ਐਨ.ਆਰ.ਐਲ. ਕਾਓਬਾਇਜ਼ ਖਿਡਾਰੀ ਉਪਰ ਘਰੇਲੂ ਹਿੰਸਾ ਦਾ ਮਾਮਲਾ ਦਰਜ

ਵਰਲਡ ਕੱਪ ਰਗਬੀ ਮੈਚਾਂ ਵਿੱਚੋਂ ਹੋਇਆ ਬਾਹਰ

ਉੱਤਰੀ ਕੁਈਨਜ਼ਲੈਂਡ ਦੇ 26 ਸਾਲਾਂ ਦੇ ਦੂਸਰੇ ਨੰਬਰ ਦੇ ਰੋਵਰ -ਲੂਸੀਆਨੋ ਲੇਲੂਆ ਉਪਰ ਇੱਕ 26 ਸਾਲਾਂ ਦੀ ਮਹਿਲਾ ਨੇ ਹੀ ਘਰੇਲੂ ਹਿੰਸਾ ਤਹਿਤ ਮੁਕੱਦਮਾ ਦਰਜ ਕੀਤਾ ਹੈ ਅਤੇ ਇਲਜ਼ਾਮ ਲਗਾਏ ਹਨ ਕਿ ਇਸੇ ਮਹੀਨੇ ਦੀ 3 ਤਾਰੀਖ ਨੂੰ ਉਕਤ ਖਿਡਾਰੀ ਨੇ ਉਸਦੇ ਘਰ ਅੰਦਰ ਹੀ ਉਕਤ ਮਹਿਲਾ ਨਾਲ ਬੁਰਾ ਵਿਵਹਾਰ, ਲੜਾਈ ਝਗੜਾ ਕੀਤਾ ਅਤੇ ਉਸਦਾ ਮੋਬਾਇਲ ਫੋਨ ਵੀ ਤੋੜ ਦਿੱਤਾ।
ਇਸ ਮੁਕੱਦਮੇ ਦੀ ਬਿਨਾਹ ਤੇ ਉਕਤ ਖਿਡਾਰੀ ਨੂੰ ਆਉਣ ਵਾਲੇ ਰਗਬੀ ਵਰਲਡ ਕੱਪ ਵਾਲੇ ਮੈਚਾਂ ਤੋਂ ਉਦੋਂ ਤੱਕ ਬਾਹਰ ਰਹਿਣਾ ਪਵੇਗਾ ਜਦੋਂ ਤੱਕ ਕਿ ਅਦਾਲਤ ਆਪਣੀ ਕਾਰਵਾਈ ਨਹੀਂ ਕਰ ਲੈਂਦੀ।
ਖਿਡਾਰੀ ਦੇ ਵਕੀਲ ਨੇ ਦਲੀਲ ਦਿੰਦਿਆਂ ਮਾਣਯੋਗ ਅਦਾਲਤ ਨੂੰ ਕਿਹਾ ਕਿ ਉਕਤ ਖਿਡਾਰੀ ਆਪਣੀ ਟੀਮ ਦੇ ਬਿਹਤਰੀਨ ਖਿਡਾਰੀਆਂ ਵਿੱਚੋਂ ਇੱਕ ਹੈ ਅਤੇ ਉਸਦੇ ਮੈਚ ਨਾ ਖੇਡਣ ਕਾਰਨ, ਟੀਮ ਦੀ ਸਾਖ ਨੂੰ ਧੱਕਾ ਲੱਗ ਸਕਦਾ ਹੈ। ਉਸ ਨੇ ਕਿਹਾ ਕਿ ਖਿਡਾਰੀ ਮਾਣਯੋਗ ਅਦਾਲਤ ਅਤੇ ਕਾਨੂੰਨ ਦਾ ਮਾਣ ਕਰਦਾ ਹੈ ਅਤੇ ਉਸ ਵੱਲੋਂ ਇਹ ਅਰਜ਼ੀ ਦਿੱਤੀ ਜਾਂਦੀ ਹੈ ਕਿ ਮੁਕੱਦਮਾ ਭਾਂਵੇਂ ਚਲਦਾ ਰਹੇ ਪਰੰਤੂ ਉਸਨੂੰ ਮੈਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਜਾਵੇ।
ਅਗਲੀ ਕਾਰਵਾਈ ਦਾ ਇੰਤਜ਼ਾਰ ਹੈ।