ਨਿਊ ਸਾਊਥ ਵੇਲਜ਼ ਵਿੱਚ ਮਿਲੇ 6 ਕਰੋਨਾ ਦੇ ਨਵੇਂ ਮਾਮਲਿਆਂ ਵਿੱਚੋਂ 3 ਉਤਰੀ ਬੀਚਾਂ ਨਾਲ ਸਬੰਧਤ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 6 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚੋਂ 3 ਸਿੱਧੇ ਤੌਰ ਤੇ ਸਿਡਨੀ ਦੇ ਉਤਰੀ ਬੀਚਾਂ ਨਾਲ ਸਬੰਧਤ ਹਨ ਅਤੇ ਜਾਣਕਾਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਾਜ ਅੰਦਰ ਇਸੇ ਸਮੇਂ ਦੌਰਾਨ 16,000 ਤੋਂ ਵੀ ਜ਼ਿਆਦਾ ਲੋਕਾਂ ਨੇ ਆਪਣੇ ਕਰੋਨਾ ਟੈਸਟ ਕਰਵਾਏ ਹਨ। ਨਵੇਂ ਮਿਲੇ 3 ਮਾਮਲੇ ਐਵਲਨ ਕਲਸਟਰ ਨਾਲ ਸਬੰਧਤ ਹਨ ਅਤੇ ਸਾਰਿਆਂ ਨੂੰ ਹੀ ਆਈਸੋਲੇਟ ਕਰ ਦਿੱਤਾ ਗਿਆ ਹੈ। ਦੂਸਰੇ ਤਿੰਨ ਮਾਮਲੇ ਜਿਨ੍ਹਾਂ ਵਿੱਚੋਂ ਇੱਕ ਵੂਲੂਨਗੌਂਗ ਤੋਂ ਵੀ ਹੈ, ਦੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਦੇ ਮੁੱਖ ਸਰੋਤਾਂ ਦਾ ਪਤਾ ਲਗਾ ਲਿਆ ਜਾਵੇਗਾ। ਵੂਲੂਨਗੌਂਗ ਵਾਲੇ ਮਾਮਲੇ ਵਿੱਚ ਉਕਤ ਵਿਅਕਤੀ ਸਿਡਨੀ ਜ਼ਰੂਰ ਗਿਆ ਸੀ ਪਰੰਤੂ ਉਤਰੀ ਬੀਚਾਂ ਨਾਲ ਇਸ ਦਾ ਸਬੰਧ ਸਥਾਪਿਤ ਨਹੀਂ ਹੋਇਆ ਹੈ। ਐਵਲਨ ਕਲਸਟਰ ਨਾਲ ਸਬੰਧਤ ਕਰੋਨਾ ਦੇ ਮਾਮਲਿਆਂ ਦੀ ਗਿਣਤੀ ਹੁਣ 129 ਤੱਕ ਪਹੁੰਚ ਗਈ ਹੈ ਅਤੇ ਪ੍ਰੀਮੀਅਰ ਨੇ ਗ੍ਰੇਟਰ ਸਿਡਨੀ ਦੇ ਖੇਤਰ ਵਿਚਲੇ ਨਿਵਾਸੀਆਂ ਅਤੇ ਕਾਰੋਬਾਰੀਆਂ ਨੂੰ ਵੀ ਇਸ ਬਾਰੇ ਪੂਰਨ ਚੇਤੰਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗ੍ਰੇਟਰ ਸਿਡਨੀ ਅਤੇ ਗ੍ਰੇਟਰ ਨਿਊ ਸਾਊਥ ਵੇਲਜ਼ ਦੇ ਲੋਕਾਂ ਨੂੰ ਤਾਕੀਦ ਹੈ ਕਿ ਉਹ ਪੂਰਨ ਤੋਰ ਤੇ ਅਹਿਤਿਆਦ ਵਰਤਣ ਅਤੇ ਕਰੋਨਾ ਦੇ ਨਿਯਮਾਂ ਆਦਿ ਦੀ ਪੂਰਨ ਤੌਰ ਤੇ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਰਹਿ ਰਹੇ ਲੋਕਾਂ ਨੂੰ ਭਾਵੇਂ ਭੋਰਾ ਕੁ ਵੀ ਅਜਿਹੇ ਕੋਈ ਲੱਛਣ ਦਿਖਾਈ ਦੇਣ ਜਾਂ ਮਹਿਸੂਸ ਹੋਣ ਤਾਂ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰਨ ਅਤੇ ਮੈਡੀਕਲ ਸਹਾਇਤਾ ਅਤੇ ਟੈਸਟਾਂ ਵਾਸਤੇ ਸਹਿਤ ਅਧਿਕਾਰੀਆਂ ਨਾਲ ਸੰਪਰਕ ਕਰਨ। ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਨੇ ਵੀ ਇਸ ਅਪੀਲ ਨੂੰ ਦੁਹਰਾਉਂਦਿਆਂ ਲੋਕਾਂ ਨੂੰ ਜ਼ਿਆਦਾ ਗਿਣਤੀ ਵਿੱਚ ਅੱਗੇ ਆ ਕੇ ਆਪਣੇ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਬੀਤੇ 24 ਘੰਟਿਆਂ ਦੌਰਾਨ ਅਸੀਂ 16,000 ਲੋਕਾਂ ਦੇ ਟੈਸਟ ਕੀਤੇ ਹਨ ਅਤੇ ਉਮੀਦ ਹੈ ਕਿ ਇਹ ਗਿਣਤੀ ਜਲਦੀ ਹੀ 20,000 ਤੋਂ 30,000 ਤੱਕ ਪਹੁੰਚ ਜਾਵੇਗੀ।

Install Punjabi Akhbar App

Install
×