ਨਿਊ ਸਾਊਥ ਵੇਲਜ਼ ਅੰਦਰ ਕੋਵਿਡ-19 ਵੈਕਸੀਨ ਪ੍ਰੋਗਰਾਮ ਦੀ ਸ਼ੁਰੂਆਤ 22 ਫਰਵਰੀ ਤੋਂ

ਰਾਜ ਸਰਕਾਰ ਵੱਲੋਂ ਜਾਰੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਸੋਮਵਾਰ, ਫਰਵਰੀ ਦੀ 22 ਤਾਰੀਖ ਤੋਂ ਰਾਜ ਭਰ ਵਿੱਚ 35,000 ਤੋਂ ਵੀ ਜ਼ਿਆਦਾ ਅਜਿਹੇ ਸਟਾਫ ਮੈਂਬਰ ਜੋ ਕਿ ਕਰੋਨਾ ਦੇ ਜ਼ਿਆਦਾ ਜੋਖਮ ਵਿੱਚ ਕੰਮ ਕਰਦੇ ਹਨ, ਨੂੰ ਕੋਵਿਡ-19 ਤੋਂ ਬਚਾਉ ਵਾਲੀ ਵੈਕਸੀਨ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਦੱਸਿਆ ਕਿ ਪਹਿਲੀ ਚਰਣ ਦੇ ਤਿੰਨ ਹਫ਼ਤਿਆਂ ਦੇ ਪ੍ਰੋਗਰਾਮ ਅਧੀਨ ਫਾਈਜ਼ਰ ਵੈਕਸੀਨ ਦੇਣ ਦਾ ਸ਼ੁਰੂਆਤੀ ਕੰਮ ਕੁਆਰਨਟੀਨ ਹੋਟਲਾਂ ਦੇ ਸਟਾਫ, ਏਅਰਪੋਰਟ ਦੇ ਸਕਰੀਨਿੰਗ ਵਿਭਾਗ ਦੇ ਸਟਾਫ, ਸਿਹਤ ਅਤੇ ਸਫਾਈ ਕਰਮਚਾਰੀਆਂ ਤੋਂ ਇਲਾਵਾ ਨਿਊ ਸਾਊਥ ਵੇਲਜ਼ ਦੇ ਪੁਲਿਸ ਮੁਲਾਜ਼ਮਾਂ, ਅਧਿਕਾਰੀਆਂ ਅਤੇ ਸੁਰੱਖਿਆ ਦਸਤਿਆਂ ਤੋਂ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਵਿੱਚ ਕਰੋਨਾ ਟੈਸਟਾਂ ਆਦਿ ਦੇ ਕਲਿਨਿਕਾਂ ਦੇ ਸਟਾਫ, ਐਂਬੂਲੈਂਸ ਸਟਾਫ, ਕੋਵਿਡ ਵਾਰਡ ਵਿੱਚ ਕੰਮ ਕਰਨ ਵਾਲੇ, ਅਤੇ ਸਿੱਧੇ ਤੌਰ ਤੇ ਸਬੰਧਤ ਸਟਾਫ ਮੈਂਬਰ ਅਤੇ ਅਧਿਕਾਰੀ ਵੀ ਸ਼ਾਮਿਲ ਹੋਣਗੇ। ਸ਼ੁਰੂਆਤੀ ਦੌਰ ਵਿੱਚ ਉਕਤ ਵੈਕਸੀਨ ਨੂੰ ਵੈਸਟਮੀਡ, ਲਿਵਰਪੂਲ ਅਤੇ ਰਾਇਲ ਪ੍ਰਿੰਸ ਐਲਫਰਡ ਹਸਪਤਾਲਾਂ ਵਿੱਚ ਦੇਣ ਦੀ ਵਿਵਸਥਾ ਕੀਤੀ ਗਈ ਹੈ।
ਮੁੱਖ ਸਿਹਤ ਅਧਿਕਾਰੀ ਡਾ. ਕੈਰੀ ਚੈਂਟ ਨੇ ਸਰਕਾਰ ਦੀ ਇਸ ਪਹਿਲ ਕਦਮੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਬਰਜਿਕਲੀਅਨ ਸਰਕਾਰ ਆਪਣਾ ਹਰ ਫੈਸਲਾ ਜਨਤਕ ਭਲਾਈ ਲਈ ਹੀ ਲੈਂਦੀ ਹੈ ਅਤੇ ਹੁਣ ਕੋਵਿਡ-19 ਵੈਕਸੀਨ ਦੇ ਵਿਤਰਣ ਸਬੰਧੀ ਜਿਹੜੀ ਰਣਨੀਤੀ ਬਣਾਈ ਗਈ ਹੈ ਉਹ ਸਮਾਂ ਅਤੇ ਪ੍ਰਸਥਿਤੀਆਂ ਅਨੁਸਾਰ ਪੂਰਨ ਰੂਪ ਵਿੱਚ ਅਨੁਕੂਲ ਹੈ ਅਤੇ ਸੰਪੂਰਨ ਤੌਰ ਤੇ ਹੀ ਜਨਹਿਤ ਵਿੱਚ ਹੈ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ www.nsw.gov.au/covid-19 ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×