ਕੌੜਾ ਮਿੱਠਾ ਸਫ਼ਰ- ਜ਼ਮੀਨਾ-ਜਾਇਦਾਦਾਂ ਵਿੱਚ ਵੱਟ ਕੇ ਪੰਜਾਬ ਵਿਚੋਂ ਸਰਮਾਇਆ ਬਾਹਰ ਲਿਜਾ ਰਹੇ ਨੇ ਪਰਦੇਸੀ ਪੰਜਾਬੀ

homeforsale0001

ਜੁਲਾਈ 2014 ਦੇ ਆਖ਼ਰੀ ਹਫ਼ਤੇ ਤੋਂ ਲੈਕੇ ਸਤੰਬਰ 2014 ਦੇ ਅੱਧ ਡੇਢ ਕੁ ਮਹੀਨਾ ਅਮਰੀਕਾ  ਅਤੇ ਕੈਨੇਡਾ ਦੀ ਫੇਰੀ ਪਾ ਕੇ ਆਇਆ ਹਾਂ ।ਇਨ੍ਹਾਂ ਵੱਡੇ ਅਤੇ ਵਿਕਸਤ ਮੁਲਕਾਂ ਵਿਚ ਘੁੰਮਦਿਆਂ ਕਈ ਸ਼ਹਿਰ, ਕਸਬੇ ਅਤੇ ਖੇਤ ਖਲਿਆਣ ਦੇਖੇ , ਬਹੁਤ ਸਾਰੇ ਦੋਸਤਾਂ ਮਿੱਤਰਾਂ, ਪ੍ਰੇਮੀਆਂ, ਮੀਡੀਆ-ਮਿੱਤਰਾਂ ਅਤੇ ਪਰਦੇਸੀ ਹੋਏ ਲੋਕਾਂ ਨਾਲ ਮੇਲ -ਮਿਲਾਪ ਅਤੇ ਰਹਿਣ-ਸਹਿਣ ਦਾ ਮੌਕਾ ਮਿਲਿਆ।ਮੇਰੀ ਇਹ ਫੇਰੀ ਜ਼ਾਤੀ ਵੀ ਸੀ ਅਤੇ ਮੀਡੀਆ ਕਿੱਤੇ ਸਬੰਧੀ ਵੀ ।ਦਰਅਸਲ ਪੱਤਰਕਾਰੀ ਦਾ ਕਿੱਤੇ ਦੀ ਸਰਗਰਮੀ ਅਤੇ ਨਿੱਜੀ ਅਤੇ ਪਰਿਵਾਰਕ ਜਾਂ ਸਮਾਜਿਕ ਰਿਸ਼ਤੇ ਇੰਨੇ ਰਲਗੱਡ ਹੋ ਗਏ  ਨੇ ਕਿ ਬਹੁਤ ਵਾਰ ਇਨ੍ਹਾਂ ਵਿਚਕਾਰ ਲਕੀਰ ਖਿੱਚਣੀ ਔਖੀ ਜਾਂਦੀ ਹੈ ।ਗੋਰੇ ਲੋਕਾਂ ਵਾਲੇ ਮੁਲਕਾਂ ਦੇ ਸਭਿਆਚਾਰ  ਵਿਚ ਇਹ ਲਕੀਰ ਬਹੁਤ ਸਪਸ਼ਟ ਖਿੱਚ ਕੇ ਰੱਖਣ ਦੀ ਰਵਾਇਤ ਹੈ ।ਖ਼ੈਰ,ਆਪਣੇ ਸ਼ਹਿਰ -ਪਿੰਡ, ਸੂਬੇ ਜਾਂ ਮੁਲਕ ਤੋਂ ਬਾਹਰਲਾ ਹਰ ਸਫ਼ਰ ਹੀ ਰੌਚਿਕ ਹੁੰਦਾ ਹੈ , ਨੇਵਕਲਾ ਹੁੰਦਾ ਹੈ , ਮਾਨਵੀ ਰਿਸ਼ਤਿਆਂ ਨੂੰ ਤਰੋ ਤਾਜ਼ਾ ਕਰਨ ਵਾਲਾ ਹੁੰਦਾ ਹੈ ਤੇ ਇਸ ਤੋਂ ਵੱਧ ਨਵੇਂ ਗਿਆਨ-ਭੰਡਾਰ ਅਤੇ ਤਜ਼ਰਬੇ ਭਰਿਆ ਹੁੰਦਾ ਹੈ।ਹਰ ਵਾਰ ਕਈ ਕਈ ਮਿੱਠੇ -ਕੌੜੇ ਯਾਦਗਾਰੀ ਪਲ ਵੀ ਹੁੰਦੇ ਨੇ।ਇਨ੍ਹਾਂ ਨੂੰ ਮੋਟੇ ਤੌਰ ਤੇ ਟੋਟਿਆਂ ਵਿਚ ਆਪਣੇ ਪਾਠਕਾਂ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ।ਇਸ  ਵਿਚ ਸਮੇਂ ਜਾਂ ਸਥਾਨ ਦੀਆਂ ਫੇਰਿਆਂ ਦੀ ਤਰਤੀਬ ਦਾ ਬੰਧੇਜ ਨਹੀਂ ਹੈ ।

ਇਹ ਗੱਲ ਅਗਸਤ ਦੇ ਆਖ਼ਰੀ ਹਫ਼ਤੇ ਦੀ ਹੈ।ਮੈਂ ਬੀ ਸੀ ਸੂਬੇ ਦੀ ਨਾਮਵਰ ਕਾਰੋਬਾਰੀ ਅਤੇ ਸਮਾਜੀ ਹਸਤੀ ਅਤੇ ਸੁਖੀ ਮੋਟਰਜ਼ ਦੇ ਮਾਲਕ ਸੁੱਖੀ ਬਾਠ ਨੂੰ ਮਿਲਣ ਗਿਆ। ਉਸਦੇ ਦਫ਼ਤਰ  ਵਿਚੋਂ ਲੰਘਦਿਆਂ ਮੇਰੀ ਨਜ਼ਰ ਦੀਵਾਰ ਤੇ ਲੱਗੇ ਇਕ ਪੋਸਟਰ ਤੇ ਪਈ ।ਇਸ ਦਾ ਸਿਰਲੇਖ ਸੀ -ਪੰਜਾਬ ਵਿਚ  ਜ਼ਮੀਨਾਂ-ਕੋਠੀਆਂ ਵਿਕਾਊ ਹਨ ।ਨੇੜੇ ਹੋਕੇ ਦੇਖਿਆ। ਇਹ ਪੰਜਾਬ ਦੇ ਵੱਖ ਵੱਖ ਪਿੰਡਾਂ ਦੀਆਂ ਜ਼ਮੀਨਾਂ ਦੀ ਇੱਕ ਲੰਮੀ ਲਿਸਟ ਸੀ ।ਤਿੰਨ ਕੁ ਦਰਜਨ ਤੇ ਕੁਝ ਕੋਠਿਆਂ ਦਾ ਵੀ ਜ਼ਿਕਰ ਸੀ ।ਬਹੁਤੀਆਂ ਦੋਆਬੇ ਦੀਆਂ ਹੀ ਸਨ।ਮੈਨੂੰ ਉਤਸੁਕਤਾ ਹੋਈ। ਸੁੱਖੀ ਬਾਠ ਨੂੰ ਪੁੱਛਿਆ। ਉਨ੍ਹਾ ਦੱਸਿਆ ਕਿ ”ਇਹ ਉਹ ਜ਼ਮੀਨਾਂ ਨੇ ਜੋ ਕਿ ਪਰਦੇਸੀ ਪੰਜਾਬੀਆਂ ਨੇ ਸੇਲ’ਤੇ ਲਾਈਆਂ ਨੇ ।ਇਹੋ ਜਿਹੀਆਂ ਹੋਰ ਬਹੁਤ ਜ਼ਮੀਨਾਂ ਅਤੇ ਜਾਇਦਾਦਾਂ ਨੇ ਜੋ ਕਿ ਐਨ ਆਰ ਆਈਜ਼ ਵੇਚਣਾ ਚਾਹੁੰਦੇ ਨੇ ।ਉਨ੍ਹਾ ਕੋਲ ਰੋਜ਼ਾਨਾ ਹੀ ਅਜਿਹੇ ਐਨ ਆਰ ਆਈਜ਼ ਦੇ ਸੁਨੇਹੇ ਆਉਂਦੇ ਨੇ  ਜਿਹੜੇ ਪੰਜਾਬ ਵਿਚਲੀਆਂ ਆਪਣੀਆਂ ਜਾਇਦਾਦਾਂ ਵੇਚਕੇ ਸੁਰਖੁਰੂ ਹੋਣਾ ਚਾਹੁੰਦੇ ਨੇ ਅਤੇ ਉਥੋਂ ਦੀ ਵੱਟਤ ਨੂੰ ਆਪਣੇ ਹਨ ਵਾਲੇ ਰਿਹਾਇਸ਼ੀ ਮੁਲਕਾਂ ਵਿਚ ਹੀ ਇਨਵੈਸਟ ਕਰਨਾ  ਚਾਹੁੰਦੇ ਨੇ॥ਜ਼ਮੀਨ ਜ਼ਾਇਦਾਦ ਦੇ ਮਸਲਿਆਂ ਨਾਲ ਨਿਪਟਣ ਜਾਂ ਇਨ੍ਹਾ ਨੂੰ ਵੇਚਣ ਲਈ ਨਾ ਤਾਂ ਉਨ੍ਹਾ ਕੋਲ ਸਮਾ ਹੁੰਦਾ ਹੈ , ਨਾ ਹੀ  ਉਥੋਂ ਦੇ ਪ੍ਰਬੰਧ ਵਿਚ ਛੇਤੀ ਮਸਲੇ ਹੱਲ ਹੁੰਦੇ  ਨੇ ਏਸ ਲਈ ਅਸੀਂ ਐਨ ਆਰ ਆਈ ਸੌਲਿਊਸ਼ਨਜ਼ ਨਾਮ ਦੀ ਕੰਪਨੀ ਕਾਇਮ ਕੀਤੀ ਹੋਈ ਹੈ । ਜਿਹੜਾ ਸਾਡੇ ਕੋਲ ਪਹੁੰਚ ਕਰਦਾ ਹੈ ਅਸੀਂ ਉਸਨੂੰ ਪ੍ਰੋਫੈੱਸ਼ਨਲ ਸੇਵਾਵਾਂ ਦੇਕੇ ਉਸਦੀ ਮੱਦਦ ਕਰਨ ਦਾ ਯਤਨ ਕਰਦੇ ਹਾਂ।”

ਸੁੱਖੀ ਬਾਠ ਦੇ ਨਾਲ ਹੀ ਮਿਲੇ ਮੇਰੇ ਦੋਸਤ ਬਿਲ ਸੰਧੂ ਦਾ ਕਹਿਣਾ ਸੀ ਪਰਦੇਸੀ ਪੰਜਾਬੀ ਇਹ ਸੋਚਦੇ ਨੇ ਕਿ ਉਨ੍ਹਾ ਦੀ ਅਗਲੀ ਪੀੜ੍ਹੀ ਨੇ ਤਾਂ ਵਾਪਸ ਆਪਣੇ ਮੁਲਕ ਜਾਣਾ ਨਹੀਂ।ਇਸ ਲਈ ਇਨ੍ਹਾਂ ਜ਼ਮੀਨਾਂ ਜਾਇਦਾਦਾਂ ਦੀ ਸਾਂਭ -ਸੰਭਾਲ ਕੌਣ ਕਰੇ।ਜ਼ਮੀਨ ਜ਼ਾਇਦਾਦ ਦੇ ਮਸਲਿਆਂ ਨਾਲ ਨਿਪਟਣ ਜਾਂ ਇਨ੍ਹਾ ਨੂੰ ਵੇਚਣ ਲਈ ਨਾ ਤਾਂ ਉਨ੍ਹਾ ਕੋਲ ਸਮਾਂ ਹੁੰਦਾ ਹੈ , ਨਾ ਹੀ  ਉਥੋਂ ਦੇ ਪ੍ਰਬੰਧ ਵਿਚ ਛੇਤੀ ਮਸਲੇ ਹੱਲ ਹੁੰਦੇ  ਨੇ ਜ਼ਮੀਨਾਂ-ਜਾਇਦਾਦਾਂ ਵੇਚਣ ਦੇ ਏਸ ਮਾਮਲੇ ਬਾਰੇ ਜਦੋਂ ਕੁਝ ਹੋਰਨਾ ਐਨ ਆਰ ਆਈ ਦੋਸਤਾਂ ਨਾਲ ਗੱਲਬਾਤ ਕੀਤੀ ਤਾਂ ਇੱਕ ਅਹਿਮ ਇਹ ਤੱਥ ਵੀ ਸਾਹਮਣੇ ਆਇਆ ਕਿ ਆਪਣੀਆਂ ਜ਼ਮੀਨਾ , ਕੋਠੀਆਂ ਜਾਂ ਪਲਾਟ ਆਦਿਕ ਦੀ ਸੁਰੱਖਿਆ ਉਨ੍ਹਾ ਲਈ ਬਹੁਤ ਵੱਡਾ ਮਸਲਾ ਹੈ ।ਉਨ੍ਹਾ ਨੂੰ ਹਰ ਵੇਲੇ ਇਹੀ ਧੁੜਕੂ ਰਹਿੰਦਾ ਹੈ ਕਿ ਪੰਜਾਬ ਵਿਚਲੀ ਉਨ੍ਹਾ ਦੀ ਜਾਇਦਾਦ ਤੇ ਕੋਈ ਕਬਜ਼ਾ ਨਾ ਕਰ ਲਵੇ , ਕੋਈ ਇਸ ਨੂੰ ਦੱਬ ਨਾ ਲਵੇ ਜਾਂ ਇਹ ਕਿਸੇ ਕਾਨੂੰਨੀ ਜਾਂ ਪੁਲਸੀ ਉਲਝਣ ਵਿਚ ਨਾ ਪੈ ਜਾਵੇ ।ਜਾਂ ਫਿਰ ਖ਼ਾਲੀ ਪਈਆਂ ਕੋਠੀਆਂ ਅਤੇ ਮਕਾਨ ਖੋਲੇ ਹੀ ਨਾ ਬਣ ਜਾਣ।

ਇਹ ਹਕੀਕਤ ਤਾਂ ਜੱਗ ਜ਼ਾਹਰ  ਹੈ ਕਿ ਬਹੁਤ ਸਾਰੇ ਅਜਿਹੇ ਜ਼ਮੀਨੀ ਝਗੜੇ , ਐਨ ਆਰ ਆਈਜ਼ ਦੇ ਆਪਣੇ ਸਕੇ ਸਬੰਧੀਆਂ ਜਾਂ ਹਿੱਸੇਦਾਰਾਂ ਨਾਲ ਹੀ ਹੁੰਦੇ ਰਹੇ ਨੇ।ਅਜਿਹੇ  ਮੌਕੇ ਇੱਧਰਲੇ ਲੋਕ ਮਾਇਆ  ਜਾਂ ਸਿਆਸੀ ਜੋੜ-ਤੋੜ ਨਾਲ ਪੁਲਿਸ  ਅਤੇ ਪਰਬੰਧਕੀ ਮਸ਼ੀਨਰੀ ਨੂੰ ਕਾਬੂ ਕਰਕੇ , ਪਰਦੇਸੀਆਂ ਦੇ ਪੈਰ ਨਹੀਂ ਲੱਗਣ ਦਿੰਦੇ।ਇਹ ਵੀ ਧਿਆਨ ਵਿਚ ਹੈ ਕਿ ਪੰਜਾਬ ਵਿਚ ਆਪਣੇ ਪਿੰਡ, ਕਸਬੇ ਜਾਂ ਸ਼ਹਿਰ ਅਤੇ ਲੋਕਾਂ  ਨਾਲ ਰਾਬਤਾ ਰੱਖਣ ,ਉਥੋਂ ਦੀ ਬਿਹਤਰੀ ਲਈ ਕੁਝ ਯੋਗਦਾਨ ਪਾਉਣ ਅਤੇ ਪੰਜਾਬ ਨੂੰ ਵੀ ਵਿਕਸਤ ਮੁਲਕ ਵਰਗਾ ਦੇਖਣ ਦੀ ਉਨ੍ਹਾ ਤਾਂਘ ਅਤੇ ਕੋਸ਼ਿਸ਼ ਰਹਿੰਦੀ ਹੈ ਪਰ ਹੋਰਨਾਂ ਦੇ ਕੌੜੇ ਤਜ਼ਰਬੇ ਨੂੰ ਦੇਖਦੇ ਹੋਏ , ਬਾਕੀ ਵੀ ਅਜਿਹੀ ਉਲਝਣ ਤੋਂ ਬਚਣ ਲਈ ਪੰਜਾਬ ਵਿਚੋਂ ਆਪਣੀ ਜਾਇਦਾਦ ਨੂੰ ਵੇਚ ਵੱਟ ਕੇ ਇਸ ਦੀ ਵੱਟਤ , ਉੱਥੇ ਹੀ ਲਾਉਣਾ ਚਾਹੁੰਦੇ ਨੇ ਜਿਹੜੇ ਮੁਲਕ ਵਿਚ ਉਹ ਰਹਿ ਰਹੇ ਨੇ। ਹਾਂ ਕੁਝ ਫ਼ੀ ਸਦੀ ਅਜਿਹੇ ਵੀ ਜਿਹੜ ਕਿਸੇ  ਨਾ ਕਿਸੇ ਰੂਪ  ਵਿਚ ਪੰਜਾਬ ਵਿਚ ਆਪਣਾ ਤਾਣਾ- ਬਾਣਾ  ਬਣਾਈ ਰੱਖ ਰਹੇ ਨੇ  ਅਤੇ ਭਵਿੱਖ ਵਿਚ ਵੀ ਰੱਖਣ ਦੇ ਯਤਨ ਵਿੱਚ ਨੇ । ਕੁਝ ਤਾਂ ਆਪਣੇ ਬੱਚਿਆਂ ਨੂੰ ਵੀ ਪੰਜਾਬ ਵਿਚ ਪੜ੍ਹਾਉਣ ਨੂੰ ਤਰਜ਼ੀਹ ਦੇ ਰਹੇ ਨੇ।

ਮਿਸਾਲ ਲਈ ਪਾਲ ਬਰਾੜ  ਦੇ -ਹਾਲ ਵਿਚ ਮਿਲੇ ਗਰੇਵਾਲ ਨੇ ਦੱਸਿਆ ਕਿ ਮੈਂ ਤਾਂ ਆਪਣੇ ਪੁੱਤ ਅਤੇ ਉਸਦੇ ਪਰਿਵਾਰ ਨੂੰ ਲੁਧਿਆਣੇ ਵਿੱਚ ਰੱਖਿਆ ਹੋਇਆ  ਹੈ ।ਪਰ ਮੇਰਾ ਪ੍ਰਭਾਵ ਇਹ ਹੈ ਕਿ ਅੱਜ ਤੋਂ ਕੁਝ ਵਰ੍ਹੇ ਪਹਿਲਾਂ ਜਦੋਂ ਕਨੇਡਾ- ਅਮਰੀਕਾ ਦੀ ਫੇਰੀ ਤੇ ਜਾਈਦਾ ਸੀ ਜਾਂ  ਉਧਰੋਂ ਦੋਸਤ ਮਿੱਤਰ ਮਿਲਣ ਲਈ ਆਉਂਦੇ ਸਨ ਤਾਂ ਉਹ ਜਾਂ ਤਾਂ ਕੋਈ ਕਾਰੋਬਾਰ ਕਰਨ, ਇਥੇ ਇਨਵੈਸਟਮੈਂਟ ਲਈ ਕੋਈ ਪਲਾਟ ਜਾਂ ਜ਼ਮੀਨ ਲੈਣ ਦੀ ਸਲਾਹ ਕਰਦੇ ਸਨ, ਮੇਰੇ ਵਰਗਿਆਂ ਨੂੰ ਅਜਿਹੀ ਖ਼ਰੀਦ ਲਈ ਅਧਿਕਾਰ ਵੀ ਦੇਣ ਨੂੰ ਤਿਆਰ ਹੁੰਦੇ ਸਨ ਪਰ ਮੇਰਾ ਮਨ ਉਸ ਵੇਲੇ ਉਦਾਸ ਜਿਹਾ ਹੋ ਜਾਂਦਾ ਹੈ ਜਦੋਂ ਹੁਣ ਉਹੀ ਜਾਂ ਉਹੋ ਜਿਹੇ ਹੀ ਪਰਦੇਸੀ ਦੋਸਤ ਆਪਣੀ ਇਧਰਲੀ ਜਾਇਦਾਦ ਵੇਚ- ਵੱਟਕੇ ਸਮੇਟਣ ਲਈ ਗਾਹਕ ਲੱਭਣ ਲਈ ਕਹਿੰਦੇ ਨੇ ।

ਪੰਜਾਬ ਦੇ ਬਹੁਤ ਸਾਰੇ ਇਲਾਕਿਆਂ  ਅਤੇ ਖ਼ਾਸ ਕਰਕੇ ਦੋਆਬੇ  ਵਿੱਚ ਆਪਣੇ ਪਿੰਡਾਂ-ਕਸਬਿਆਂ ਵਿਚ ਜ਼ਹਾਜ਼ਨ ਅਤੇ ਸਜਾਵਟੀ ਟੈਂਕੀਆਂ ਵਾਲੀਆਂ ਮਹਿਲਾਂ ਵਰਗੀਆਂ  ਖੁਲ੍ਹੀਆਂ ਕੋਠੀਆਂ ਜਾਂ ਕੋਠੀ-ਨੁਮਾ  ਫਾਰਮ ਹਾਊਸ ਬਨਾਉਣ ਦਾ ਰਿਵਾਜ ਜੱਗ ਜ਼ਾਹਰ ਸੀ।ਸੰਸਾਰ ਭਰ ਦੇ ਮੀਡੀਆ ਵਿਚ ਇਸ ਨਵੇਕਲੇ ਵਰਤਾਰੇ ਦੀ ਚਰਚਾ ਵੀ ਹੁੰਦੀ ਸੀ।ਇਹ ਵਰਤਾਰਾ ਪਰਦੇਸੀ ਹੋਏ ਉਨ੍ਹਾ ਪੰਜਾਬੀਆਂ ਦੇ ਮਨ ਸਨਮਾਨ ਜਾਂ ਟੌਹਰ  ਦਾ ਪ੍ਰਤੀਕ ਵੀ ਮੰਨਿਆ ਜਾਂਦਾ ਸੀ ।ਸਾਲ -ਛੇ ਮਹੀਨੇ ਬਾਅਦ ਜਦੋਂ ਉਹ ਆਉਂਦੇ ਤਾਂ ਆਪਣੇ ਇਨ੍ਹਾ ਘਰਾਂ ਨੂੰ ਸਾਫ਼- ਸਫ਼ਾ ਕਰਕੇ ਉਹ ਬਹੁਤ ਮਾਣ ਨਾਲ ਇਨ੍ਹਾ ਵਿਚ ਰਿਹਾ ਕਰਦੇ ਸਨ।ਪਰ ਹੁਣ ਪਿੰਡਾਂ ਅਤੇ ਕਸਬਿਆਂ ਵਿਚ  ਨਵੀਆਂ ਕੋਠੀਆਂ ਅਤੇ ਅਜਿਹੇ ਘਰ ਬਣਾਉਣ ਦਾ ਰੁਝਾਨ  ਸਿਰਫ਼ ਘੱਟ ਹੀ ਨਹੀਂ ਰਿਹਾ ਸਗੋਂ ਜਿਹੜੀਆਂ ਬਣੀਆਂ ਹੋਈਆਂ ਸਨ , ਉਨ੍ਹਾ ਵਿੱਚੋਂ ਵੀ ਬਹੁਤ ਸਾਰੀਆਂ ਵਿਕਾਊ ਹੋ ਰਹੀਆਂ ਨੇ ।ਵੱਧ ਤੋਂ ਵੱਧ ਉਹ ਚੰਡੀਗੜ੍ਹ, ਮੁਹਾਲੀ ਜਾਂ ਕਿਸੇ ਅਜਿਹੇ ਹੀ ਕਲੋਨੀਨੁਮਾ ਸੁਰੱਖਿਅਤ ਇਲਾਕੇ  ਵਿਚ ਕੋਈ ਚੰਗਾ ਜਿਹਾ ਫਲੈਟ ਖ਼ਰੀਦ ਕੇ ਰੱਖਣ ਦੇ ਇੱਛੁਕ ਜ਼ਰੂਰ ਹੋਣਗੇ।ਅਫ਼ਸੋਸ ਦੀ ਗੱਲ ਤਾਂ ਇਹ ਹੈ ਕੁਝ ਸਮਾਂ ਪਹਿਲਾਂ ਪੰਜਾਬ ਵਿਚ ਐਨ ਆਰ ਆਈਜ਼ ਦੇ ਨਿਵੇਸ਼ ਲਈ ਜੋ ਕੋਸ਼ਿਸ਼ਾਂ ਜਾਂ ਐਲਾਨ- ਬਿਆਨ ,ਵਾਅਦੇ ਤੇ ਦਾਅਵੇ ਸਰਕਾਰ ਦੇ ਹੁੰਦੇ ਸਨ , ਹੁਣ ਉਨ੍ਹਾ ਦੀ ਸੁਰ ਵੀ ਮੱਧਮ ਹੋ ਗਈ ਹੈ।

ਇਸ ਵਰਤਾਰੇ ਦੀ ਤਬਦੀਲੀ ਦੇ ਕਾਰਨ ਭਾਵੇਂ ਕਈ ਹਨ । ਕੁਝ ਤਬਦੀਲੀਆਂ ਤਾਂ ਇਸ ਗਲੋਬਲ ਬਾਜ਼ਾਰੀ ਯੁੱਗ ਵਿਚ ਹੋਣੀਆ ਲਾਜ਼ਮੀ ਹੀ ਹਨ ਪਰ ਇਸ ਵਿਚੋਂ ਇਹ ਹਕੀਕਤ ਉਭਰਕੇ ਆਉਂਦੀ ਹੈ ਕਿ ਜਿਹੜੇ ਪਰਦੇਸੀ ਪੰਜਾਬੀ ਵਿਦੇਸ਼ ਵਿਚੋਂ ਕਮਾ ਕੇ ਪੰਜਾਬ ਵਿਚ ਆਕੇ ਖ਼ਰਚ ਕਰਦੇ ਸਨ , ਇਥੋਂ ਦੇ ਅਰਚਥਚਾਰੇ ਦੀ ਮਸ਼ੀਨ ਨੂੰ ਤੇਲ ਦਿੰਦੇ ਸਨ । ਮੈਨੂੰ ਯਾਦ ਹੈ ਕੁਝ ਵਰ੍ਹੇ ਪਹਿਲਾ ਯੂ ਐਨ ਓ ਦੀ ਇੱਕ ਸੰਸਥਾ ਦੀ ਰਿਪੋਰਟ ਆਈ ਸੀ ਪੰਜਾਬ ਦੇ ਮਾਨਵੀ ਵਿਕਾਸ ਬਾਰੇ , ਇਸ ਵਿਚ ਵਿਸ਼ਵ ਬੈਂਕ ਦੇ ਹਵਾਲੇ ਨਾਲ ਇਹ ਕਿਹਾ ਗਿਆ ਸੀ ਅੱਤਵਾਦ  ਅਤੇ ਹਿੰਸਾ ਦੇ ਪੰਜਾਬ  ਦੇ ਸੰਤਾਪ ਭਰੇ ਦੌਰ ਦੌਰਾਨ ਸੂਬੇ ਦੇ  ਖਿੰਡੇ ਹੋਏ ਅਰਥਚਾਰੇ ਨੂੰ ਜੇ ਕਿਸੇ ਪਾਸਿਓਂ ਠੁੰਮ੍ਹਣਾ ਜਾ ਸਹਾਰਾ ਮਿਲਿਆ ਸੀ ਤਾਂ ਉਹ ਪਰਦੇਸੀ ਭਾਰਤੀਆਂ  ਦੇ ਕਮਾਏ ਹੋਏ ਧਨ ਦੀ ਲਗਾਤਾਰ ਹੁੰਦੀ ਰਹੀ ਆਮਦ ਸੀ ਪਰ ਹੁਣ ਇਸਦੇ ਉਲਟਾ ਰੁਝਾਨ ਸ਼ੁਰੂ ਹੋ ਗਿਆ ਹੈ। ਇਥੋਂ ਆਪਣੀ ਜ਼ਮੀਨ -ਜਾਇਦਾਦ ਵੇਚ ਵੱਟਕੇ ਸਰਮਾਇਆ ਆਪਣੇ ਰਿਹਾਇਸ਼ੀ ਮੁਲਕਾਂ ਵਿਚ ਲਿਜਾ ਰਹੇ ਨੇ।ਹਾਲਾਂਕਿ ਰੀਅਲ ਐਸਟੇਟ ਬਾਜ਼ਾਰ ਮੰਦੇ ਦਾ ਸ਼ਿਕਾਰ ਹੋਣ ਕਰਕੇ ਉਨ੍ਹਾ ਨੂੰ ਜਾਇਦਾਦ ਦੀ ਵਿੱਕਰੀ ਲਈ ਗਾਹਕ ਬਹੁਤ ਘੱਟ ਮਿਲ ਰਹੇ ਨੇ ਪਰ ਇਹ ਰੁਝਾਨ ਸੋਚਣ-ਵਿਚਾਰਨ ਦਾ ਮੁੱਦਾ ਹੈ।ਹਾਂ , ਇਹ ਗੱਲ ਜ਼ਰੂਰ ਹੈ ਕਿ ਵਿਆਹਾਂ ਆਦਿਕ ਲਈ ਕੱਪੜੇ ਅਤੇ ਗਾਰਮੈਂਟਸ ਦੀ ਪੰਜਾਬ ਵਿਚੋਂ ਕੀਤੀ ਜਾਣ ਵਾਲੀ ਖ਼ਰੀਦ ਤੇ ਵਿਆਹ-ਸ਼ਾਦੀਆਂ’ਤੇ ਅਜੇ ਵੀ ਪਰਦੇਸੀ ਪੰਜਾਬੀ ਕਾਫ਼ੀ ਮਾਇਆ ਖ਼ਰਚਦੇ ਨੇ ।

ਜੁਲਾਈ 2014  ਦੇ ਆਖ਼ਰੀ ਹਫ਼ਤੇ  ਤੋਂ ਲੈਕੇ ਸਤੰਬਰ 2014 ਦੇ ਦੂਜੇ ਹਫ਼ਤੇ  ਤੱਕ ਉੱਤਰੀ ਅਮਰੀਕਾ ਵਿਚ ਪਰਦੇਸੀ ਭਾਰਤੀਆਂ ਦੀ ਸੰਘਣੀ ਵਸੋਂ  ਵਾਲੇ ਸ਼ਹਿਰਾਂ ਵੈਨਕੂਵਰ -ਸਰੀ, ਟਰਾਂਟੋ-ਬਰੈਂਪਟਨ , ਸਿਆਟਲ ਅਤੇ ਕੈਲੇਫੋਰਨੀਆ ਦੇ ਵੱਖ ਵੱਖ ਥਾਵਾਂ ਤੇ ਘੁੰਮਦਿਆਂ ਮੈਂ ਨੋਟ ਕੀਤਾ ਕਿ ਬਹੁਤੇ ਪਰਦੇਸੀਆਂ ਦੇ ਮਨਾਂ ਅੰਦਰ ਪੰਜਾਬ ਦੇ ਮੌਜੂਦਾ ਸਿਆਸੀ ਤਾਣੇ-ਬਾਣੇ  ਅਤੇ ਰਾਜਪ੍ਰਬੰਧ ਤੇ ਆਮ ਭਰੋਸਾ ਨਹੀਂ ਰਿਹਾ।ਖ਼ਾਸ ਕਰਕੇ ਇਸ ਵੇਲੇ ਦੀ ਹਾਕਮ ਅਕਾਲੀ ਲੀਡਰਸ਼ਿਪ ਦਾ ਨਾਂਹ-ਪੱਖੀ ਪ੍ਰਭਾਵ ਹਾਵੀ ਹੈ ।

ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਪੰਜਾਬ ਦੀ ਅਕਾਲੀ-ਬੀ ਜੇ ਪੀ ਸਰਕਾਰ ਨੇ ਆਪਣੇ ਰਾਜ ਦੀ ਡੇਢ ਟਰਮ ਦੌਰਾਨ  ਐਨ ਆਰ ਆਈ ਸੰਮੇਲਨ ਕੀਤੇ ।ਪੰਜਾਬ ਪੁਲਿਸ ਉਚੇਚੇ ਤੌਰ ਤੇ ਐਨ ਆਈ ਆਈ ਵਿੰਗ ਕਾਇਮ ਕੀਤਾ ,ਗੁਰਪ੍ਰੀਤ  ਦਿਓ ਵਰਗੀ ਸੂਝਵਾਨ ਅਤੇ ਇਮਾਨਦਾਰ ਆਈ. ਜੀ. ਨੂੰ ਇਸਦੀ ਕਮਾਂਡ ਦਿੱਤੀ।ਵੱਖਰੇ  ਐਨ ਆਰ ਆਈ ਪੁਲਿਸ ਥਾਣੇ ਕਾਇਮ ਕੀਤੇ।ਜਾਇਦਾਦ ਖ਼ਾਲੀ ਕਰਾਉਣ ਲਈ ਕਾਨੂੰਨ ਵਿਚ  ਅਹਿਮ ਸੋਧਾਂ ਕੀਤੀਆਂ ਗਈਆਂ । ਐਨ ਆਰ ਆਈ ਕੇਸਾਂ ਦੇ ਨਿਪਟਾਰੇ ਲਈ  ਵਿਸ਼ੇਸ਼ ਅਦਾਲਤਾਂ ਬਣਾਈਆਂ ਗਈਆਂ।ਬੇਲੋੜੇ ਪੁਲਿਸ ਕੇਸਾਂ ਨੂੰ ਰੋਕਣ ਲਈ ਕੀਤੀਆਂ ਕੁਝ ਪੇਸ਼ਬੰਦੀਆਂ ਵੀ ਕੀਤੀਆਂ ਗਈਆਂ  ਭਾਵ ਅਜਿਹੇ ਕੇਸ ਦਰਜ ਕਰਨ ਦੇ ਅਧਿਕਾਰ ਉੱਪਰਲੇ ਅਫ਼ਸਰਾਂ ਨੂੰ ਦਿੱਤੇ ਗਏ। ਹਲਫ਼ੀਆ ਬਿਆਨ ਆਦਿਕ ਏਂਬੌਸ ਕਰਾਉਣ ਦੀ ਵਿਧੀ ਨੂੰ ਸੌਖਾ ਬਣਾਉਣ ਲਈ ਕਦਮ ਚੁੱਕੇ ਗਏ। ਵਿਸ਼ੇਸ਼ ਐਨ ਆਰ ਆਈ ਕਾਰਡ ਬਣਾ ਕੇ ਦਿੱਤੇ ਗਏ  ਅਤੇ ਕਿਸੇ ਹੱਦ ਤੱਕ ਐਨ ਆਈਜ਼ ਸ਼ਿਕਾਇਤ ਨਿਵਾਰਣ ਮਸ਼ੀਨ ਰੀ ਵੀ ਚਾਲੂ ਕੀਤੀ ਗਈ ਪਰ ਮੈਂ ਦੇਖਿਆ ਕਿ ਘੱਟੋ -ਘੱਟ ਵੱਖ ਵੱਖ ਵਰਗਾਂ  ਅਤੇ ਇਲਾਕਿਆਂ ਦੇ ਜਿਹੜੇ ਪਰਦੇਸੀਆਂ ਨਾਲ ਮੇਰਾ ਵਾਹ ਪਿਆ ਉਨ੍ਹਾ ਵਿੱਚੋਂ ਬਹੁਤਿਆਂ ਨੂੰ ਜਾਂ ਤਾਂ ਇਨ੍ਹਾ ਨਿਰਣਿਆਂ ਦੀ ਜਾਣਕਾਰੀ ਨਹੀਂ ਸੀ ਤੇ ਜਾ ਫਿਰ ਉਨ੍ਹਾ ਦੇ ਅਮਲ ਤੇ ਯਕੀਨ ਨਹੀਂ ਸੀ ਤੇ ਜਾਂ ਫਿਰ ਕੁਝ ਇੱਕ ਦੇ ਕੌੜੇ ਤਜ਼ਰਬੇ ਵੀ ਸਨ।

ਪੰਜਾਬ ਦਾ ਸਾਰਾ ਜ਼ਮੀਨੀ ਮਾਲ ਰਿਕਾਰਡ ( ਰੈਵੀਨਿਊ ਰਿਕਾਰਡ ) ਕੰਪਿਊਟਰ’ਤੇ ਪਾਏ ਜਾਣਾ ਅਤੇ ਇਸ ਨੂੰ ਪੜਾਅ ਵਾਰ ਆਨਲਾਈਨ ਕਰਨਾ ਬਾਦਲ ਸਰਕਾਰ  ਦੀ ਬਹੁਤ ਵੱਡੀ ਪ੍ਰਾਪਤੀ ਹੈ।ਇਸ ਬਾਰੇ ਵੀ ਕਾਫ਼ੀ ਪ੍ਰਵਾਸੀਆਂ ਨੂੰ ਜਾਂ ਤਾਂ ਪੂਰੀ ਜਾਣਕਾਰੀ ਨਹੀਂ ਸੀ ਤੇ ਜਾਂ ਫਿਰ ਉਨ੍ਹਾ ਨੂੰ ਇਸਦੇ ਅਮਲ ਤੇ  ਇਤਬਾਰ ਨਹੀਂ ਸਗੋਂ ਕੁਝ ਤਾਂ ਇਸ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਦੇ ਨੇ।ਫਿਰ ਵੀ ਕੁਝ ਪਰਦੇਸੀ ਦੋਸਤ ਅਜਿਹੇ ਮਿਲੇ ਜਿਨ੍ਹਾਂ ਮਾਲ ਰਿਕਾਰਡ ਦੇ ਇਸ ਨਵੇਂ ਪ੍ਰਬੰਧ ਅਤੇ ਕੰਪਿਊਟਰ ਰਾਹੀਂ ਫ਼ਰਦ ਕੇਂਦਰਾਂ ਤੋਂ ਆਸਾਨੀ ਨਾਲ ਫ਼ਰਦ ਹਾਸਲ ਕੀਤੇ ਜਾਣ ਦੀ ਪ੍ਰਸ਼ੰਸ਼ਾ ਵੀ ਕੀਤੀ।ਇੱਥੋਂ ਤੱਕ ਕਿ ਆਨਲਾਈਨ ਹੋਏ ਰਿਕਾਰਡ ਦਾ ਲਾਹਾ ਵੀ ਕੁਝ ਨੇ ਲਿਆ ਹੈ ।ਸਰਕਾਰੀ ਅੰਕੜੇ ਕੀ ਕਹਿੰਦੇ ਨੇ ਅਤੇ ਨਸ਼ੇਖੋਰੀ ਅਤੇ ਭਰਿਸ਼ਟਾਚਾਰ , ਕੁਨਬਾਪਰਵਰੀ ਹੇਠ ਦੱਬੀ ਹੋਈ ਰਾਜਨੀਤੀ  ਬਾਰੇ ਵਧੇਰੇ  ਐਨ ਆਰ ਆਈਜ਼ ਦੇ ਕਿੰਨੇ ਤਿੱਖੇ ਪ੍ਰਤੀਕਰਮ ਨੇ , ਇਹ ਇੱਕ ਵੱਖਰਾ ਮਸਲਾ ਹੈ ਪਰ ਮੈਂ ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ ਦੀ  ਆਪਣੀ ਤਾਜ਼ਾ  ਤੇ ਸੰਖੇਪ ਜਿਹੀ ਫੇਰੀ ਦੌਰਾਨ ਕੁਝ ਅਹਿਮ ਤਬਦੀਲੀਆਂ ਬਾਰੇ ਆਪਣੇ ਪ੍ਰਭਾਵ ਦਰਜ ਕੀਤੇ ਨੇ ਜਿਨ੍ਹਾਂ ਦਾ ਅਸਰ ਪੰਜਾਬ ਤੇ ਕਈ ਪੱਖੋਂ ਪੈ ਰਿਹਾ ਹੈ  ਅਤੇ ਭਵਿੱਖ ਵਿਚ ਵੀ ਪੈ ਸਕਦਾ ਹੈ।

ਇਹ ਲਿਖਰ ਲਿਖਦੇ-ਲਿਖਦੇ ਹੀ ਭਾਰਤੀ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਸ਼ੁਰੂ ਹੋ ਗਈ ਜਿਸ ਦੌਰਾਨ ਉਨ੍ਹਾ ਨੇ ਡਾਇਸਪੋਰਾ ਦੇ ਕੁਝ ਅਹਿਮ ਮਸਲਿਆਂ ਹੱਲ ਕਰਨ ਦੇ ਐਲਾਨ ਕੀਤੇ ਨੇ ਅਤੇ ਰਾਜ-ਪ੍ਰਬੰਧ ਸੁਧਾਰਨ ਅਤੇ ਜਵਾਨ ਪੀੜ੍ਹੀ ਨੂੰ ਆਕਰਸ਼ਤ ਕਰਨ ਲਈ ਨਵੀਂ ਆਸ ਜਗਾਈ ਹੈ ਪਰ ਇਸ ਨੂੰ ਕਿੰਨਾ ਕੁ ਬੂਰ ਪਵੇਗਾ ਅਤੇ ਕੀ ਪਰਦੇਸੀ ਪੰਜਾਬੀਆਂ ਦੇ ਉਪਰਲੇ ਰੁਝਾਨ ਨੂੰ ਰੋਕ ਸਕੇਗੀ, ਇਸ ਦਾ ਨਿਰਣਾ ਭਵਿੱਖ ਵਿਚ ਹੀ ਹੋਵੇਗਾ।

Install Punjabi Akhbar App

Install
×