‘ਕਲੋਜ਼ਿੰਗ ਦ ਗੈਪ’ ਪ੍ਰੋਗਰਾਮ ਅਧੀਨ ਸਮਾਜਿਕ ਦੂਰੀਆਂ ਨੂੰ ਮਿਟਾਉਣ ਸਬੰਧੀ ਨਿਊ ਸਾਊਥ ਵੇਲਜ਼ ਸਰਕਾਰ ਦਾ ਇੱਕ ਹੋਰ ਕਦਮ

ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨੂੰ ਉਨ੍ਹਾਂ ਦੇ ਬਣਦੇ ਜ਼ਮੀਨੀ ਹੱਕ ਦੇਣ ਅਤੇ ਸਮਾਜਿਕ ਦੂਰੀਆਂ ਨੂੰ ਮਿਟਾਉਣ ਪ੍ਰਤੀ ਨਿਊ ਸਾਊਥ ਵੇਲਜ਼ ਸਰਕਾਰ ਨੇ ਇੱਕ ਹੋਰ ਕਦਮ ਅੱਗੇ ਨੂੰ ਚੁਕਿਆ ਹੈ ਜਿਸਦੇ ਤਹਿਤ 7.4 ਮਿਲੀਅਨ ਡਾਲਰਾਂ ਦਾ ਨਿਵੇਸ਼ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਕੌਮੀ ਪੱਧਰ ਦੇ ਇਕਰਾਰ ਜਿਸ ਰਾਹੀਂ ਸਮਾਜਿਕ ਦੂਰੀਆਂ ਨੂੰ ਮਿਟਾਉਣ ਲਈ ਕੰਮ ਕਰਨੇ ਹਨ, ਦੇ ਤਹਿਤ ਹੀ ਐਬੋਰਿਜਨਲ ਲੋਕਾਂ ਦੀ ਤਰੱਕੀ ਵਾਸਤੇ ਕੰਮ ਕੀਤੇ ਜਾਣੇ ਹਨ। ਸਬੰਧਤ ਵਿਭਾਗ ਦੇ ਮੰਤਰੀ ਸ੍ਰੀ ਡੋਨ ਹਾਰਵਿਨ ਵੱਲੋਂ ਰਾਜ ਦੀ ਐਬੋਰਿਜਨਲ ਲੈਂਡ ਕਾਂਸਲ (NSWALC) ਨਾਲ ਹੋਈ 400ਵੀਂ ਮੀਟਿੰਗ ਜਿਹੜੀ ਕਿ ਬਰੋਕਨ ਹਿਲ ਵਿੱਚ ਹੋਈ, ਵਿੱਚ ਉਕਤ ਫੈਸਲੇ ਬਾਰੇ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਨਾਲ ਐਬੋਰਿਜਨਲ ਭਾਈਚਾਰੇ ਦੇ ਲੋਕਾਂ ਪ੍ਰਤੀ ਹੋਰ ਤਰੱਕੀਆਂ ਦੇ ਰਾਹ ਖੋਲ੍ਹਣੇ, ਬੱਚਿਆਂ ਨੂੰ ਸਹੀ ਸਿੱਖਿਆ ਅਤੇ ਸਿਖਲਾਈ ਦੇਣੀ, ਘਰਾਂ ਆਦਿ ਦਾ ਇੰਤਜ਼ਾਮ, ਸਿਹਤ ਪ੍ਰਤੀ ਜਾਗਰੂਕਤਾ ਅਤੇ ਇਲਾਜ ਲਈ ਨਵੀਆਂ ਤਕਨੀਕਾਂ ਮੁਹੱਈਆ ਕਰਵਾਉਣਾ ਆਦਿ ਸਭ ਇਸੇ ਪ੍ਰਾਜੈਕਟ ਦਾ ਹੀ ਹਿੱਸਾ ਹਨ। ਅਸਲ ਵਿਚ ਕੌਮੀ ਪੱਧਰ ਉਪਰ ਹੀ ਅਜਿਹੇ ਉਸਾਰੂ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਨਾਲ ਕਿ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਅਤੇ ਸਰਕਾਰ ਵਿਚਾਲੇ ਪਈ ਖਾਈ ਨੂੰ ਮਿਟਾਇਆ ਜਾ ਸਕੇ ਅਤੇ ਸਮੁੱਚੇ ਦੇਸ਼ ਦੀ ਤਰੱਕੀ ਵਾਸਤੇ ਕੰਮ ਕੀਤੇ ਜਾ ਸਕਣ। ਉਨ੍ਹਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਾਲ 2021 ਵਿਚਲੇ ਜੁਲਾਈ ਦੇ ਮਹੀਨੇ ਵਿੱਚ ਇੱਕ ਅਜਿਹਾ ਪਲਾਨ ਤਿਆਰ ਕੀਤਾ ਜਾਣਾ ਹੈ ਜੋ ਕਿ ਸਰਕਾਰ ਦੇ ਅਜਿਹੇ ਕਦਮਾਂ ਪ੍ਰਤੀ ਸਹਾਇਕ ਹੋਵੇਗਾ ਅਤੇ ਸਰਕਾਰ ਦੇ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਵਿੱਚ ਕਾਰਗਰ ਵੀ ਹੋਵੇਗਾ। ‘ਕਲੋਜ਼ਿੰਗ ਦ ਗੈਪ’ ਪ੍ਰੋਗਰਾਮ ਅਧੀਨ ਸਾਰਿਆਂ ਨਾਲ ਮਿਲ ਕੇ ਹੀ ਅਜਿਹੇ ਹੋਰ ਪ੍ਰਾਜੈਕਟ ਉਲੀਕੇ ਜਾਣਗੇ ਅਤੇ ਭਵਿੱਖ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੇ ਲਾਭ ਵਿੱਚ ਸਭ ਦਾ ਬਰਾਬਰ ਦਾ ਹਿੱਸਾ ਹੋਵੇਗਾ।

Install Punjabi Akhbar App

Install
×