ ਤੇ ਇਸ ਸੁਵਿਧਾ ਨੂੰ ਬੰਦ ਹੀ ਰੱਖਿਆ ਗਿਆ ਹੈ।
ਵੋਟਾਂ ਵਿੱਚ 18 ਸਾਲ ਅਤੇ ਇਸਤੋਂ ਵੱਧ ਉਮਰ ਦੇ ਆਸਟ੍ਰੇਲੀਆਈ ਨਾਗਰਿਕ ਵੋਟਾਂ ਪਾ ਸਕਣਗੇ। ਵੋਟਾਂ ਦੌਰਾਨ ਲੋਕਾਂ ਵੱਲੋਂ ਨਿਜੀ ਤੌਰ ਤੇ ਵੋਟਾਂ ਵਾਲੇ ਦਿਨ ਹੀ ਵੋਟਾਂ ਪਾਈਆਂ ਜਾ ਸਕਣਗੀਆਂ। ਕੁੱਝ ਖਾਸ ਹਾਲਾਤਾਂ ਦੌਰਾਨ ਪਰੀ-ਪੋਲਿੰਗ ਸਟੇਸ਼ਨਾਂ ਉਪਰ ਪਹਿਲਾਂ ਤੋਂ ਹੀ ਵੋਟਾਂ ਦਾ ਭੁਗਤਾਨ ਕੀਤਾ ਜਾ ਸਕੇਗਾ। ਪੋਸਟਲ ਵੋਟਾਂ ਦਾ ਵੀ ਪ੍ਰਾਵਧਾਨ ਰੱਖਿਆ ਗਿਆ ਹੈ ਅਤੇ ਨਾਲ ਹੀ ਇੱਕ ਸਹੂਲਤ ਅਜਿਹੇ ਵਿਅਕਤੀਆਂ ਲਈ ਹੈ ਜੋ ਕਿ ਦੇਖ ਨਹੀਂ ਸਕਦੇ ਅਤੇ ਜਾਂ ਫੇਰ ਜਿਨ੍ਹਾਂ ਨੂੰ ਘੱਟ ਦਿਖਾਈ ਦਿੰਦਾ ਹੈ ਤਾਂ ਉਹ ਫੋਨ ਰਾਹੀਂ ਵੀ ਆਪਣੀ ਵੋਟ ਪਾ ਸਕਦੇ ਹਨ। ਕੁੱਝ ਕੁ ਥਾਂਵਾਂ ਉਪਰ ਚੁਣਿੰਦੇ ਹਸਪਤਾਲ, ਨਰਸਿੰਗ ਹੋਮ, ਏਜਡ ਕੇਅਰ ਹੋਮ ਆਦਿ ਉਪਰ ਵੀ ਖਾਸ ਲੋਕਾਂ ਦੇ ਵੋਟਾਂ ਪਾਉਣ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ ਜਾਂ ਉਥੇ ਰਹਿਣ ਵਾਲੇ ਲੋਕ ਵੀ ਵੋਟਾਂ ਵਿੱਚ ਹਿੱਸਾ ਲੈ ਸਕਣ।
ਵੋਟਾਂ ਵਾਲੇ ਦਿਹਾੜੇ ਤੋਂ ਪਹਿਲਾਂ ਵੋਟਾਂ ਪਾਉਣ ਵਾਸਤੇ ਮਾਰਚ ਦੀ 18 ਤਾਰੀਖ ਨਿਯਤ ਕੀਤੀ ਗਈ ਹੈ ਅਤੇ ਆਖਰੀ ਤਾਰੀਖ ਮਾਰਚ ਦੀ 24 ਰੱਖੀ ਗਈ ਹੈ। ਇਸ ਦਾ ਸਮਾਂ ਆਦਿ ਜਾਨਣ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਡਾਕ ਰਾਹੀਂ ਵੋਟਾਂ ਪਾਉਣ ਵਾਸਤੇ ਸਰਕਾਰ ਦੀ ਵੈਬਸਾਈਟ ਉਪਰੋਂ ਫਾਰਮ ਲਿਆ ਜਾ ਸਕਦਾ ਹੈ ਅਤੇ ਡਾਕ ਰਾਹੀਂ ਪ੍ਰਾਪਤ ਹੋਣ ਵਾਲੀ ਵੋਟ ਵਾਸਤੇ ਆਖਰੀ ਤਾਰੀਖ ਮਾਰਚ 20 ਰੱਖੀ ਗਈ ਹੈ।
ਜਿਹੜੇ ਲੋਕ ਪਹਿਲਾਂ ਤੋਂ ਹੀ ਇਸ ਸੁਵਿਧਾ ਵਾਸਤੇ ਨਾਮਾਂਕਣ ਰੱਖਦੇ ਹਨ, ਉਨ੍ਹਾਂ ਨੂੰ ਸਮਾਂ ਰਹਿੰਦਿਆਂ ਹੀ ਡਾਕ ਰਾਹੀਂ ਹੀ ਵੋਟਾਂ ਦੇ ਫਾਰਮ ਪ੍ਰਾਪਤ ਹੋ ਜਾਣਗੇ। ਇਨ੍ਹਾਂ ਲੋਕਾਂ ਦੀਆਂ ਵੋਟਾਂ ਦੇ ਭਰੇ ਹੋਏ ਫਾਰਮ, ਇਲੈਕਟੋਰਲ ਕਮਿਸ਼ਨ ਕੋਲ ਮਾਰਚ ਦੀ 6 ਤਾਰੀਖ (ਵੀਰਵਾਰ ਸ਼ਾਮ ਦੇ 6 ਵਜੇ) ਤੱਕ ਵਾਪਿਸ ਪਹੁੰਚ ਜਾਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਦੀ ਗਿਣਤੀ ਆਦਿ ਸਮੇਂ ਸਿਰ ਹੋ ਸਕੇ।
ਆਪਣੇ ਨਜ਼ਦੀਕੀ ਪੋਲਿੰਗ ਸਟੇਸ਼ਨ ਨੂੰ ਜਾਣਨ ਵਾਸਤੇ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਅਧਿਕਾਰੀਆਂ ਵੱਲੋਂ ਹਮੇਸ਼ਾ ਹੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ ਅਤੇ ਜੇਕਰ ਉਹ ਜਾਣਬੁੱਝ ਕੇ ਅਤੇ ਬੇ-ਵਜਹ ਹੀ ਆਪਣੀ ਵੋਟ ਦਾ ਇਸਤੇਮਾਲ ਨਹੀਂ ਕਰਦੇ ਤਾਂ ਅਜਿਹੇ ਲੋਕਾ ਨੂੰ 55 ਡਾਲਰਾਂ ਤੋਂ ਲੈ ਕੇ 110 ਡਾਲਰਾਂ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਅਤੇ ਸਮੇਂ ਸਿਰ ਜੁਰਮਾਨਾ ਨਾ ਅਦਾ ਕਰਨ ਦੀ ਸੂਰਤ ਵਿੱਚ, ਇਸ ਜੁਰਮਾਨੇ ਵਿੱਚ ਰਾਜ ਸਰਕਾਰ ਦੇ 65 ਡਾਲਰ ਅਲੱਗ ਤੋਂ ਜਮ੍ਹਾਂ ਕਰਵਾਉਣੇ ਪੈਣਗੇ।