ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨੇ ਕਰੋਨਾ ਕਾਰਨ ਮੌਤ ਦੇ ਮੂੰਹ ਵਿੱਚ ਜਾਣ ਵਾਲਿਆਂ ਪ੍ਰਤੀ ਦੁੱਖ ਜਾਹਰ ਕਰਦਿਆਂ ਕਿਹਾ ਕਿ ਬੀਤੇ 24 ਘੰਟਿਆਂ ਦੋਰਾਨ ਸਾਡੇ 20 ਹੋਰ ਨਾਗਰਿਕ, ਕਰੋਨਾ ਕਾਰਨ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜ ਵਿੱਚ ਇਸੇ ਸਮੇਂ ਦੌਰਾਨ 48,760 ਕਰੋਨਾ ਦੇ ਨਵੇਂ ਮਾਮਲੇ ਦਰਜ ਹੋਏ ਹਨ ਜਿਨ੍ਹਾਂ ਵਿੱਚੋਂ ਕਿ 21,748 ਰੈਪਿਡ ਐਂਟੀਜਨ ਟੈਸਟਾਂ ਦੇ ਅਤੇ 27,020 ਪੀ.ਸੀ.ਆਰ. ਟੈਸਟਾਂ ਦੇ ਨਤੀਜੇ ਹਨ।
ਰਾਜ ਵਿੱਚ ਇਸ ਸਮੇਂ ਕੁੱਲ 2576 ਲੋਕ ਹਸਪਤਾਲਾਂ ਵਿੱਚ ਕਰੋਨਾ ਕਾਰਨ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਵਿੱਚੋਂ 193 ਕਰੋਨਾ ਪੀੜਿਤ ਲੋਕ, ਆਈ.ਸੀ.ਯੂ. ਵਿੱਚ ਵੀ ਭਰਤੀ ਹਨ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੇ ਕੁੱਝ ਹਫ਼ਤੇ ਮੁਸ਼ਕਲਾਂ ਭਰੇ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਦਿਨਾਂ ਵਿੱਚ ਹੀ ਕਰੋਨਾ ਵਾਲਾ ਆਂਕੜਾ ਆਪਣੇ ਉਚਤਮ ਸਤਰ ਤੇ ਪਹੁੰਚਣ ਦੀਆਂ ਸੰਭਾਵਨਾਵਾਂ ਹਨ ਅਤੇ ਇਸ ਦੇ ਮੱਦੇਨਜ਼ਰ ਪੂਰੀ ਤਰ੍ਹਾਂ ਧਿਆਨ ਦੇ ਕੇ ਅਤੇ ਸਚੇਤ ਹੋ ਕੇ ਹੀ ਇਸ ਸਮੇਂ ਨਾਲ ਨਿਪਟਿਆ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਸ਼ੰਕਾ ਜਤਾਈ ਕਿ ਜਦੋਂ ਕਰੋਨਾ ਵਾਲੇ ਮਾਮਲਿਆਂ ਦੇ ਆਂਕੜਿਆਂ ਦਾ ਉਚਤਮ ਸਤਰ ਆਵੇਗਾ ਤਾਂ ਹੋ ਸਕਦਾ ਹੈ ਕਿ 6000 ਲੋਕ ਹਸਪਤਾਲਾਂ ਵਿਖੇ ਭਰਤੀ ਹੋਣ ਅਤੇ ਇਸ ਦੇ ਨਾਲ ਹੀ ਘੱਟੋ ਘੱਟ 10% ਲੋਕਾਂ ਦੇ ਆਈ.ਸੀ.ਯੂ. ਵਿੱਚ ਵੀ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।