ਨਿਊ ਸਾਊਥ ਵੇਲਜ਼ ਵਿੱਚ ਹਜ਼ਾਰਾਂ ਲੋਕ ਕ੍ਰਿਸਮਿਸ ਮਨਾਉਣਗੇ… ਆਈਸੋਲੇਸ਼ਨ ਵਿੱਚ….?

ਨਿਊ ਸਾਊਥ ਵੇਲਜ਼ ਦੇ ਹਜ਼ਾਰਾਂ ਹੀ ਨਿਵਾਸੀ, ਇਸ ਕ੍ਰਿਸਮਿਸ ਦੇ ਤਿਉਹਾਰ ਸਮੇਂ ਆਈਸੋਲੇਸ਼ਨ ਵਿੱਚ ਹਨ ਅਤੇ ਮਜਬੂਰੀ ਵਸ ਉਨ੍ਹਾਂ ਨੂੰ ਇਹ ਕ੍ਰਿਸਮਿਸ ਦਾ ਤਿਉਹਾਰ, ਆਪਣੇ ਬੰਦ ਘਰਾਂ ਅੰਦਰ ਹੀ ਮਨਾਉਣਾ ਪੈ ਰਿਹਾ ਹੈ ਅਤੇ ਇਯ ਦਾ ਸਿਹਰਾ ਵੱਧਦੇ ਹੋਏ ਕਰੋਨਾ ਮਾਮਲਿਆਂ ਅਤੇ ਓਮੀਕਰੋਨ ਵਾਲੇ ਮਾਮਲਿਆਂ ਦੇ ਸਿਰ ਬੱਝਦਾ ਹੈ।
ਰਾਜ ਵਿੱਚ ਕਰੋਨਾ ਦੇ ਨਵੇਂ ਆਂਕੜੇ ਦਰਸਾਉਂਦੇ ਹਨ ਕਿ ਨਿਤ ਪ੍ਰਤੀ ਦਿਨ ਕਰੋਨਾ ਪੀੜਿਤਾਂ ਦੀ ਦਰ ਵਿੱਚ ਲਾਗਾਤਾਰ ਵਾਧਾ ਹੋ ਰਿਹਾ ਹੈ ਅਤੇ ਬੀਤੇ 24 ਘੰਟਿਆਂ ਦੌਰਾਨ ਵੀ ਰਾਜ ਵਿੱਚ 5715 ਕਰੋਨਾ ਦੇ ਨਵੇਂ ਮਾਮਲੇ ਪਾਏ ਗਏ ਹਨ ਅਤੇ ਇਸ ਦੇ ਨਾਲ ਹੀ 1 ਸ਼ਖ਼ਸ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਦੇ ਸਿਹਤ ਅਧਿਕਾਰੀ ਅਧਿਕਾਰੀ ਲਗਾਤਾਰ ਸਰਕਾਰ ਉਪਰ ਦਬਾਅ ਬਣਾ ਰਹੇ ਹਨ ਕਿ ਜਨਤਕ ਤੌਰ ਤੇ ਮੂੰਹਾਂ ਉਪਰ ਮਾਸਕ ਪਾਉਣੇ ਲਾਜ਼ਮੀ ਕਰ ਦਿੱਤੇ ਜਾਣ ਪਰੰਤੂ ਪ੍ਰੀਮੀਅਰ ਹਾਲੇ ਇਸੇ ਗੱਲ ਉਪਰ ਬਾਜ਼ਿੱਦ ਹਨ ਕਿ ਹਾਲ ਦੀ ਘੜੀ ਮਾਸਕ ਕੇਵਲ ਅਤੇ ਕੇਵਲ ਜ਼ਿਆਦਾ ਜੋਖਮ ਵਾਲੇ ਖੇਤਰਾਂ ਵਿੱਚ ਹੀ ਲਾਜ਼ਮੀ ਰੱਖੇ ਜਾਣਗੇ।

ਉਧਰ ਬੀਤੇ ਕੱਲ੍ਹ ਵਾਲੀ ਕੌਮੀ ਪੱਧਰ ਦੀ ਕੈਬਨਿਟ ਮੀਟਿੰਗ ਵਿੱਚ ਪ੍ਰੀਮੀਅਰ ਡੋਮੀਨਿਕ ਪੈਰੋਟੈਟ ਨੇ ਫੈਡਰਲ ਸਰਕਾਰ ਅੱਗੇ ਗੁਹਾਰ ਲਗਾਈ ਕਿ ਦੇਸ਼ ਭਰ ਵਿੱਚ ਕਰੋਨਾ ਦੀਆਂ ਟੈਸਟਿੰਗ ਵਿੱਚ ਜੋ ਦੇਰੀ ਆਦਿ ਹੋ ਰਹੇ ਹਨ, ਉਸ ਤੋਂ ਨਿਕਲਣ ਵਾਸਤੇ ਲੋਕਾਂ ਨੂੰ ਰੈਪਿਡ ਟੈਸਟ ਕਿਟਾਂ ਮੁਹੱਈਆ ਕਰਵਾਈਆਂ ਜਾਣ ਜੋ ਕਿ ਇਸ ਸਮੇਂ ਬਹੁਤ ਹੀ ਘੱਟ ਮਾਤਰਾ ਵਿੱਚ ਉਪਲੱਭਧ ਹਨ ਅਤੇ ਮਹਿੰਗੀਆਂ ਵੀ ਹਨ। ਇਸ ਨਾਲ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਟੈਸਟਿੰਗ ਕਲਿਨਿਕਾਂ ਉਪਰ ਵਾਧੂ ਦਾ ਭਾਰ ਘਟੇਗਾ ਅਤੇ ਲੋਕਾਂ ਦਾ ਮਨੋਬਲ ਵੀ ਵੱਧੇਗਾ।
ਉਨ੍ਹਾਂ ਕਿਹਾ ਕਿ ਇੱਕ ਤਾਂ ਤਿਉਹਾਰ ਦਾ ਮੌਸਮ ਹੈ, ਉਤੋਂ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਕਰੋਨਾ ਦੇ ਟੈਸਟ ਲਈ ਖੜ੍ਹੀਆਂ ਹਨ ਅਤੇ ਉਨ੍ਹਾਂ ਦੇ ਪੀ.ਸੀ.ਆਰ. ਟੈਸਟਾਂ ਦੇ ਨਤੀਜਿਆਂ ਲਈ ਇੰਤਜ਼ਾਰ ਵੀ ਘੱਟੋ ਘੱਟ 72 ਘੰਟਿਆਂ ਦਾ ਕਰਨਾ ਪੈਂਦਾ ਹੈ। ਇਸ ਸਭ ਤੋਂ ਛੁਟਕਾਰਾ ਕੇਵਲ ਅਤੇ ਕੇਵਲ ਰੈਪਿਡ ਟੈਸਟਿੰਗ ਕਿਟਾਂ ਹੀ ਦਿਵਾ ਸਕਦੀਆਂ ਹਨ।

Install Punjabi Akhbar App

Install
×