ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਘਰੇਲੂ ਹਿੰਸਾ ਪੀੜਿਤਾਂ ਲਈ 8.6 ਮਿਲੀਅਨ ਡਾਲਰਾਂ ਦਾ ਫੰਡ

ਰਾਜ ਦੇ ਅਟਾਰਨੀ ਜਨਰਲ ਅਤੇ ਘਰੇਲੂ ਹਿੰਸਾ ਅਤੇ ਸਰੀਰਿਕ ਸ਼ੋਸ਼ਣ ਮਾਮਲਿਆਂ ਦੇ ਵਿਭਾਗਾਂ ਦੇ ਮੰਤਰੀ ਮਾਰਕ ਸਪੀਕਮੈਨ ਨੇ ਇੱਕ ਜਾਣਕਾਰੀ ਰਾਹੀਂ ਦੱਸਿਆ ਕਿ ਰਾਜ ਸਰਕਾਰ ਅਤੇ ਫੈਡਰਲ ਸਰਕਾਰ ਵੱਲੋਂ ਰਾਜ ਅੰਦਰ ਘਰੇਲੂ ਹਿੰਸਾ ਦੇ ਪੀੜਿਤਾਂ ਦਾ ਭਵਿੱਖ ਸੁਰੱਖਿਅਤ ਕਰਨ ਵਾਸਤੇ 8.6 ਮਿਲੀਅਨ ਦਾ ਵਾਧੂ ਫੰਡ ਮੁਹੱਈਆ ਕਰਵਾਇਆ ਗਿਆ ਹੈ। ਇਹ ਫੰਡ ਪੀੜਿਤਾਂ ਨੂੰ ਵੱਖ ਵੱਖ 45 ਸੇਵਾਵਾਂ ਦੇ ਜ਼ਰੀਏ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਕਤ ਫੰਡ ਰਾਹੀਂ ਰਾਜ ਅੰਦਰ 50 ਦੇ ਕਰੀਬ ਅਜਿਹੇ ਪ੍ਰਾਜੈਕਟ ਚਲਾਏ ਜਾਣਗੇ ਜਿਨ੍ਹਾਂ ਨਾਲ ਕਿ ਅਜਿਹੇ ਪੀੜਿਤਾਂ ਨੂੰ ਸਿੱਧੇ ਤੌਰ ਤੇ ਲਾਭ ਹੋਵੇਗਾ ਅਤੇ ਇਨ੍ਹਾਂ ਪ੍ਰਾਜੈਕਟਾਂ ਵਿੱਚ ਔਰਤਾਂ ਲਈ ਘਰ ਵਰਗੇ ਆਸਰਿਆਂ ਦਾ ਵੀ ਪ੍ਰਬੰਧਨ ਸ਼ਾਮਿਲ ਹੈ।
ਜ਼ਿਕਰਯੋਗ ਹੈ ਕਿ ਉਕਤ ਫੰਡ, ਸਰਕਾਰ ਦੇ ਪਹਿਲਾਂ ਤੋਂ ਹੀ ਚਲਾਏ ਜਾ ਰਹੇ 90 ਮਿਲੀਅਨ ਬਜਟ ਵਿਚਲੇ ਇਜ਼ਾਫ਼ੇ ਦੇ ਤੌਰ ਤੇ ਹੈ ਜਿਸ ਰਾਹੀਂ ਕਿ ਔਰਤਾਂ, ਬੱਚਿਆਂ ਅਤੇ ਘਰੇਲੂ ਹਿੰਸਾ ਜਾਂ ਸਰੀਰਿਕ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਆਦਿ ਲਈ ਭਲਾਈ ਦੇ ਕੰਮ ਕੀਤੇ ਜਾਂਦੇ ਹਨ।
ਰਾਜ ਦੇ ਘਰੇਲੂ ਹਿੰਸਾ ਵਿਭਾਗ ਦੇ ਸੀ.ਈ.ਓ. ਡੇਲੀਆ ਡੋਨੋਵੈਨ ਨੇ ਰਾਜ ਸਰਕਾਰ ਅਤੇ ਫੈਡਰਲ ਸਰਕਾਰ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਅਜਿਹੇ ਪੀੜਿਤਾਂ ਨੂੰ ਸਹਾਇਤਾ ਦੇ ਰੂਪ ਵਿੱਚ ਵਧੀਆ ਯੋਗਦਾਨ ਮਿਲੇਗਾ ਜਿਸ ਨਾਲ ਕਿ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰ ਸਕਣਗੇ।
ਇਸ ਵਾਸਤੇ ਆਪਣੀ ਗੁੱਪਤ ਸਲਾਹ ਮਸ਼ਵਰਾ ਆਦਿ ਦੇਣ ਲਈ 1800 RESPECT (1800 737 732) ਉਪਰ ਜਾਂ ਦ ਨਿਊ ਸਾਊਥ ਵੇਲਜ਼ ਡੋਮੈਸਟਿਕ ਵਾਇਲੈਂਸ ਲਾਈਨ (1800 65 64 63) ਅਤੇ ਜਾਂ ਫੇਰ ਆਦਮੀਆਂ ਲਈ ਰੈਫਰਲ ਸੇਵਾਵਾਂ (1300 766 491) ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks