ਕਰੋਨਾ ਕਾਰਨ ਨੈਸ਼ਨਲ ਰਗਬੀ ਲੀਗ (ਐਨ.ਆਰ.ਐਲ.) 2020 ਮੁਲਤੱਵੀ

(ਐਸ.ਬੀ.ਐਸ.) ਦੇਸ਼ ਅੰਦਰ ਕੋਵਿਡ 19 ਦੇ ਮਾਰੂ ਅਸਰ ਨੂੰ ਦੇਖਦਿਆਂ ਹੋਇਆਂ ਨੈਸ਼ਨਲ ਰਗਬੀ ਲੀਗ (ਐਨ.ਆਰ.ਐਲ.) 2020, ਅਣਮਿੱਥੇ ਸਮੇਂ ਲਈ ਮੁਲਤੱਵੀ ਕਰ ਦਿੱਤੀ ਗਈ ਹੈ ਅਤੇ ਖਿਡਾਰੀਆਂ ਨੂੰ ਆਪਣਾ ਟ੍ਰੇਨਿੰਗ ਸੈਸ਼ਨ ਤੁਰੰਤ ਬੰਦ ਕਰ ਦੇਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸੋਮਵਾਰ ਦੁਪਹਿਰ ਤੱਕ ਤਾਂ ਖਿਡਾਰੀ ਪੂਰੇ ਆਸਵੰਦ ਸਨ ਕਿ ਮੈਚ ਹੋਣਗੇ ਪਰੰਤੂ ਬਾਅਦ ਦੁਪਹਿਰ ਉਨਾ੍ਹਂ ਨੂੰ ਜਦੋਂ ਲੀਗ ਦੇ ਮੁਲਤੱਵੀ ਹੋਣ ਦੀ ਸੂਚਨਾ ਮਿਲੀ ਤਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋਈ। ਇਸਤੋਂ ਇਲਾਵਾ ਸਾਰੇ ਖਿਡਾਰੀਆਂ ਨੂੰ ਇਹ ਹਦਾਇਤ ਵੀ ਕੀਤੀ ਗਈ ਕਿ ਸਭ ਆਪੋ ਆਪਣੀਆਂ ਜਗ੍ਹਾਵਾਂ ਉਪਰ ਜਾ ਕੇ ਸੈਲਫ ਆਈਸੋਲੇਸ਼ਨ ਵਿੱਚ ਜ਼ਰੂਰ ਜਾਣ ਅਤੇ ਇਸ ਨੂੰ ਬਿਲਕੁਲ ਵੀ ਅਣਦੇਖਾ ਜਾਂ ਅਣਗੋਲਿਆ ਨਾ ਕਰਨ। ਜ਼ਿਕਰਯੋਗ ਹੈ ਕਿ ਇਸ ਨਾਲ ਲੀਗ ਦੀ ਮਾਲੀ ਹਾਲਤ ਉਪਰ ਖਾਸਾ ਅਸਰ ਵੀ ਪੈਣ ਵਾਲਾ ਹੈ ਕਿਉਂਕਿ ਇਹ ਮੰਨਣਾ ਹੈ ਕਿ ਹਰ ਇੱਕ ਰਾਊਂਡ ਉਪਰ 13 ਮਿਲੀਅਨ ਡਾਲਰ ਬਰਾਡਕਾਸਟ ਦਾ ਖਰਚਾ ਹੈ ਅਤੇ ਇਸ ਸਾਲ ਵਿੱਚ ਇਹ ਖਰਚਾ ਤਕਰੀਬਨ 500 ਮਿਲੀਅਨ ਡਾਲਰ ਤੇ ਪਹੁੰਚਦਾ ਹੈ ਪਰੰਤੂ ਕਰੋਨਾ ਦੇ ਕਹਿਰ ਨੂੰ ਦੇਖਦਿਆਂ ਹੋਇਆਂ ਇਹ ਜ਼ਰੂਰੀ ਫੈਸਲਾ ਲਿਆ ਗਿਆ ਹੈ। ਸਮੁੱਚੇ ਸਟਾਫ ਨੂੰ ਹੀ ਸੋਮਵਾਰ ਤੋਂ ਹੀ ਸਾਲਾਨਾ ਛੁੱਟੀ ਉਪਰ ਜਾਣ ਦੀ ਹਦਾਇਤ ਦਿੱਤੀ ਜਾ ਚੁਕੀ ਹੈ ਅਤੇ ਵਿਭਾਗ ਨੂੰ ਇੱਕ ਮਈ ਤੱਕ ਬੰਦ ਕਰ ਦੇਣ ਦਾ ਫੈਸਲਾ ਲਿਆ ਗਿਆ ਹੈ।