ਨਿਊ ਸਾਊਥ ਵੇਲਜ਼ ਦੇ 2 ਬਿਲੀਅਨ ਡਾਲਰ ਵਾਲੇ ਵਿਕਾਸ ਕਾਰਜਾਂ ਦੇ ਕੰਮਾਂ ਲਈ ਫੰਡ ਵਿੱਚ ਇਜ਼ਾਫ਼ਾ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਦਰਸਾਇਆ ਗਿਆ ਹੈ ਕਿ ਰਾਜ ਸਰਕਾਰ ਵੱਲੋਂ ਰਾਜ ਅੰਦਰਲੇ ਪਰਵਾਰਾਂ ਅਤੇ ਉਦਯੋਗ ਧੰਦਿਆਂ ਨੂੰ ਉਪਰ ਚੁੱਕਣ ਵਾਸਤੇ 2020-21 ਦੇ ਬਜਟ ਅੰਦਰ ਆਉਣ ਵਾਲੇ 2 ਸਾਲਾਂ ਲਈ 300 ਮਿਲੀਅਨ ਡਾਲਰਾਂ ਦਾ ਨਵਾਂ ਪ੍ਰਾਵਧਾਨ ਰੱਖਿਆ ਗਿਆ ਹੈ ਅਤੇ ਇਸ ਨਾਲ ਸਰਕਾਰ ਵੱਲੋਂ ਮਿੱਥੇ ਗਏ 2 ਬਿਲੀਅਨ ਡਾਲਰਾਂ ਦੇ ਫੰਡ ਵਿੱਚ ਹੋਰ ਵੀ ਵਾਧਾ ਹੋਇਆ ਹੈ। ਇਸ ਵਿੱਚ ਸਰਕਾਰ ਨੇ ਇਸ ਵਿੱਚ 100 ਮਿਲੀਅਨ ਡਾਲਰਾਂ ਦਾ ਸਟਰਾਂਗਰ ਕੰਟਰੀ ਕਮਿਊਨਿਟੀਜ਼ ਫੰਡ ਵੀ ਸ਼ਾਮਿਲ ਕੀਤਾ ਹੈ ਅਤੇ ਇਸ ਨਾਲ ਜ਼ਮੀਨੀ ਪੱਧਰ ਉਪਰ ਹੋਣ ਵਾਲੀਆਂ ਡਿਵੈਲਪਮੈਂਟ ਦੀਆਂ ਪ੍ਰੀਯੋਜਨਾਵਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਜਨਤਕ ਤੌਰ ਤੇ ਨਵੀਆਂ ਸੁਵਿਧਾਵਾਂ ਪ੍ਰਧਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਹੋਰ 75 ਮਿਲੀਅਨ ਡਾਲਰ ਦਾ ਫੰਡ ਮਾਈਨਿੰਗ ਖੇਤਰਾਂ ਦੇ ਕਸਬਿਆਂ ਅਤੇ ਭਾਈਚਾਰਿਆਂ ਦੀਆਂ ਬੁਨਿਆਦੀ ਸਹੂਲਤਾਂ ਦੇ ਇਜ਼ਾਫ਼ੇ ਲਈ ਵੀ ਰੱਖਿਆ ਗਿਆ ਹੈ। ਇਸ ਨਾਲ ਸਮੁੱਚੇ ਰਾਜ ਅੰਦਰ -ਪੇਂਡੂ, ਸ਼ਹਿਰੀ, ਰੌਜ਼ਗਾਰ, ਕੰਮ-ਧੰਦਿਆਂ ਆਦਿ ਹਰ ਤਰਫ਼ ਹੀ ਸਹੂਲਤਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਕੰਮਾਂ ਵਾਸਤੇ, 2 ਬਿਲੀਅਨ ਡਾਲਰਾਂ ਦਾ ਫੰਡ 2017 ਵਿੱਚ ਰਾਜ ਸਰਕਾਰ ਵੱਲੋਂ ਮਿੱਥਿਆ ਗਿਆ ਸੀ ਅਤੇ ਹੁਣ ਤੱਕ 1.7 ਬਿਲੀਅਨ ਡਾਲਰਾਂ ਦਾ ਨਿਵੇਸ਼ ਛੋਟੇ-ਵੱਡੇ 2100 ਤੋਂ ਵੀ ਜ਼ਿਆਦਾ ਪ੍ਰਾਜੈਕਟਾਂ ਵਿੱਚ ਹੋ ਚੁਕਿਆ ਹੈ ਅਤੇ ਇਨ੍ਹਾਂ ਪ੍ਰਾਜੈਕਟਾਂ ਦੇ ਨਤੀਜੇ ਵੀ ਜਨਤਕ ਤੌਰ ਤੇ ਜ਼ਾਹਿਰ ਕੀਤਾ ਗਏ ਹਨ ਅਤੇ ਲਗਾਤਾਰ ਜ਼ਾਹਿਰ ਹੋ ਵੀ ਰਹੇ ਹਨ। ਇਸ ਤੋਂ ਇਲਾਵਾ ਰਾਜ ਅੰਦਰ ਹੋਰ 125 ਮਿਲੀਅਨ ਡਾਲਰਾਂ ਦਾ ਨਿਵੇਸ਼ ਸੈਰ-ਸਪਾਟਾ ਅਤੇ ਰਾਜ ਸਰਕਾਰ ਦੀ ਅਰਥ-ਵਿਵਸਥਾ ਵਿੱਚ ਨਿਖਾਰ ਲਿਆਉਣ ਵਾਸਤੇ ਵੀ ਕੀਤਾ ਜਾ ਰਿਹਾ ਹੈ। ਜ਼ਿਆਦਾ ਜਾਣਕਾਰੀ ਵਾਸਤੇ www.nsw.gov.au/regionalgrowthfund ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×