
(ਐਸ.ਐਸ.ਬੀ. ਦੀ ਖ਼ਬਰ ਮੁਤਾਬਿਕ) ਰਾਜ ਦੇ ਸਿਹਤ ਅਧਿਕਾਰੀ ਡਾ. ਸਟੀਫਨ ਕਰੋਬੈਟ ਵੱਲੋਂ ਜਾਰੀ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਬੀਤੇ 24 ਘੰਟਿਆਂ ਅੰਦਰ (ਸ਼ੁਕਰਵਾਰ ਰਾਤ 8 ਵਜੇ ਤੱਕ) ਨਿਊ ਸਾਊਥ ਵੇਲਜ਼ ਅੰਦਰ ਕੋਵਿਡ-19 ਦਾ ਕੋਈ ਵੀ ਨਵਾਂ ਮਾਮਲਾ ਦਰਜ ਨਹੀਂ ਹੋਇਆ ਪਰੰਤੂ ਹੋਟਲ ਕੁਆਰਨਟੀਨ ਨਾਲ ਸਬੰਧਤ ਮੌਜੂਦਾ ਗਿਣਤੀ ਵਿਚ 5 ਦਾ ਇਜ਼ਾਫ਼ਾ ਹੋਇਆ ਹੈ। ਰਾਜ ਅੰਦਰ ਇਸ ਸਮੇਂ ਦੌਰਾਨ 13,000 ਟੈਸਟ ਕੀਤੇ ਗਏ ਹਨ ਅਤੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਲਗਾਤਾਰ ਜਾਰੀ ਹੈ ਅਤੇ ਜਨਤਕ ਥਾਵਾਂ ਉਪਰ ਲੋਕਾਂ ਨੂੰ ਫੇਸ ਮਾਸਕ ਪਾਉਣ ਲਈ ਵੀ ਕਿਹਾ ਜਾ ਰਿਹਾ ਹੈ। ਪਾਬੰਧੀਆਂ ਵਿੱਚ ਛੋਟਾਂ ਦਿੰਦਿਆਂ ਦੱਸਿਆ ਗਿਆ ਕਿ ਹੁਣ ਬਾਹਰੀ ਇਕੱਠਾਂ ਲਈ 30 ਲੋਕ ਇਕੱਠੇ ਹੋ ਸਕਦੇ ਹਨ। 30 ਲੋਕਾਂ ਨੂੰ ਹੀ ਸਥਾਨਕ ਥਾਵਾਂ ਉਪਰ ਬੈਠਣ, ਮਿਲਣ ਗੁਲਣ ਦੀ ਇਜਾਜ਼ਤ ਹੈ। ਧਾਰਮਿਕ ਸਥਾਨਾਂ ਉਪਰ ਹੁਣ 300 ਲੋਕਾਂ ਦੇ ਇਕੱਠ ਨੂੰ ਮਨਜ਼ੂਰੀ ਵੀ ਪਹਿਲਾਂ ਤੋਂ ਹੀ ਦੇ ਦਿੱਤੀ ਗਈ ਹੈ। 500 ਲੋਕਾਂ ਦੇ ਇਕੱਠ ਨੂੰ ਪ੍ਰਦਰਸ਼ਨ ਕਰਨ ਜਾਂ ਹੋਰ ਅਜਿਹੀਆਂ ਗਤੀਵਿਧੀਆਂ ਲਈ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਕਸਰਤ ਵਾਲੀਆਂ ਥਾਵਾਂ -ਜਿਮਾਂ ਆਦਿ ਵਿੱਚ ਕੋਵਿਡ ਮਾਰਸ਼ਲਾਂ ਦੀ ਮੌਜੂਦਗੀ ਵਿੱਚ 20 ਤੋਂ ਜ਼ਿਆਦਾ ਲੋਕ ਇਕੱਠੇ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਦੀਆਂ ਭਾਰੀ ਤੂਫਾਨ ਅਤੇ ਬਾਰਿਸ਼ ਦੀਆਂ ਸੰਭਾਵਨਾਵਾਂ ਕਾਰਨ ਲੋਕਾਂ ਨੂੰ ਹਾਲ ਦੀ ਘੜੀ ਘਰਾਂ ਅੰਦਰ ਹੀ ਰਹਿਣਾ ਪੈ ਸਕਦਾ ਹੈ।