ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 646 ਨਵੇਂ ਮਾਮਲੇ, 11 ਮੌਤਾਂ

ਰਾਜ ਭਰ ਵਿੱਚ ਜਿੱਥੇ ਕਿ 11 ਅਕਤੂਬਰ ਨੂੰ ਲਾਕਡਾਊਨ ਅਤੇ ਪਾਬੰਧੀਆਂ ਹਟਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉਥੇ ਹੀ, ਨਿਊ ਸਾਊਥ ਵੇਲਜ਼ ਰਾਜ ਦੇ ਮੁੱਖ ਸਿਹਤ ਅਧਿਕਾਰੀ ਨੇ ਅੱਜ ਦੇ ਆਂਕੜੇ ਜਾਰੀ ਕਰਦਿਆਂ ਕਿਹਾ ਕਿ ਰਾਜ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 646 ਨਵੇਂ ਮਾਮਲੇ ਪਾਏ ਗਏ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਭਿਆਨਕ ਬਿਮਾਰੀ ਕਾਰਨ 11 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਵਿੱਚ 2 ਔਰਤਾਂ ਅਤੇ 9 ਪੁਰਸ਼ ਸ਼ਾਮਿਲ ਹਨ ਜੋ ਕਿ 50ਵਿਆਂ ਅਤੇ 80ਵਿਆਂ ਸਾਲਾਂ ਦੇ ਉਮਰ ਵਰਗ ਦੇ ਸਨ। ਮਰਨ ਵਾਲਿਆਂ ਵਿੱਚੋਂ 7 ਨੂੰ ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਕੋਈ ਵੀ ਡੋਜ਼ ਨਹੀਂ ਸੀ ਲੱਗੀ, 3 ਨੂੰ ਵੈਕਸੀਨ ਦੀ ਇੱਕ ਡੋਜ਼ ਲੱਗੀ ਸੀ ਅਤੇ ਸਿਰਫ 1 ਵਿਅਕਤੀ ਨੂੰ ਹੀ ਵੈਕਸੀਨ ਦੀਆਂ ਦੋਨੋਂ ਡੋਜ਼ਾਂ ਲੱਗੀਆਂ ਹੋਈਆਂ ਸਨ।
ਰਾਜ ਭਰ ਵਿੱਚ ਇਸ ਸਮੇਂ ਕਰੋਨਾ ਦੇ 865 ਮਰੀਜ਼ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ ਅਤੇ ਇਨ੍ਹਾਂ ਵਿੱਚੋਂ 170 ਆਈ.ਸੀ.ਯੂ. ਵਿੱਚ ਹਨ।

Install Punjabi Akhbar App

Install
×