ਨਿਊ ਸਾਊਥ ਵੇਲਜ਼ ਰਾਜ ਦੀ ਅਰਥ-ਵਿਵਸਥਾ ਆਉਣ ਲੱਗੀ ਲੀਹਾਂ ਉਪਰ -ਡੋਮਿਨਿਕ ਪੈਰੋਟੇਟ

ਰਾਜ ਦੇ ਖ਼ਜ਼ਾਨਾ ਮੰਤਰੀ ਡੋਮਿਨਿਕ ਪੈਰੋਟੇਟ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋਕਾਂ ਦੇ ਸਹਿਯੋਗ ਨਾਲ ਅਤੇ ਰਾਜ ਸਰਕਾਰ ਦੇ ਉਦਮ ਭਰੇ ਨਿਵੇਸ਼ ਦੇ ਮਾਧਿਅਮ ਰਾਹੀਂ ਰਾਜ ਦੀ ਅਰਥ-ਵਿਵਸਥਾ ਹੁਣ ਲੀਹਾਂ ਤੇ ਆਉਣਾ ਸ਼ੁਰੂ ਹੋ ਗਈ ਹੈ ਅਤੇ ਸਤੰਬਰ ਕੁਆਟਰ ਦੇ ਆਂਕੜੇ ਦਰਸਾਉਂਦੇ ਹਨ ਕਿ ਇਸ ਵਿੱਚ 6.8% ਦਾ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕਈ ਤਰ੍ਹਾਂ ਦੇ ਸੌਮੇ ਕੰਮ ਕਰ ਰਹੇ ਹਨ ਅਤੇ ਸਭ ਤੋਂ ਮਹੱਤਵਪੂਰਨ ਫੈਕਟਰ ਹੈ ਘਰੇਲੂ ਸਾਮਾਨ ਦੀ ਖਪਤ ਅਤੇ ਇਸ ਖੇਤਰ ਵਿੱਚ 10.8% ਦਾ ਇਜ਼ਾਫ਼ਾ ਦਿਖਾਈ ਦੇ ਰਿਹਾ ਹੈ। ਸਰਕਾਰ ਨੇ ਅਰਥ ਵਿਵਸਥਾ ਨੂੰ ਮੁੜ ਤੋਂ ਚਾਲੂ ਕਰਨ ਲਈ ਘੱਟੋ ਘੱਟ 29 ਬਿਲਿਅਨ ਦਾ ਨਿਵੇਸ਼ -ਸਿਹਤ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿੱਚ ਮਦਦ ਦੇ ਤੌਰ ਤੇ ਕੀਤਾ ਹੈ ਅਤੇ ਇਸੇ ਦੇ ਨਤੀਜੇ ਵਜੋਂ ਵਧੀਆ ਨਤੀਜੇ ਮਿਲਣ ਵੀ ਲੱਗੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਅਜਿਹੇ ਕਾਰਜਾਂ ਵਿੱਚ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਅਤੇ ਜਿਵੇਂ ਕਿ ਹੁਣ ਕਰੋਨਾ ਕਾਰਨ ਲੱਗੀਆਂ ਪਾਬੰਧੀਆਂ ਵਿੱਚ ਨਵੀਆਂ ਛੋਟਾਂ ਦੇ ਐਲਾਨ ਕੀਤੇ ਗਏ ਹਨ ਅਤੇ ਖਾਣ-ਪੀਣ ਦੇ ਖੇਤਰਾਂ ਜਿਵੇਂ ਕਿ ਰੈਸਟੌਰੈਂਟਾਂ ਆਦਿ ਵਿੱਚ ਲੋਕਾਂ ਦੀ ਆਵਾਜਾਈ ਵਧਾਉਣ ਵਾਸਤੇ ਨਵੇਂ ਮਾਪਦੰਡ ਸਥਾਪਿਤ ਕੀਤੇ ਗਏ ਹਨ ਅਤੇ ਸਾਫ ਦਿਖਾਈ ਵੀ ਦੇ ਰਿਹਾ ਹੈ ਕਿ ਲੋਕ ਹੁਣ ਘਰਾਂ ਤੋਂ ਬਾਹਰ ਬੇਝਿਜਕ ਨਿਕਲਣ ਲੱਗੇ ਹਨ ਅਤੇ ਬਾਜ਼ਾਰ ਵਿੱਚ ਸੁਧਾਰ ਹੋ ਰਹੇ ਹਨ। ਮੌਜੂਦਾ ਆਂਕੜਾ ਦਰਸਾਉਂਦਾ ਹੈ ਕਿ ਅਕਤੂਬਰ ਦੇ ਮਹੀਨੇ ਵਿੱਚ ਹੀ ਰਾਜ ਅੰਦਰ 36,000 ਤੋਂ ਵੀ ਜ਼ਿਆਦਾ ਲੋਕ ਆਪਣੇ ਕੰਮਾਂ-ਕਾਰਾਂ ਉਪਰ ਵਾਪਿਸ ਪਰਤ ਆਏ ਸਨ ਅਤੇ ਇਸ ਨਾਲ ਬੇਰੌਜ਼ਗਾਰੀ ਦੀ ਵਧੀ ਹੋਈ ਦਰ ਵਿੱਚ ਕਾਫੀ ਕਮੀ ਵੀ ਆਈ ਹੈ ਅਤੇ ਇਸ ਵਿੱਚ ਪੁਰਸ਼ਾਂ ਦੇ ਨਾਲ ਨਾਲ ਮਹਿਲਾਵਾਂ ਦਾ ਵੀ ਪੂਰਨ ਯੋਗਦਾਨ ਹੈ। ਸਰਕਾਰ ਦੀ ਅਰਥ-ਵਿਵਸਥਾ ਦੇ ਆਂਕੜਿਆਂ ਉਪਰ ਝਾਤ ਮਾਰਨ ਵਾਸਤੇ ਅਤੇ ਨਵੀਆਂ ਪ੍ਰਾਪਤੀਆਂ ਦੇ ਆਂਕੜਿਆਂ ਵਾਸਤੇ ਸਰਕਾਰ ਦੀ ਵੈਬਸਾਈਟ http://budget.nsw.gov.au./ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×