ਅੱਜ ਸਵੇਰ ਨੂੰ ਸਿਹਤ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਆਂਕੜਿਆਂ ਵਿੱਚ ਦਰਸਾਇਆ ਗਿਆ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ ਆਂਕੜਿਆਂ ਵਿੱਚ ਚੋਖਾ ਇਜ਼ਾਫ਼ਾ ਹੋਇਆ ਹੈ ਅਤੇ ਇਹ ਗਿਣਤੀ ਹੁਣ 21,151 ਤੱਕ ਪਹੁੰਚ ਗਈ ਹੈ। ਇਸ ਭਿਆਨਕ ਬਿਮਾਰੀ ਨਾਲ 6 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਰਾਜ ਵਿੱਚ ਇਸ ਸਮੇਂ ਕਰੋਨਾ ਦੇ 763 ਪੀੜਿਤ ਵਿਅਕਤੀ, ਹਸਪਤਾਲਾਂ ਵਿੱਚ ਭਰਤੀ ਹਨ ਅਤੇ ਇਨ੍ਹਾਂ ਵਿੱਚੋਂ 69 ਲੋਕ ਆਈ.ਸੀ.ਯੂ. ਵਿੱਚ ਵੀ ਹਨ।
ਰਾਜ ਵਿੱਚ ਨਵੇਂ ਜਨਤਕ ਐਲਾਨਾਂ ਰਾਹੀਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਕਰੋਨਾ ਆਦਿ ਦੇ ਕੋਈ ਲੱਛਣ ਦਿਖਾਈ ਦਿੰਦੇ ਹਨ ਅਤੇ ਸਰੀਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਾਂ ਫੇਰ ਕਿਸੇ ਕਰੋਨਾ ਮਰੀਜ਼ ਦੇ ਨਜ਼ਦੀਕੀ ਸੰਪਰਕ ਵਿੱਚ ਹੋਣ ਕਾਰਨ ਉਸਨੂੰ ਟੈਸਟ ਆਦਿ ਦੀ ਸਲਾਹ, ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ, ਤਾਂ ਹੀ ਆਪਣਾ ਪੀ.ਸੀ.ਆਰ ਟੈਸਟ ਕਰਵਾਉਣ ਅਤੇ ਆਪਣੇ ਆਪ ਨੂੰ ਆਈਸੋਲੇਟ ਕਰਨ।
ਬੀਤੇ ਕੱਲ੍ਹ ਹੋਈ ਕੌਮੀ ਪੱਧਰ ਦੀ ਕੈਬਨਿਟ ਮੀਟਿੰਗ ਵਿੱਚ ਤਿਆਰ ਕੀਤੀ ਗਈ ਕਰੋਨਾ ਦੇ ਨਜ਼ਦੀਕੀ ਸੰਪਰਕਾਂ ਵਾਲੀ ਪਰਿਭਾਸ਼ਾ ਨੂੰ ਰਾਜ ਵਿੱਚ ਲਾਗੂ ਕਰ ਲਿਆ ਗਿਆ ਹੈ।
ਸਿਡਨੀ ਵਿੱਚ ਆਉਣ ਵਾਲੇ ਅੰਤਰ ਰਾਸ਼ਟਰੀ ਯਾਤਰੀਆਂ ਲਈ ਵੀ ਹੁਣ ਰੈਪਿਡ ਐਂਟੀਜਨ ਟੈਸਟ ਵਾਲਾ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ ਤਾਂ ਕਿ ਕਲਿਨਿਕਾਂ ਉਪਰ ਪਏ ਟੈਸਟਿੰਗ ਦੇ ਜੋਰ ਨੂੰ ਘੱਟ ਕੀਤਾ ਜਾ ਸਕੇ।