
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲਿਅਨ ਨੇ ਇੱਕ ਅਹਿਮ ਐਲਾਨਨਾਮੇ ਵਿੱਚ ਦੱਸਿਆ ਹੈ ਕਿ ਰਾਜ ਅੰਦਰ ਕੋਵਿਡ-19 ਦੇ 5 ਨਵੇਂ ਮਾਮਲੇ ਦਰਜ ਹੋਣ ਕਾਰਨ ਸਿਡਨੀ ਦੇ ਉਤਰੀ ਬੀਚਾਂ ਉਪਰ ਲਗਾਇਆ ਗਿਆ ਲਾਕਡਾਊਨ ਹੁਣ 9 ਤਾਰੀਖ ਤੱਕ ਵਧਾਇਆ ਜਾ ਰਿਹਾ ਹੈ। ਬੀਤੇ 24 ਘੰਟਿਆਂ ਦੌਰਾਨ, ਨਵੇਂ ਦਰਜ ਹੋਏ ਕਰੋਨਾ ਦੇ ਮਾਮਲਿਆਂ ਵਿੱਚ 4 ਤਾਂ ਸਿੱਧੇ ਤੌਰ ਤੇ ਐਵਲੋਨ ਕਲਸਟਰ ਨਾਲ ਜੁੜੇ ਹੋਏ ਹਨ ਅਤੇ ਪੰਜਵਾਂ ਉਤਰੀ ਬੀਚਾਂ ਦੇ ਮਾਮਲਿਆਂ ਨਾਲ ਸਬੰਧਤ ਪਾਇਆ ਗਿਆ ਹੈ ਅਤੇ ਇਨ੍ਹਾਂ ਇਨਫੈਕਸ਼ਨਾਂ ਦੇ ਅਸਲ ਸਰੋਤਾਂ ਦਾ ਅਜੇ ਤੱਕ ਪਤਾ ਚੱਲ ਹੀ ਨਹੀਂ ਸਕਿਆ ਪਰੰਤੂ ਅਧਿਕਾਰੀ ਪੂਰੀ ਤਰ੍ਹਾਂ ਇਸ ਦੀ ਪੜਤਾਲ ਵਿੱਚ ਲੱਗੇ ਹੋਏ ਹਨ। ਰਾਜ ਅੰਦਰ ਇਸ ਵੇਲੇ ਕੁੱਲ ਕਰੋਨਾ ਦੇ ਮਾਮਲਿਆਂ (ਐਵਲੋਨ ਕਲਸਟਰ) ਦੀ ਸੰਖਿਆ 126 ਹੋ ਗਈ ਹੈ। ਪ੍ਰੀਮੀਅਰ ਨੇ ਆਪਣੇ ਐਲਾਨਨਾਮੇ ਵਿੱਚ ਦੱਸਿਆ ਕਿ, ਨਾਰਾਬੀਨ ਬ੍ਰਿਜ ਦੇ ਉਤਰ ਵੱਲ ਨੂੰ ਲਗਾਏ ਗਏ ਲਾਕਡਾਊਨ ਨੂੰ ਹੁਣ ਵਧਾ ਕੇ ਜਨਵਰੀ ਦੀ 9 ਤਾਰੀਖ ਤੱਕ ਕਰ ਦਿੱਤਾ ਗਿਆ ਹੈ। ਦੱਖਣੀ ਹਿੱਸਿਆਂ ਵਿਚਲਾ ਲਾਕਡਾਊਨ ਜਨਵਰੀ ਦੀ 2 ਤਾਰੀਖ ਤੱਕ ਹੀ ਲਾਗੂ ਰਹੇਗਾ। ਸਿਡਨੀ ਦੇ ਬਾਕੀ ਦੇ ਹਿੱਸਿਆਂ ਵਿੱਚ ਥੋੜ੍ਹੀ ਰਾਹਤ ਦਿੰਦਿਆਂ ਪ੍ਰੀਮੀਅਰ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਦੇ ਲੋਕ ਘਰਾਂ ਤੋਂ ਬਾਹਰ ਆ ਜਾ ਸਕਦੇ ਹਨ ਅਤੇ ਛੋਟੀਆਂ ਛੋਟੀਆਂ ਗਿਣਤੀਆਂ ਵਿੱਚ ਇਕੱਠਾਂ ਨੂੰ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਇਸ ਦੌਰਾਨ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ 15,300 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ ਹਨ ਜਿਹੜੇ ਕਿ ਬੀਤੇ ਦਿਨੀਂ ਕੀਤੇ ਗਏ 23,000 ਟੈਸਟਾਂ ਤੋਂ ਘੱਟ ਹਨ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਕ੍ਰਿਸਮਿਸ ਤੋਂ ਪਹਿਲਾਂ ਪਹਿਲਾਂ 70,000 ਟੈਸਟ ਕਰਨ ਦਾ ਦਾਅਵਾ ਵੀ ਕੀਤਾ ਗਿਆ ਸੀ। ਪ੍ਰੀਮੀਅਰ ਨੇ ਮੁੜ ਤੋਂ ਲੋਕਾਂ ਨੂੰ ਆਪਣੇ ਕਰੋਨਾ ਟੈਸਟ ਕਰਵਾਉਣ ਲਈ ਅੱਗੇ ਆਉਣ ਨੂੰ ਅਪੀਲ ਕੀਤੀ ਹੈ।