ਨਿਊ ਸਾਊਥ ਵੇਲਜ਼ ਵਿੱਚ 1000 ਨਵੇਂ ਪੁਲਿਸ ਅਫ਼ਸਰਾਂ ਦੀ ਸ਼ਮੂਲੀਅਤ

ਸਿਡਨੀ ਦੇ ਕ੍ਰਿਕਟ ਗ੍ਰਾਊਂਡ ਵਿੱਚ ਅੱਜ 1000 ਨਵੇਂ ਪੁਲਿਸ ਅਫ਼ਸਰਾਂ ਦੀ ਪਰੇਡ ਹੋਈ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਰਸਮੀ ਤੌਰ ਤੇ ਪੁਲਿਸ ਪ੍ਰਸ਼ਾਸਨ ਵਿੱਚ ਸ਼ਾਮਿਲ ਹੋ ਕੇ ਆਪਣਾ ਸੁਨਹਿਰਾ ਭਵਿੱਖ ਚੁਣਨ ਲਈ ਵਧਾਈ ਦਿੱਤੀ ਅਤੇ ਉਥੇ ਹੀ ਬੁਸ਼ਫਾਇਰ, ਹੜ੍ਹ, ਕੋਵਿਡ-19 ਦੀ ਬਿਮਾਰੀ ਦੀ ਮਾਰ ਕਾਰਨ ਆਪਣੀਆਂ ਡਿਊਟੀਆਂ ਨਿਭਾਉਂਦਿਆਂ ਜਿਹੜੇ ਪੁਲਿਸ ਮੁਲਾਜ਼ਮ ਸ਼ਹੀਦੀਆਂ ਪਾ ਗਏ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ ਵੀ ਦਿੱਤੀ ਗਈ। ਇਸ ਸਮਾਰੋਹ ਵਿੱਚ ਉਚੇਚੇ ਤੌਰ ਤੇ ਰਾਜ ਵੀ ਪੁਲਿਸ ਫੋਰਸ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ ਹੋਰ ਵਿਭਾਗ ਜਿਵੇਂ ਕਿ ਆਪਾਤਕਾਲੀਨ ਸੇਵਾਵਾਂ ਆਦਿ ਦੇ ਵਿਭਾਗਾਂ ਨੇ ਵੀ ਬੀਤੇ ਦਿਨੀਂ ਮਹਾਂਮਾਰੀਆਂ ਅਤੇ ਬੁਸ਼ਫਾਇਰ ਦੌਰਾਨ ਆਪਣਾ ਕਿਰਦਾਰ ਨਿਭਾਇਆ -ਉਸਦੀ ਵੀ ਪ੍ਰਸ਼ੰਸਾ ਕੀਤੀ ਗਈ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਉਚੇਚੇ ਤੌਰ ਉਪਰ ਸਾਰਿਆਂ ਨੂੰ ਧੰਨਵਾਦ ਕਿਹਾ। ਉਨ੍ਹਾਂ ਕਿਹਾ ਪੁਲਿਸ ਫੋਰਸ ਦਾ ਹਰ ਇੱਕ ਪੱਧਰ ਦਾ ਸਿਪਾਹੀ ਜਾਂ ਅਧਿਕਾਰੀ ਪ੍ਰਸ਼ੰਸਾ ਅਤੇ ਧੰਨਵਾਦ ਦਾ ਹੱਕਦਾਰ ਹੈ ਅਤੇ ਅਸੀਂ ਰਾਜ ਦੇ ਨਿਵਾਸੀ ਹੋਣ ਕਾਰਨ ਸਾਰਿਆਂ ਦਾ ਹੀ ਸ਼ੁਕਰਗੁਜ਼ਾਰਦੇ ਹਾਂ। ਪੁਲਿਸ ਵਿਭਾਗਾਂ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਡੇਵਿਡ ਐਲਿਅਟ ਨੇ ਕਿਹਾ ਕਿ ਪੁਲਿਸ ਵਿਭਾਗ ਅਤੇ ਆਪਾਤਕਾਲੀਨ ਸੇਵਾਵਾਂ ਵਿੱਚ ਲੱਗੇ ਅਧਿਕਾਰੀਆਂ ਅਤੇ ਕਾਮਿਆਂ ਦੀ ਸੇਵਾ ਲਈ ਸਰਕਾਰ ਹਰ ਸਮੇਂ ਤਿਆਰ ਹੈ ਅਤੇ ਹਮੇਸ਼ਾ ਕਾਰਜਰਤ ਵੀ ਹੈ।  ਪੁਲਿਸ ਫੋਰਸ ਦੇ ਕਮਿਸ਼ਨਰ ਮਿਕ ਫਲਰ ਨੇ ਕਿਹਾ ਕਿ ਬੇਸ਼ੱਕ 2020 ਦਾ ਸਾਲ ਬਹੁਤ ਜ਼ਿਆਦਾ ਚਿੰਤਾ ਭਰਪੂਰ ਅਤੇ ਰੁਝੇਵਿਆਂ ਵਾਲਾ ਰਿਹਾ ਪਰੰਤੂ ਸਾਡੇ ਜਵਾਨਾਂ ਦੇ ਹੌਂਸਲਿਆਂ ਨੂੰ ਡਿਗਾ ਨਹੀਂ ਸਕਿਆ ਅਤੇ ਹਰ ਇੱਕ ਜਵਾਨ ਪੂਰੀ ਮੁਸਤੈਦੀ ਨਾਲ ਆਪਣੇ ਫਰਜ਼ਾਂ ਉਪਰ ਡਟਿਆ ਰਿਹਾ ਅਤੇ ਇਸ ਸਾਲ ਦੇ ਨਵੇਂ ਬੈਚ ਨੂੰ ਵੀ ਟ੍ਰੇਨਿੰਗ ਦੌਰਾਨ ਹੀ ਬਹੁਤ ਕੁੱਝ ਨਵਾਂ ਸਿੱਖਣ ਨੂੰ ਮਿਲਿਆ ਅਤੇ ਉਹ ਵੀ ਪ੍ਰੈਕਟਿਕਲੀ ਅਤੇ ਇਹ ਸਿਖਲਾਈ ਇਨ੍ਹਾਂ ਜਵਾਨਾਂ ਨੂੰ ਜੀਵਨ ਅਤੇ ਡਿਊਟੀ ਦੇ ਹਰ ਖੇਤਰ ਵਿੱਚ ਕੰਮ ਆਉਂਦੀ ਰਹੇਗੀ। ਜ਼ਿਕਰਯੋਗ ਹੈ ਕਿ ਰਾਜ ਸਰਕਾਰ ਨੇ ਪੁਲਿਸ ਪ੍ਰਸ਼ਾਸਨ ਦੀ ਨਫ਼ਰੀ ਵਧਾਉਣ ਲਈ ਵਾਧੂ 1500 ਜਵਾਨ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਅਤੇ ਇਸ ਵਾਸਤੇ 583 ਮਿਲੀਅਨ ਡਾਲਰ ਦਾ ਫੰਡ ਵੀ ਜਾਰੀ ਕੀਤਾ ਹੋਇਆ ਹੈ ਅਤੇ ਹੁਣ ਸਰਕਾਰ ਨੇ ਗੌਲਬਰਟ ਪੁਲਿਸ ਅਕੈਡਮੀ ਨੂੰ ਨਵਿਆਉਣ ਵਾਸਤੇ 60 ਮਿਲੀਅਨ ਡਾਲਰ ਦਾ ਵਾਧੂ ਫੰਡ ਦਾ ਵੀ ਐਲਾਨ ਕੀਤਾ ਹੈ।

Install Punjabi Akhbar App

Install
×