ਨਿਊ ਸਾਊਥ ਵੇਲਜ਼ ਵਿੱਚ ਵੀ ਨਿਊਜ਼ੀਲੈਂਡ ਤੋਂ ਆਵਾਜਾਈ ਸ਼ੁਰੂ -ਪਰੰਤੂ ਕੁਝ ਸ਼ਰਤਾਂ ਵੀ ਲਾਗੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੇ ਸਿਹਤ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬੀਤੀ ਅੱਧੀ ਰਾਤ 12:01 ਵਜੇ ਤੋਂ ਰਾਜ ਅੰਦਰ ਨਿਊਜੀਲੈਂਡ ਤੋਂ ਲੋਕਾਂ ਦਾ ਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਹੁਣ ਉਨ੍ਹਾਂ ਨੂੰ 14 ਦਿਨਾਂ ਦਾ ਕੁਆਰਨਟੀਨ ਲਾਜ਼ਮੀ ਨਹੀਂ ਰਿਹਾ ਹੈ।
ਹੁਣ ਮਹਿਜ਼ ਇੱਕ ਇਹ ਸ਼ਰਤ ਹੀ ਲਾਗੂ ਹੈ ਕਿ ਉਹ ਲੋਕ ਜੋ ਕਿ ਆਕਲੈਂਡ ਅੰਦਰ ਬੀਤੇ 14 ਦਿਨਾਂ ਵਿੱਚ ਸ਼ਿਰਕਤ ਕਰ ਚੁਕੇ ਹਨ ਅਤੇ ਹੁਣ ਨਿਊ ਸਾਊਥ ਵੇਲਜ਼ ਆ ਰਹੇ ਹਨ, ਲਈ ਕੋਵਿਡ-19 ਟੈਸਟ ਕਰਵਾਉਣਾ ਲਾਜ਼ਮੀ ਹੈ ਅਤੇ ਜਦੋਂ ਤੱਕ ਇਸ ਟੈਸਟ ਦਾ ਨਤੀਜਾ ਨੈਗੇਟਿਵ ਨਹੀਂ ਆ ਜਾਂਦਾ ਉਦੋਂ ਤੱਕ ਉਨ੍ਹਾਂ ਨੂੰ ਆਪਣੇ ਘਰਾਂ ਅੰਦਰ ਹੀ ਆਈਸੋਲੇਸ਼ਨ ਵਿੱਚ ਰਹਿਣਾ ਹੋਵੇਗਾ। ਇਸ ਦੇ ਨਾਲ ਇੱਕ ਹੋਰ ਗੱਲ ਵੀ ਸਾਫ ਕਰ ਦਿੱਤੀ ਗਈ ਹੈ ਕਿ ਉਹ ਲੋਕ ਜੋ ਕਿ ਆਕਲੈਂਡ ਵਿੱਚ ਰਹਿੰਦੇ ਨਹੀਂ ਹਨ ਅਤੇ ਨਿਊਜ਼ੀਲੈਂਡ ਦੇ ਹੋਰਨਾਂ ਖੇਤਰਾਂ ਵਿੱਚੋਂ, ਮਹਿਜ਼ ਫਲਾਈਟ ਲੈਣ ਕਾਰਨ ਹੀ ਇੱਥੇ ਪਹੁੰਚੇ ਸਨ ਅਤੇ ਆਕਲੈਂਡ ਏਅਰਪੋਰਟ ਤੋਂ ਫਲਾਈਟ ਲੈ ਕੇ ਨਿਊ ਸਾਉਥ ਵੇਲਜ਼ ਆ ਗਏ ਹਨ ਤਾਂ ਫੇਰ ਉਨ੍ਹਾਂ ਨੂੰ ਵੀ ਕੁਆਰਨਟੀਨ ਜਾਂ ਆਈਸੋਲੇਸ਼ਨ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਜਾਣਕਾਰੀ ਰਾਹੀਂ ਇਹ ਵੀ ਦੱਸਿਆ ਕਿ ਨਿਊਜ਼ੀਲੈਂਡ ਵਿੱਚ ਬੀਤੇ 28 ਫਰਵਰੀ ਤੋਂ ਜਿਹੜਾ ਕਰੋਨਾ ਦਾ ਕਲਸਟਰ ਸਾਹਮਣੇ ਆਇਆ ਸੀ ਉਸ ਵਿੱਚ ਹੁਣ ਕੋਈ ਵੀ ਇਜ਼ਾਫਾ ਨਹੀਂ ਹੋ ਰਿਹਾ ਹੈ ਅਤੇ ਇਸ ਵਾਸਤੇ ਨਿਊਜ਼ੀਲੈਂਡ ਨੂੰ ਕੋਵਿਡ-19 ਦੇ ਘੱਟ ਖਤਰੇ ਵਾਲੇ ਖੇਤਰਾਂ ਵਿਚ ਸ਼ੁਮਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਨਿਊ ਸਾਊਥ ਵੇਲਜ਼ ਅੰਦਰ ਵੀ ਬੀਤੇ 50 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਕਰੋਨਾ ਦਾ ਕੋਈ ਵੀ ਸਥਾਨਕ ਟ੍ਰਾਂਸਮਿਸ਼ਨ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਪਰੰਤੂ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਅਪੀਲ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ ਕਿ ਜੇਕਰ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਵੀ ਕਰੋਨਾ ਬਿਮਾਰੀ ਦਾ ਲੱਛਣ ਮਹਿਸੂਸ ਹੋਵੇ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ, ਆਪਣਾ ਕਰੋਨਾ ਟੈਸਟ ਕਰਵਾਉਣ ਅਤੇ ਰਿਪੋਰਟ ਨੈਗੇਟਿਵ ਆਉਣ ਤੱਕ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਹੀ ਰੱਖਣ।

Install Punjabi Akhbar App

Install
×