ਐਨ.ਆਰ.ਐਲ. ਖਿਡਾਰੀ ਪੈਨੇ ਹਾਸ ਦੀ ਮਾਂ ਹਿਰਾਸਤ ਵਿੱਚ, 3 ਲੋਕਾਂ ਨੂੰ ਹਾਦਸੇ ਵਿੱਚ ਮਾਰਨ ਦੇ ਦੋਸ਼: ਨਹੀਂ ਹੋਈ ਜ਼ਮਾਨਤ

ਬੀਤੇ ਸਾਲ ਦੇ ਅੰਤ ਦੌਰਾਨ ਦਿਸੰਬਰ ਦੀ 30 ਤਾਰੀਖ਼ ਨੂੰ ਗੋਲਡ ਕੋਸਟ ਹਿੰਟਰਲੈਂਡ ਵਿੱਚ ਇੱਕ ਕਾਰ ਹਾਦਸੇ ਦੌਰਾਨ ਸੁਸਾਨ ਜਿਮਰ (70); ਉਨ੍ਹਾਂ ਦੇ ਪਤੀ ਕ੍ਰਿਸ ਫਾਅਸੈਟ (79); ਅਤੇ ਜਿਮਰ ਦੀ ਬੇਟੀ -ਸਟੈਫ਼ਨੀ (35) ਦੀ ਇੱਕ ਕਾਰ ਹਾਦਸੇ ਦੌਰਾਨ ਜ਼ਖ਼ਮੀ ਹੋਣ ਕਾਰਨ ਮੌਤ ਹੋ ਗਈ।
ਬੋਨੋਗਿਨ ਵਿਖੇ ਹੋਏ ਹਾਦਸੇ ਦੌਰਾਨ ਮ੍ਰਿਤਕਾਂ ਦੀ ਕਾਰ ਨਾਲ, ਇੱਕ ਗਲਤ ਦਿਸ਼ਾ ਵਿੱਚ ਆਉਂਦੀ ਕਾਰ ਟਕਰਾ ਗਈ ਅਤੇ ਹਾਦਸਾ ਵਾਪਰ ਗਿਆ।
ਗਲਤ ਦਿਸ਼ਾ ਵਿੱਚ ਆ ਰਹੀ ਕਾਰ ਨੂੰ ਐਨ.ਆਰ.ਐਲ. ਖਿਡਾਰੀ ਪੈਨੇ ਹਾਸ ਦੀ ਮਾਤਾ (46 ਸਾਲਾਂ ਦੀ ਜੁਆਨ ਟੁਆਫਾ) ਹੀ ਚਲਾ ਰਹੀ ਸੀ ਅਤੇ ਇਸ ਹਾਦਸੇ ਦੌਰਾਨ ਮਾਮੂਲੀ ਜ਼ਖ਼ਮੀ ਵੀ ਹੋਈ ਸੀ। ਉਸਨੂੰ ਉਸਦੀ ਮਰਸਡੀਜ਼ ਕਾਰ ਵਿੱਚੋਂ ਪੁਲਿਸ ਵੱਲੋਂ ਨਿਕਾਲਿਆ ਗਿਆ ਸੀ ਅਤੇ ਉਸ ਉਪਰ ਗਲਤ ਡ੍ਰਾਇਵਿੰਗ ਅਤੇ 3 ਲੋਕਾਂ ਨੂੰ ਮਾਰਨ ਦੇ ਦੋਸ਼ ਲਗਾਏ ਗਏ ਹਨ।
ਅੱਜ ਅਦਾਲਤ ਵਿੱਚ ਪੇਸ਼ੀ ਦੌਰਾਨ ਟੁਆਫਾ ਦੇ ਵਕੀਲ ਲੇ ਜੋਹਨਸਨ ਨੇ ਦੱਸਿਆ ਕਿ ਹਾਲੇ ਉਨ੍ਹਾਂ ਦੇ ਮੁਅੱਕਿਲ ਦੀ ਜ਼ਮਾਨਤ ਨਹੀਂ ਹੋਈ ਹੈ ਕਿਉਂਕਿ ਉਹ ਹਾਲੇ ਹਾਦਸੇ ਕਾਰਨ ਭਾਰੀ ਸਦਮੇ ਵਿੱਚ ਹਨ ਅਤੇ ਕੁੱਝ ਵੀ ਬੋਲਣ ਤੋਂ ਅਸਮਰਥ ਹਨ। ਅਦਾਲਤ ਵੱਲੋਂ ਮਾਰਚ 9 ਦੀ ਤਾਰੀਖ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਟੁਆਫਾ ਉਪਰ ਪਹਿਲਾਂ ਤੋਂ ਹੀ ਦੋਸ਼ ਲਗਦੇ ਰਹੇ ਹਨ ਅਤੇ ਸਟਾਰ ਕਸੀਨੋ ਦੇ ਸੁਰੱਖਿਆ ਗਾਰਡਾਂ ਨਾਲ ਮਾੜਾ ਵਿਵਹਾਰ ਅਤੇ ਉਨ੍ਹਾਂ ਨਾਲ ਹੱਥੋਪਾਈ ਕਰਨ ਦੇ ਇਲਜ਼ਾਮ ਤਹਿਤ ਉਹ 9 ਮਹੀਨਿਆਂ ਦੀ ਸਜ਼ਾ ਵੀ ਭੁਗਤ ਚੁਕੇ ਹਨ।
ਟੁਆਫਾ ਨੂੰ ਹਾਲ ਦੀ ਘੜੀ ਵੁਮੇਨ ਕੁਰੈਕਸ਼ਨਲ ਸੈਂਟਰ ਵਿੱਚ ਰੱਖਿਆ ਗਿਆ ਹੈ।