ਐਮ.ਪੀ. ਮਾਈਕਲ ਜੋਹਨਸਨ ਆਪਣੇ ਮਾੜੇ ਵਿਵਹਾਰ ਕਾਰਨ ਫੌਰਨ ਦੇਵੇ ਅਸਤੀਫ਼ਾ -ਜੋਹਨ ਬੈਰੀਲੈਰੋ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜ਼ੋਰਦਾਰ ਮੰਗ ਕੀਤੀ ਹੈ ਕਿ ਅਪਰ ਹੰਟਰ ਐਮ.ਪੀ. ਮਾਈਕਲ ਜੋਹਨਸਨ ਆਪਣੇ ਗਲਤ ਵਿਵਹਾਰ ਅਤੇ ਸ਼ਿਸ਼ਟਾਚਾਰ ਕਾਰਨ ਫੌਰਨ ਅਸਤੀਫਾ ਦੇਵੇ ਕਿਉਂਕਿ ਉਸ ਉਪਰ ਇਲਜ਼ਾਮ ਲੱਗੇ ਹਨ ਕਿ ਉਸਨੇ ਇੱਕ ਮਹਿਲਾ ਸੈਕਸ ਵਰਕਰ ਨੂੰ ਪਾਰਲੀਮੈਂਟ ਦੇ ਅੰਦਰ ਹੀ ਉਸ ਨਾਲ ਸਰੀਰਕ ਸੰਬੰਧ ਬਣਾਉਣ ਵਾਸਤੇ ਪੈਸੇ ਦੇਣ ਦੀ ਆਫ਼ਰ ਕੀਤੀ ਸੀ ਜੋ ਕਿ ਆਸਟ੍ਰੇਲੀਆਈ ਰਾਜਨੀਤੀ, ਮਰਿਆਦਾ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ ਅਤੇ ਸਮੁੱਚੇ ਦੇਸ਼ ਅੰਦਰ ਹੀ ਅਜਿਹੀਆਂ ਕਰਤੂਤਾਂ ਨਾਲ ਹਰ ਤਰਫ ਬਖੇੜਾ ਖੜ੍ਹਾ ਹੋਇਆ ਹੈ ਜਿਸ ਵਿੱਚ ਕਿ ਹਰ ਰੋਜ਼ ਹੀ ਕੋਈ ਨਾ ਕੋਈ ਰਾਜਨੀਤਿਕ ਆਦਿ ਫੱਸ ਰਹੇ ਹਨ।
ਦਰਅਸਲ ਸ੍ਰੀ ਜੋਹਨਸਨ ਉਪਰ ਇਸ ਤੋਂ ਪਹਿਲਾਂ ਵੀ ਇੱਕ ਆਰੋਪ ਲੱਗਿਆ ਸੀ ਕਿ ਉਨ੍ਹਾਂ ਨੇ ਉਕਤ ਮਹਿਲਾ ਦਾ ਸਾਲ 2019 ਵਿਚ ਬਲੂ ਮਾਊਂਟੇਨਜ਼ ਵਿਖੇ ਸਰੀਰਕ ਸ਼ੋਸ਼ਣ ਕੀਤਾ ਸੀ ਅਤੇ ਇਸ ਤੋਂ ਇਨਕਾਰ ਕਰਦਿਆਂ ਜੋਹਨਸਨ ਛੁੱਟੀ ਉਪਰ ਚਲੇ ਗਏ ਸਨ ਅਤੇ ਉਨ੍ਹਾਂ ਨੇ ਕਾਰਸਬੈਂਚ ਉਪਰ ਬੈਠਣਾ ਵੀ ਮਨਜ਼ੂਰ ਕਰ ਲਿਆ ਸੀ।
ਪਰੰਤੂ ਸ੍ਰੀ ਬੈਰੀਲੈਰੋ ਦਾ ਮੰਨਣਾ ਅਤੇ ਕਹਿਣਾ ਹੈ ਕਿ ਦੇਸ਼ ਅੰਦਰ ਅਜਿਹੀਆਂ ਕਾਰਨਾਮਿਆਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਆਸਟ੍ਰੇਲੀਆ ਦੀ ਰਾਜਨੀਤੀ ਦਾ ਇਹ ਦੌਰ, ਬਹੁਤ ਹੀ ਮਾੜਾ ਗੁਜ਼ਰ ਰਿਹਾ ਹੈ ਅਤੇ ਇਸ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਤਾਂ ਇਹ ਹੈ ਕਿ ਸ੍ਰੀ ਜੋਹਨਸਨ ਨੂੰ ਆਪਣੇ ਅਹੁਦਿਆਂ ਤੋਂ ਹੀ ਨਹੀਂ ਸਗੋਂ ਆਪਣੀ ਐਮ.ਪੀ. ਵਾਲੀ ਸੀਟ ਤੋਂ ਵੀ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਤਾਂ ਕਿ ਰਾਜਨੀਤੀ ਦੀ ਮਰਿਆਦਾ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਥੋੜ੍ਹਾ ਬਹੁਤ ਕਾਇਮ ਰੱਖਿਆ ਜਾ ਸਕੇ।
ਉਪਰੋਕਤ ਜ਼ਿਕਰ ਅਧੀਨ ਸੈਕਸ ਵਰਕਰ ਮਹਿਲਾ ਦਾ ਕਹਿਣਾ ਹੈ ਕਿ ਸ੍ਰੀ ਜੋਹਨਸਨ ਨੇ 2019 ਵਿੱਚ ਉਸਦੀ ਆਨਲਾਈਨ ਮਸ਼ਹੂਰੀ ਨੂੰ ਦੇਖਦਿਆਂ ਉਸ ਨਾਲ ਰਾਬਤਾ ਕਾਇਮ ਕਰਨਾ ਚਾਹਿਆ ਸੀ ਅਤੇ ਉਸਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਮੈਸੇਜ ਦਾ ਆਦਾਨ ਪ੍ਰਦਾਨ ਵੀ ਕੀਤਾ ਸੀ ਅਤੇ ਬਾਅਦ ਵਿੱਚ ਉਸੇ ਸਾਲ ਸ੍ਰੀ ਜੋਹਨਸਨ ਵੱਲੋਂ ਉਕਤ ਮਹਿਲਾ ਦੀ ਮਰਜ਼ੀ ਤੋਂ ਬਿਨ੍ਹਾਂ, ਉਸ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਗਿਆ ਸੀ।
ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਦਾ ਕਹਿਣਾ ਹੈ ਕਿ ਇਹ ਮਾਮਲਾ ਪੁਲਿਸ ਦਾ ਹੈ ਅਤੇ ਜਦੋਂ ਤੱਕ ਪੁਲਿਸ ਆਪਣੀ ਪੜਤਾਲ ਪੂਰੀ ਨਹੀਂ ਕਰ ਲੈਂਦੀ, ਕੁੱਝ ਵੀ ਕਹਿਣਾ ਵਾਜਿਬ ਨਹੀਂ ਹੋਵੇਗਾ ਅਤੇ ਸਾਨੂੰ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਪਰੰਤੂ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਹਨ ਤਾਂ ਸ੍ਰੀ ਜੋਹਨਸਨ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਉਹ ਆਪਣੀ ਸੀਟ ਤੋਂ ਅਸਤੀਫ਼ਾ ਦੇ ਦੇਣ।

Install Punjabi Akhbar App

Install
×