ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਅੱਜ ਦੇ ਆਪਣੇ ਐਲਾਨਨਾਮੇ ਰਾਹੀਂ ਰਾਜ ਭਰ ਵਿੱਚ ਕਰੋਨਾ ਦੇ ਆਂਕੜੇ ਜਾਰੀ ਕਰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 170 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਉਨ੍ਹਾਂ ਨੇ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲਾਕਡਾਊਨ ਜਨਤਕ ਸੁਰੱਖਿਆ ਲਈ ਹੈ ਅਤੇ ਇਸ ਦੇ ਖ਼ਿਲਾਫ਼ ਮੁਜਾਹਰੇ ਕਰਨ ਵਾਲੇ ਆਪਣੇ ਕੰਮਾਂ ਤੋਂ ਗੁਰੇਜ਼ ਕਰਨ ਅਤੇ ਇਕੱਠਾਂ ਵਿੱਚ ਸ਼ਾਮਿਲ ਨਾ ਹੋਣ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਨਵੇਂ ਮਾਮਲਿਆਂ ਵਿੱਚੋਂ 65 ਮਾਮਲੇ ਤਾਂ ਪਹਿਲਾਂ ਤੋਂ ਹੀ ਆਈਸੋਲੇਸ਼ਨ ਵਿੱਚ ਹੀ ਹਨ ਜਦੋਂ ਕਿ 10 ਥੋੜ੍ਹੇ ਸਮੇਂ ਤੋਂ ਆਈਸੋਲੇਸ਼ਨ ਵਿੱਚ ਅਤੇ ਉਨ੍ਹਾਂ ਦਾ ਥੋੜ੍ਹਾ ਸਮਾਂ ਇਨਫੈਕਸ਼ਨ ਦੌਰਾਨ ਬਾਹਰ ਵੀ ਗੁਜ਼ਰਿਆ ਹੈ। 42 ਲੋਕ ਸਮਾਜਿਕ ਭਾਈਚਾਰਿਆਂ ਵਿੱਚੋਂ ਹੀ ਕਰੋਨਾ ਪ੍ਰਭਾਵਿਤ ਹੋਏ ਹਨ ਅਤੇ 53 ਮਾਮਲਿਆਂ ਦੀ ਪੜਤਾਲ ਜਾਰੀ ਹੈ।
ਅੱਜ ਤੋਂ ਸਿਡਨੀ ਓਲੰਪਿਕ ਪਾਰਕ ਵਿੱਚ 12ਵੇਂ ਸਾਲ ਦੇ ਵਿਦਿਆਰਥੀਆਂ ਨੂੰ ਵੀ ਕਰੋਨਾ ਵੈਕਸੀਨ ਦਿੱਤੀ ਜਾਣੀ ਸ਼ੁਰੂ ਕੀਤੀ ਗਈ ਹੈ।
ਪ੍ਰੀਮੀਅਰ ਨੇ ਕਿਹਾ ਕਿ ਰਾਜ ਭਰ ਵਿੱਚ ਵੈਕਸੀਨੇਸ਼ਨ ਸੈਂਟਰਾਂ ਉਪਰ ਹਾਲ ਵਿੱਚ ਦਿੱਤੀ ਜਾ ਰਹੀਆਂ 60,000 ਡੋਜ਼ਾਂ ਪ੍ਰਤੀ ਹਫ਼ਤਾ ਹਨ ਜਿਨ੍ਹਾਂ ਨੂੰ ਸਰਕਾਰ ਨੇ ਵਧਾ ਕੇ 350,000 ਡੋਜ਼ਾਂ ਪ੍ਰਤੀ ਹਫ਼ਤਾ ਕਰਨ ਦਾ ਟੀਚਾ ਮਿੱਥਿਆ ਹੈ।