
ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਆਂਕੜੇ ਦਰਸਾਉਂਦੇ ਹਨ ਕਿ ਨਿਊ ਸਾਊਥ ਵੇਲਜ਼ ਵਿੱਚ ਦਿਨ ਪ੍ਰਤੀ ਦਿਨ ਕਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ ਅਤੇ ਹਰ ਰੋਜ਼ ਦਾ ਨਵਾਂ ਆਂਕੜਾ ਬੀਤੇ ਦਿਨਾਂ ਦੇ ਆਂਕੜਿਆਂ ਵਾਲਾ ਰਿਕਾਰਡ ਤੋੜ ਕੇ ਅੱਗੇ ਆ ਖੜੋਂਦਾ ਹੈ।
ਅੱਜ ਦੇ ਆਂਕੜਿਆਂ ਮੁਤਾਬਿਕ, ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 2482 ਮਾਮਲੇ ਦਰਜ ਹੋਏ ਹਨ ਅਤੇ ਇੱਕ ਵਿਅਕਤੀ ਦੇ ਇਸ ਭਿਆਨਕ ਬਿਮਾਰੀ ਕਾਰਨ ਫੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਰਾਜ ਭਰ ਵਿੱਚ ਇਸ ਸਮੇਂ 206 ਕਰੋਨਾ ਮਰੀਜ਼ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਿਨ੍ਹਾਂ ਵਿੱਚੋਂ ਕਿ 26 ਆਈ.ਸੀ.ਯੂ. ਵਿੱਚ ਹਨ।
ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਬਾਰੇ ਆਂਕੜੇ ਦਰਸਾਉਂਦੇ ਹਨ ਕਿ ਰਾਜ ਵਿੱਚ 16 ਸਾਲ ਅਤੇ ਇਸਤੋਂ ਉਪਰ ਵਾਲੇ ਉਮਰ ਵਰਗ ਦੇ 93.3% ਲੋਕ ਪੂਰਨ ਰੂਪ ਵਿੱਚ ਵੈਕਸੀਨ ਦੀਆਂ ਡੋਜ਼ਾਂ ਲੈ ਚੁਕੇ ਹਨ ਅਤੇ 12 ਤੋਂ 15 ਸਾਲ ਤੱਕ ਦੇ ਕਿਸ਼ੌਰਾਂ ਵਾਲੇ ਉਮਰ ਵਰਗ ਵਿੱਚ ਇਹ ਦਰ 78% ਹੈ।
ਪ੍ਰੀਮੀਅਰ ਡੋਮਿਨਿਕ ਪੈਰੋਟੈ ਨੇ ਬੀਤੇ ਇੱਕ ਹਫ਼ਤੇ ਦੌਰਾਨ ਹੀ ਕਰੋਨਾ ਮਾਮਲਿਆਂ ਵਿੱਚ ਇੰਨੀ ਭਾਰੀ ਗਿਣਤੀ ਵਿਚ ਹੋਏ ਵਾਧੇ ਕਾਰਨ ਚਿੰਤਾ ਪ੍ਰਗਟਾਈ ਹੈ ਅਤੇ ਲੋਕਾਂ ਨੂੰ ਸੁਚੇਤ ਕਰਦਿਆਂ ਅਹਿਤਿਆਦ ਵਰਤਣ ਦੀ ਤਾਕੀਦ ਵੀ ਕੀਤੀ ਹੈ।