ਸਬੰਧਤ ਵਿਭਾਗਾਂ ਦੇ ਮੰਤਰੀ ਐਲਿਸਟਰ ਹੈਂਸਕੇਨਜ਼ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਅਤੇ ਜਕਾਰਤਾ ਦਰਮਿਆਨ ਬੀਤੇ 28 ਸਾਲਾਂ ਤੋਂ ਚਲੇ ਆ ਰਹੇ ਵਪਾਰ ਸਮਝੌਤਿਆਂ ਨੂੰ ਇੱਕ ਨਵੀਂ ਦਸ਼ਾ ਅਤੇ ਦਿਸ਼ਾ ਪ੍ਰਦਾਨ ਕਰਨ ਤਹਿਤ ਨਵੀਆਂ ਤਕਰੀਆਂ (Memorandum of Understanding (MoU)) ਆਦਿ ਉਪਰ ਇਕਰਾਰ ਹੋਏ ਹਨ ਜਿਸ ਨਾਲ ਕਿ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਵਧੇਗਾ ਅਤੇ ਦੋਹਾਂ ਦੇਸ਼ਾਂ ਦੀ ਆਰਥਿਕ ਵਿਵਸਥਾ ਨੂੰ ਲਾਭ ਪਹੁੰਚੇਗਾ।
ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀਆਂ ਦਰਮਿਆਨ ਇਹ ਜਗ ਜਾਹਿਰ ਹੈ ਕਿ ਇੰਡੋਨੇਸ਼ੀਆ ਵਿੱਚ, ਪ੍ਰਤੀ ਸਾਲ 5% ਦੀ ਦਰ ਨਾਲ ਉਨ੍ਹਾਂਦੀ ਅਰਥ ਵਿਵਸਥਾ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਹ 1 ਟ੍ਰਿਲੀਅਨ ਅਮਰੀਕੀ ਡਾਲਰਾਂ ਦੇ ਟੀਚੇ ਨੂੰ ਵੀ ਪਾਰ ਕਰ ਚੁਕੇ ਹਨ। ਇਸ ਨਾਲ ਅਨੁਮਾਨ ਇਹੀ ਲੱਗਦੇ ਹਨ ਕਿ ਸਾਲ 2030 ਤੱਕ ਇੰਡੋਨੇਸ਼ੀਆ ਦੁਨੀਆਂ ਦੇ ਪਹਿਲੇ 7 ਦੇਸ਼ਾਂ ਵਿੱਚ ਸ਼ੁਮਾਰ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਨਿਊ ਸਾਊਥ ਵੇਲਜ਼ ਰਾਜ ਸਰਕਾਰ ਨੇ ਉਚਿਤ ਕਦਮ ਚੁੱਕੇ ਹਨ ਅਤੇ ਇੰਡੋਨੇਸ਼ੀਆ ਨਾਲ ਆਪਣੇ ਪਹਿਲਾਂ ਵਾਲੇ ਇਕਰਾਰਾਂ ਵਿੱਚ ਕਾਫੀ ਰੱਦੋ-ਬਦਲ ਕੀਤੀ ਹੈ ਜੋ ਕਿ ਆਧੁਨਿਕ ਸਮੇਂ ਮੁਤਾਬਿਕ ਸਭ ਲਈ ਲਾਭਕਾਰੀ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਸਮਝੌਤਿਆਂ ਵਿੱਚ ਖੇਤੀਬਾੜੀ ਸਬੰਧੀ, ਭੋਜਨ ਅਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਸਬੰਧੀ, ਨਵੀਆਂ ਖੋਜਾਂ ਆਦਿ ਸਬੰਧੀ, ਪੜ੍ਹਾਈ-ਲਿਖਾਈ ਅਤੇ ਸੈਰ-ਸਪਾਟਾ ਨਾਲ ਸਬੰਧਿਤ ਖੇਤਰ ਸ਼ਾਮਿਲ ਹਨ।
ਜ਼ਿਕਰਯੋਗ ਇਹ ਵੀ ਹੈ ਕਿ ਆਸਟ੍ਰੇਲੀਆ ਅੰਦਰ ਇਸ ਸਮੇਂ ਇੰਡੋਨੇਸ਼ੀਆ ਦੇ ਸੈਲਾਨੀਆਂ ਅਤੇ ਪੜ੍ਹਾਈ ਲਿਖਾਈ ਜਾਂ ਸਿਖਲਾਈ ਆਦਿ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦਾ ਵੱਡਾ ਯੋਗਦਾਨ ਹੈ ਅਤੇ ਨਵੇਂ ਸਮਝੌਤਿਆਂ ਮੁਤਾਬਿਕ ਇਹ ਗਣਨਾ 55% ਤੱਕ ਹੋ ਜਾਣ ਦੇ ਅਨੁਮਾਨ ਹਨ।
ਜਕਾਰਤਾ ਦੇ ਕੇਅਰਟੇਕਰ ਗਵਰਨਰ -ਹੈਰੂ ਬੁਧੀ ਨੇ ਇਨ੍ਹਾਂ ਇਕਰਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਨਿਊ ਸਾਊਥ ਵੇਲਜ਼ ਅਤੇ ਜਕਾਰਤਾ ਦੇ ਇਨ੍ਹਾਂ ਸਮਝੌਤਿਆਂ ਰਾਹੀਂ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਭਾਈਚਾਰਾ ਅਤੇ ਵਪਾਰ ਆਦਿ ਵਿੱਚ ਇਸ ਨਾਲ ਇਜ਼ਾਫ਼ਾ ਹੋਵੇਗਾ।