ਡੁਬੋ ਵਿੱਚ ਨਸ਼ੇੜੀਆਂ ਦੇ ਨਸ਼ੇ ਛੁਡਾਉਣ ਅਤੇ ਮੁੜ ਵਸੇਬੇ ਲਈ 7.5 ਮਿਲੀਅਨ ਡਾਲਰ ਦਾ ਫੰਡ ਜਾਰੀ

ਨਿਊ ਸਾਊਥ ਵੇਲਜ਼ ਰਾਜ ਦੇ ਓਰਾਨਾ ਖੇਤਰ ਵਿਚਲੇ ਡੂਬੋ ਸ਼ਹਿਰ ਵਿੱਚ ਨਸ਼ੇੜੀਆਂ ਦੇ ਇਲਾਜ, ਨਸ਼ੇ ਦੀ ਲਤ ਨੂੰ ਛੁਡਾਉਣ ਅਤੇ ਉਨ੍ਹਾਂ ਦੇ ਮੁੜ ਵਸੇਬਿਆਂ ਦੇ ਯਤਨਾਂ ਨੂੰ ਹੋਰ ਤੇਜ਼ੀ ਲਿਆਉਣ ਸਦਕਾ ਰਾਜ ਸਰਕਾਰ ਨੇ 7.5 ਮਿਲੀਅਨ ਡਾਲਰਾਂ ਦਾ ਫੰਡ ਜਾਰੀ ਕੀਤਾ ਹੈ। ਖ਼ਜ਼ਾਨਾ ਮੰਤਰੀ ਡੋਮੀਨਿਕ ਪੈਰੋਟੈਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ਼ਹਿਰ ਵਿੱਚ ਨਵੇਂ ਨਸ਼ਾ ਛੁਡਾਊ ਕੇਂਦਰ ਵੀ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਵਧੀ ਹੋਈ ਨਸ਼ਿਆਂ ਦੀ ਆਦਤ ਨੂੰ ਠੱਲ੍ਹ ਪਾਉਣ ਵਾਸਤੇ ਸਾਲ 2020-21 ਵਿਚਲੇ ਰਾਜ ਸਰਕਾਰ ਦੇ ਬਜਟ ਦਾ ਇਹ ਅਹਿਮ ਹਿੱਸਾ ਹੈ। ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਕਦਮ ਜਨਤਕ ਤੌਰ ਤੇ ਕਾਫੀ ਲਾਹੇਵੰਦ ਹੋਵੇਗਾ ਕਿਉਂਕਿ ਇਸ ਪ੍ਰਾਜੈਕਟ ਅਧੀਨ ਬਣਨ ਵਾਲੇ ਸੈਂਟਰ ਸ਼ਹਿਰਾਂ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਅਤੇ ਜੰਗਲਾਂ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਪਹੁੰਚਾਉਣਗੇ ਅਤੇ ਭਾਈਚਾਰ ਅੰਦਰ ਵਧ ਰਹੇ ਨਸ਼ਿਆਂ ਦੀ ਆਦਤ ਦੇ ਮੌਜੂਦਾ ਚੱਕਰ ਨੂੰ ਤੋੜਨਗੇ। ਡੁਬੋ ਤੋਂ ਐਮ.ਪੀ. ਡਗਲਡ ਸਾਂਡਰਸ ਨੇ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਕਤ ਸੈਂਟਰ ਇਨ੍ਹਾਂ ਖੇਤਰਾਂ ਦੇ ਲੋਕਾਂ ਵਾਸਤੇ ਵਰਦਾਨ ਸਾਬਿਤ ਹੋਣਗੇ ਅਤੇ ਲੋਕਾਂ ਨੂੰ ਨਵਾਂ ਜੀਵਨ ਪ੍ਰਦਾਨ ਕਰਨਗੇ। ਜ਼ਿਕਰਯੋਗ ਹੈ ਕਿ ਉਕਤ ਪ੍ਰਾਜੈਕਟ ਵਿੱਚ ਫੈਡਰਲ ਸਰਕਾਰ ਦਾ ਵੀ 3 ਮਿਲੀਅਨ ਡਾਲਰਾਂ ਦਾ ਹਿੱਸਾ ਹੈ। ਹਸਪਤਾਲਾਂ ਦੇ ਆਂਕੜੇ ਦਰਸਾਉਂਦੇ ਹਨ ਕਿ ਸਾਲ 2013-14 ਅਤੇ 2016-17 ਦੌਰਾਨ ਮੈਥਮਮੈਟਾਫਾਈਨ ਨਾਲ ਸਬੰਧਤ ਮਾਮਲਿਆਂ ਵਿੱਚ ਇਜ਼ਾਫ਼ਾ ਹੋਇਆ ਹੈ ਅਤੇ ਮਰੀਜ਼ਾਂ ਦੀ ਗਿਣਤੀ ਵਿੱਚ ਜ਼ਿਆਦਾਤਰ 16 ਸਾਲ ਅਤੇ ਇਸ ਤੋਂ ਵੱਧ ਦੀ ਉਮਰ ਦੇ ਲੋਕ ਸ਼ਾਮਿਲ ਹਨ।

Install Punjabi Akhbar App

Install
×