ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਮਰੀਜ਼ਾਂ ਦੀ ਤਾਦਾਦ ਵਧੀ…. ਪਰ ਹਸਪਤਾਲਾਂ ਵਿੱਚ ਭਰਤੀ ਘਟੀ

ਇਸੇ ਮਹੀਨੇ ਦੀ ਬੀਤੀ 25 ਤਾਰੀਖ ਤੱਕ ਦੇ ਆਂਕੜੇ ਦਰਸਾਉਂਦੇ ਹਨ ਕਿ ਨਿਊ ਸਾਊਥ ਵੇਲਜ਼ ਰਾਜ ਵਿੱਚ ਬੇਸ਼ੱਕ ਕਰੋਨਾ ਪਾਜ਼ਿਟਿਵ ਲੋਕਾਂ ਦੀ ਗਿਣਤੀ ਤਾਂ ਵਧੀ ਹੈ ਪਰੰਤੂ ਹਸਪਤਾਲਾਂ ਵਿੱਚ ਦਾਖਲ ਕਰੋਨਾ ਪੀੜਿਤਾਂ ਦੀ ਤਾਦਾਦ ਵਿੱਚ ਕਮੀ ਆਈ ਹੈ।
ਆਂਕੜਿਆਂ ਮੁਤਾਬਿਕ ਇਸ ਸਮੇਂ ਦੌਰਾਨ ਕੋਵਿਡ-19 ਦੇ ਮਰੀਜ਼ਾਂ ਵਿੱਚ 15% ਦਾ ਵਾਧਾ ਹੋਇਆ ਹੈ ਅਤੇ ਇਸ ਦੌਰਾਨ 32,928 ਟੈਸਟ ਕੀਤੇ ਗਏ ਸਨ। ਪਾਜ਼ਿਟਿਵ ਪੀ.ਸੀ.ਆਰ. ਟੈਸਟਾਂ ਦੀ ਗਿਣਤੀ 19% ਆਂਕੀ ਗਈ ਹੈ ਜੋ ਕਿ ਇਸਤੋਂ ਪਹਿਲੇ ਹਫ਼ਤੇ ਦੌਰਾਨ 17% ਸੀ।
ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਭਰ ਵਿੱਚ ਇਸ ਸਮੇਂ ਬੀ.ਏ.2 ਅਤੇ ਬੀ.ਏ.5 ਸਬ-ਵੇਰੀਐਂਟਾਂ ਦੇ ਆਮ ਤੌਰ ਤੇ ਹਮਲੇ ਹੋ ਰਹੇ ਹਨ ਅਤੇ ਇਸ ਹਫ਼ਤੇ ਦੌਰਾਨ 609 ਕੋਵਿਡ-19 ਦੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਪ੍ਰਤੀ ਦਿਨ ਦੀ ਐਵਰੇਜ 87 ਹੈ ਜੋ ਕਿ ਬੀਤੇ ਹਫ਼ਤੇ 89 ਅੰਕਿਤ ਕੀਤੀ ਗਈ ਸੀ।
ਇਸੇ ਸਮੇਂ ਦੌਰਾਨ ਕੋਵਿਡ-19 ਕਾਰਨ 25 ਲੋਕਾਂ ਦੇ ਮਾਰੇ ਜਾਣ ਦੇ ਆਂਕੜੇ ਵੀ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 6 ਲੋਕਾਂ ਨੇ ਹਾਲੇ ਤੱਕ ਵੀ ਕੋਵਿਡ ਵੈਕਸੀਨ ਦੀਆਂ ਤਿੰਨ ਖੁਰਾਕਾਂ ਨਹੀਂ ਲਈਆਂ ਸਨ ਅਤੇ ਮਰਨ ਵਾਲਿਆਂ ਵਿੱਚ 3 ਲੋਕਾਂ ਦੀ ਉਮਰ 65 ਸਾਲਾਂ ਤੋਂ ਘੱਟ ਹੀ ਹੈ।