
ਨਿਊ ਸਾਊਥ ਵੇਲਜ਼ ਸਰਕਾਰ ਨੇ 2017 ਵਿੱਚ ਸ਼ੁਰੂ ਕੀਤਾ ਗਿਆ ਪ੍ਰੋਗਰਾਮ ਜਿਸ ਦੇ ਤਹਿਤ ਛੋਟੇ ਕੰਮ-ਧੰਦਿਆਂ ਅਤੇ ਉਦਯੋਗਾਂ ਨੂੰ ਮਦਦ ਕਰਨ ਦੇ ਪ੍ਰਾਵਧਾਨ ਸਨ ਅਤੇ ਹੁਣ 2020-21 ਦੇ ਬਜਟ ਵਿੱਚ ਅਪ੍ਰੈਲ ਦੀ ਮੀਹੀਨੇ ਵਿੱਚ ਇਸ ਦਾ ਬਜਟ 9.8 ਮਿਲੀਅਨ ਡਾਲਰਾਂ ਦਾ ਰੱਖਿਆ ਗਿਆ ਸੀ, ਨੂੰ ਹੋਰ ਤਿੰਨ ਸਾਲਾਂ ਲਈ ਵਧਾ ਦਿੱਤਾ ਗਿਆ ਹੈ ਅਤੇ ਹੁਣ ਉਕਤ ਪ੍ਰੋਗਰਾਮ ਦਾ ਬਜਟ 39.3 ਮਿਲੀਅਨ ਡਾਲਰਾਂ ਦਾ ਹੋ ਗਿਆ ਹੈ। ਵਿੱਤ ਅਤੇ ਛੋਟੇ ਉਦਯੋਗਾਂ ਅਤੇ ਕੰਮ ਧੰਦਿਆਂ ਦੇ ਵਿਭਾਗਾਂ ਨਾਲ ਸਬੰਧਤ ਮੰਤਰੀ ਡੈਮੇਨ ਟੂਡਹੋਪ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਇਸ ਨਾਲ ਜਿੱਥੇ ਅਜਿਹੇ ਅਦਾਰਿਆਂ ਨੂੰ ਵਿਤੀ ਅਤੇ ਹੋਰ ਸੁਵਿਧਾਵਾਂ ਨਾਲ ਮਦਦ ਮਿਲੇਗੀ ਉਥੇ ਰੌਜ਼ਗਾਰ ਦੇ ਖੇਤਰ ਵਿੱਚ ਵੀ ਇਜ਼ਾਫ਼ਾ ਹੋਵੇਗਾ ਅਤੇ ਜ਼ਿਆਦਾ ਲੋਕਾਂ ਨੂੰ ਰੌਜ਼ਗਾਰ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਕੋਵਿਡ-19 ਦੀ ਪਈ ਮਾਰ ਤੋਂ ਬਾਅਦ ਫੌਰੀ ਤੌਰ ਤੇ ਮਦਦ ਦੀ ਵੀ ਲੋੜ ਹੈ ਅਤੇ ਸਰਕਾਰ ਨੇ ਇਸੇ ਦੇ ਮੱਦੇਨਜ਼ਰ ਅਜਿਹੇ ਕਈ ਕਦਮ ਚੁੱਕੇ ਹਨ ਜਿਸ ਨਾਲ ਲੋਕਾਂ ਨੂੰ ਆਪਣੇ ਕੰਮ-ਧੰਦਿਆਂ ਨੂੰ ਮੁੜ੍ਹ ਕੇ ਖੜ੍ਹਾ ਕਰਨ ਵਿੱਚ ਮਦਦ ਮਿਲ ਰਹੀ ਹੈ। 2017 ਤੋਂ ਹੀ ਚੱਲ ਰਹੇ ਅਜਿਹੇ ਪ੍ਰੋਗਰਾਮਾਂ ਦੇ ਆਂਕੜੇ ਦਰਸਾਉਂਦੇ ਹਨ ਕਿ ਹੁਣ ਤੱਕ 35,000 ਅਜਿਹੇ ਧੰਦਿਆਂ ਨੂੰ ਇਸ ਦਾ ਫਾਇਦਾ ਹੋ ਚੁਕਿਆ ਹੈ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਮਾਰਚ ਦੇ ਮਹੀਨੇ ਤੱਕ ਇਸ ਰਾਹੀਂ 10,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਰੌਜ਼ਗਾਰ ਮਿਲਿਆ ਸੀ। ਮੰਤਰੀ ਜੀ ਦਾ ਇਹ ਵੀ ਕਹਿਣਾ ਹੈ ਕਿ ਇਸ ਨਾਲ ਬਰੋਕਨ ਹਿਲ ਤੋਂ ਬੇਰਨ ਬੇਅ ਅਤੇ ਬਲੈਕਟਾਊਨ ਤੱਕ ਦੇ ਖੇਤਰਾਂ ਅੰਦਰ ਲੋਕਾਂ ਨੂੰ ਲਾਭ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਿਊ ਸਾਊਥ ਵੇਲਜ਼ ਦੀ ਸਰਕਾਰ, ਕਰੋਨਾ ਦੀ ਮਾਰ ਹੇਠ ਆਏ ਲੋਕਾਂ ਦੇ ਕੰਮ ਧੰਦਿਆਂ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਵਚਨਬੱਧ ਅਤੇ ਦਿਨ-ਪ੍ਰਤੀਦਿਨ ਕਿਰਿਆਸ਼ੀਲ ਹੈ ਅਤੇ ਸਰਕਾਰ ਦੇ 750 ਮਿਲੀਅਨ ਦੇ ਅਜਿਹੇ ਪੈਕੇਜ ਅੰਦਰ ਛੋਟੇ ਅਤੇ ਮਧਿਅਮ ਕੰਮ-ਧੰਦੇ, ਤਨਖਾਹਾਂ ਉਪਰ ਟੈਕਸਾਂ ਵਿੱਚ ਕਟੌਤੀ, ਕਿਰਾਇਆਂ ਵਿੱਚ ਮਾਫੀਨਾਮੇ, ਅਤੇ ਹੋਰ ਵੀ ਕਈ ਤਰ੍ਹਾਂ ਦੇ ਖੇਤਰਾਂ ਦੇ ਲੋਕ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਵਾਸਤੇ business.nsw.gov.au/businessconnect ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ 1300 134 359 ਉਪਰ ਸੰਪਰ ਸਾਧਿਆ ਜਾ ਸਕਦਾ ਹੈ।