ਹੜ੍ਹ ਮਾਰੇ ਮਕਾਨਾਂ ਲਈ ਪੀੜਿਤਾਂ ਨੂੰ ਮੁਆਵਜ਼ਾ: ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਕਰਨਗੀਆਂ ਕੰਮ

800 ਮਿਲੀਅਨ ਡਾਲਰਾਂ ਦਾ ਪੈਕੇਜ ਜਾਰੀ

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਵੱਲੋਂ ਲਿਸਮੋਰ ਖੇਤਰ ਵਿੱਚ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਡੋਮਿਨਿਕ ਪੈਰੋਟੈਟ ਨਾਲ ਮਿਲ ਕੇ 800 ਮਿਲੀਅਨ ਡਾਲਰਾਂ ਦਾ ਇੱਕ ਪੈਕੇਜ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਬੈਲੀਨਾ, ਬਾਇਰੋਨ, ਕਲੇਰੈਂਸ ਵੈਲੀ, ਕਿਓਗਲ, ਲਿਸਮੋਰ, ਰਿਚਮੰਡ ਵੈਲੀ ਅਤੇ ਟਵੀਡ ਵਰਗੇ ਹੜ੍ਹ ਮਾਰੇ ਖੇਤਰਾਂ ਵਿਚਲੇ ਘਰਾਂ ਦੀ ਹੋਈ ਤਬਾਹੀ ਦੀ ਭਰਪਾਈ ਕੀਤੀ ਜਾਵੇਗੀ। ਇਸੇ ਸਾਲ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਆਏ ਹੜ੍ਹਾਂ ਕਾਰਨ ਜਿਨ੍ਹਾਂ ਲੋਕਾਂ ਦੇ ਘਰਾਂ ਆਦਿ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਲੋਕਾਂ ਨੂੰ ਹੋਰ ਸੁਰੱਖਿਅਤ ਥਾਂਵਾਂ ਤੇ ਨਵੇਂ ਘਰ ਬਣਾਉਣ ਵਾਸਤੇ 100,000 ਡਾਲਰ ਅਤੇ ਜੇਕਰ ਪੁਰਾਣੇ ਘਰਾਂ (ਜੇਕਰ ਉਹ ਥੋੜ੍ਹੀ ਸੁਰੱਖਿਅਤ ਥਾਂ ਤੇ ਹਨ) ਦੀ ਮੁਰੰਮਤ ਅਤੇ ਹੜ੍ਹਾਂ ਤੋਂ ਬਚਣ ਵਾਸਤੇ ਉਚੇਚੇ ਉਪਾਅ/ਪ੍ਰਬੰਧ ਆਦਿ ਕਰਨ ਲਈ 50,000 ਡਾਲਰਾਂ ਤੱਕ ਦੀ ਮਦਦ ਕੀਤੀ ਜਾਵੇਗੀ।
ਜ਼ਿਆਦਾ ਹੜ੍ਹ ਮਾਰੇ ਖੇਤਰਾਂ ਵਿੱਚ ਹੜ੍ਹਾਂ ਕਾਰਨ ਤਬਾਹ ਹੋਏ ਘਰਾਂ ਨੂੰ ਵਾਪਿਸ ਖਰੀਦਣ ਵਾਸਤੇ ਵੀ ਸਰਕਾਰ ਨੇ ਉਕਤ ਸਕੀਮ ਵਿੱਚ ਯੋਗਦਾਨ ਪਾਇਆ ਹੈ ਅਤੇ ਇਨ੍ਹਾਂ ਦੀ ਕੀਮਤ ਵੀ ਸਰਕਾਰ ਵੱਲੋਂ ਉਹੀ ਦਿੱਤੀ ਜਾਵੇਗੀ ਜੋ ਕਿ ਹੜ੍ਹਾਂ ਤੋਂ ਪਹਿਲਾਂ ਇਨ੍ਹਾਂ ਘਰਾਂ ਦੀ ਬਣਦੀ ਸੀ।
ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਰਾਜ ਦੇ ਪ੍ਰੀਮੀਅਰ ਇਸ ਵਾਰੀ ਕੌਮੀ ਪੱਧਰ ਦੀ ਕੈਬਨਿਟ ਬੈਠਕ ਵਿੱਚ ਇਹ ਦਰਸਾਉਣਗੇ ਕਿ ਕੋਈ ਵੀ ਮਕਾਨ ਅਜਿਹੀ ਥਾਂ ਤੇ ਅੱਗੇ ਤੋਂ ਨਹੀਂ ਉਸਾਰਿਆ ਜਾਵੇਗਾ ਜਿੱਥੇ ਕਿ ਹੜ੍ਹਾਂ ਆਦਿ ਦੀਆਂ ਸੰਭਾਵਨਾਵਾਂ ਜ਼ਿਆਦਾ ਅਤੇ ਖਤਰਨਾਕ ਹੋ ਸਕਦੀਆਂ ਹਨ।