
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਜਨਤਕ ਕਰਦਿਆਂ ਦੱਸਿਆ ਕਿ ਬੀਤੇ 24 ਘੰਟਿਆਂ ਦੌਰਾਨ ਰਾਜ ਅੰਦਰ ਕੋਵਿਡ-19 ਦੇ 18 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਨੂੰ ਸਿਡਨੀ ਵਿਚਲਾ ਦੂਸਰਾ ਕਲਸਟਰ ਮੰਨਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸੇ ਸਮੇਂ ਦੌਰਾਨ 17,000 ਲੋਕਾਂ ਨੇ ਆਪਣੇ ਕਰੋਨਾ ਟੈਸਟ ਕਰਵਾਏ ਹਨ ਅਤੇ ਉਨ੍ਹਾਂ ਲੋਕਾਂ ਨੂੰ ਮੁੜ ਤੋਂ ਅਪੀਲ ਕਰਦਿਆਂ ਕਿਹਾ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਆਪਣੇ ਕਰੋਨਾ ਟੈਸਟ ਕਰਵਾਉ। ਉਪਰੋਕਤ ਮਿਲੇ 18 ਮਾਮਲਿਆਂ ਵਿੱਚੋਂ 9 ਮਾਮਲੇ ਤਾਂ ਐਵਲਨ ਕਲਸਟਰ ਨਾਲ ਹੀ ਸਬੰਧਤ ਹਨ ਅਤੇ ਇਸ ਨਾਲ ਐਵਲਨ ਕਲਸਟਰ ਵਿਚਲੇ ਕਰੋਨਾ ਦੇ ਮਾਮਲਿਆਂ ਦੀ ਗਿਣਤੀ 138 ਤੱਕ ਪਹੁੰਚ ਗਈ ਹੈ। 6 ਮਾਮਲਿਆਂ ਨੂੰ ਸਿਡਨੀ ਅਤੇ ਅੰਦਰੂਨ ਵਿੱਚ ਫੈਲੇ ਇੱਕ ਹੋਰ ਕਲਸਟ ਨਾਲ ਜੋੜਿਆ ਗਿਆ ਹੈ ਜੋ ਕਿ ਕਰੋਇਡਨ ਕਲਸਟਰ ਦੇ ਨਾਮ ਨਾਲ ਜਾਣਿਆ ਗਿਆ ਹੈ। ਇਸ ਨਵੇਂ ਕਲਸਟਰ ਨਾਲ ਸਬੰਧਤ ਹੁਣ ਤੱਕ 34 ਨਜ਼ਦੀਕੀ ਸੰਪਰਕ ਵੀ ਪਛਾਣੇ ਜਾ ਚੁਕੇ ਹਨ ਅਤੇ ਤਾਕੀਦਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ 6 ਜਣੇ ਇੱਕ ਹੀ ਪਰਿਵਾਰ ਦੇ ਮੈਂਬਰ ਹਨ ਅਤੇ ਸਾਰਿਆਂ ਨੂੰ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 3 ਹੋਰ ਮਾਮਲਿਆਂ ਦੀ ਜਾਂਚ ਚਲ ਰਹੀ ਹੈ ਜਿਨ੍ਹਾਂ ਵਿੱਚੋਂ ਇੱਕ ਤਾਂ ਉਤਰੀ ਬੀਚਾਂ ਨਾਲ ਸਬੰਧਤ ਹੈ ਅਤੇ ਦੋ ਮਾਤਲੇ ਵੂਲੂਨਗੌਂਗ ਵਿੱਚ ਹਨ। ਪ੍ਰੀਮੀਅਰ ਨੇ ਲੋਕਾਂ ਨੂੰ ਤਾਕੀਦ ਭਰੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਭਿਆਨਕ ਬਿਮਾਰੀ ਦਾ ਹਾਲ ਦੀ ਘੜੀ ਵਿੱਚ ਜਿਹੜਾ ਬਚਾਉ ਹੈ ਉਹ ਹੈ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪੂਰਨ ਰੂਪ ਵਿੱਚ ਪਾਲਣਾ ਕਰਨਾ ਅਤੇ ਇਸੇ ਨਾਲ ਹੀ ਸਾਰਿਆਂ ਦਾ ਬਚਾਉ ਅਤੇ ਭਲਾਈ ਹੈ।