ਸਿਡਨੀ ਰੇਲ ਨੈਟਵਰਕ ਲਈ 100 ਮਿਲੀਅਨ ਡਾਲਰ ਦਾ ਬਜਟ

ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊਜ਼ ਕਨਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਡਨੀ ਰੇਲ ਨੈਟਵਰਕ ਅਧੀਨ ਪੈਂਦੇ ਅਰਸਕਿਨਵਿਲੇ ਅਤੇ ਬੌਂਡੀ ਜੰਕਸ਼ਨ (ਟੀ4 ਈਸਟਰਨ ਸਬਅਰਬ ਲਾਈਨ) ਦੇ ਨਵੀਨੀਕਰਣ ਲਈ ਨਿਊ ਸਾਊਥ ਵੇਲਜ਼ ਸਰਕਾਰ ਨੇ 100 ਮਿਲੀਅਨ ਡਾਲਰ ਦਾ ਇੱਕ ਵਾਧੂ ਬਜਟ ਦਾ ਐਲਾਨ ਕੀਤਾ ਹੈ। ਇਸ ਨਵੇਂ ਡਿਜੀਟਲ ਸਿਸਟਮ ਨਾਲ ਰੇਲ ਗੱਡੀਆਂ ਦੀ ਆਵਾਜਾਈ ਵਿੱਚ ਹੋਰ ਵੀ ਸੁਖਾਵਾਂਪਣ ਆਵੇਗਾ ਅਤੇ ਯਾਤਰੀਆਂ ਨੂੰ ਇਸ ਦਾ ਪੂਰਨ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਉਪਰੋਕਤ ਸਿਸਟਮ ਦੇ ਲਾਗੂ ਹੋਣ ਨਾਲ ਰੇਲ ਗੱਡੀਆਂ ਦੇ ਡ੍ਰਾਈਵਰਾਂ ਨੂੰ ਸਿੱਧੀ ਜਾਣਕਾਰੀ ਰੇਲ ਕੈਬਿਨ ਵਿੱਚ ਹੀ ਮਿਲੇਗੀ ਅਤੇ ਇਸ ਨਾਲ ਬਾਹਰੀ ਟ੍ਰੈਫਿਕ ਲਾਈਟਾਂ, ਜਿਨ੍ਹਾਂ ਦਾ ਪੂਰਨ ਕਾਮਿਯਾਬੀ ਨਾਲ ਇਸਤੇਮਾਲ ਬੀਤੇ ਕਈ ਦਸ਼ਕਾਂ ਤੋਂ ਹੋ ਰਿਹਾ ਹੈ, ਤੋਂ ਵੀ ਨਿਜਾਤ ਪਾਈ ਜਾਵੇਗੀ।
ਇਸ ਨਵੀਂ ਤਕਨਾਲੋਜੀ ਰਾਹੀਂ ਇੱਕੋ ਰੂਟ ਤੇ ਚੱਲ ਰਹੀਆਂ ਗੱਡੀਆਂ ਦੀ ਆਵਾਜਾਈ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਵੇਗਾ ਅਤੇ ਇੱਕੋ ਲਾਈਨ ਉਪਰ ਹੀ ਬਹੁਤ ਘੱਟ ਸਮੇਂ ਵਿੱਚ ਗੱਡੀਆਂ ਦਾ ਸੁਰੱਖਿਅਤ ਆਵਾਗਮਨ ਕੀਤਾ ਜਾ ਸਕੇਗਾ।
ਬੌਂਡੀ ਜੰਕਸ਼ਨ ਉਪਰ ਇਸ ਪ੍ਰਾਜੈਕਟ ਤੇ ਕੰਮ ਇਸੇ ਸਾਲ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ ਅਤੇ ਇਸ ਦੇ 2024 ਦੇ ਸ਼ੁਰੂ ਵਿੱਚ ਹੀ ਚਾਲੂ ਹੋ ਜਾਣ ਦੀ ਟੀਚਾ ਵੀ ਰੱਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਅਜਿਹਾ ਹੀ ਇੱਕ 110 ਮਿਲੀਅਨ ਡਾਲਰਾਂ ਦਾ ਪ੍ਰਾਜੈਕਟ ਟੀ4 ਸਦਰਲੈਂਡ ਤੋਂ ਕਰੋਨੂਲਾ ਲਾਈਨ ਉਪਰ ਵੀ ਇਸੇ ਸਾਲ ਦੇ ਸ਼ੁਰੂ ਵਿੱਚ ਸਹੀਬੱਧ ਕੀਤਾ ਗਿਆ ਹੈ।

Install Punjabi Akhbar App

Install
×