ਪ੍ਰਵਾਸੀਆਂ ਨੂੰ ਪੱਕੀ ਆਸ-2017 ‘ਚ ਸੁਧਰੇਗਾ ਪੰਜਾਬ: ਨਿਊਜ਼ੀਲੈਂਡ ਆਮ ਆਦਮੀ ਪਾਰਟੀ ਵਿੰਗ ‘ਚ ਸ਼ਾਮਿਲ ਹੋ ਰਹੇ ਵਲੰਟੀਅਰਾਂ ਦੇ ਕਾਫਲੇ ਨੇ ਫੜੀ ਸਪੀਡ

NZ PIC 7 Feb-2ਹਰ ਪ੍ਰਵਾਸੀ ਚਾਹੇ ਉਹ ਕਿਸੇ ਵੀ ਦੇਸ਼ ਗਿਆ ਹੋਵੇ ਉਸਦਾ ਮੋਹ ਜਿੱਥੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਬਰਕਰਾਰ ਰਹਿੰਦਾ ਹੈ  ਉਥੇ ਉਹ ਵਿਕਸਤ ਮੁਲਕਾਂ ਦੀ ਤਰੱਕੀ ਨੂੰ ਨਿਹਾਰਦਿਆਂ ਨਿਘਾਰ ਵੱਲ ਜਾ ਰਹੇ ਆਪਣੇ ਪੰਜਾਬ ਦੇ ਸੋਹਣੇ ਭਵਿੱਖ ਦੀ ਵੀ ਕਲਪਨਾ ਕਰਦਾ ਹੈ। ਆਜ਼ਾਦੀ ਦੇ 69 ਸਾਲਾਂ ਬਾਅਦ ਵੀ ਖਾਸ ਕਰ ਪੰਜਾਬ ਵਾਸੀਆਂ ਨੂੰ ਕਿਸੇ ਰਾਜਸੀ ਪਾਰਟੀ ਨੇ ਉਹ ਵਿਸ਼ਵਾਸ਼ ਜਾਂ ਹੱਕ ਨਹੀਂ ਦਿੱਤਾ ਜਿਸ ਤੋਂ ਸੁਤੰਤਰਤਾ ਦਾ ਠੰਡਾ ਅਹਿਸਾਸ ਮਿਲਦਾ ਹੋਵੇ। ਹੁਣ ਸਾਰੇ ਪ੍ਰਵਾਸੀਆਂ ਨੇ ‘ਆਮ ਆਦਮੀ ਪਾਰਟੀ’ ਤੋਂ ਅਜਿਹੀ ਪੱਕੀ ਆਸ ਪ੍ਰਗਟ ਕੀਤੀ ਹੋਈ ਹੈ ਕਿ 2017 ਦੀਆਂ ਚੌਣਾਂ ਬਾਅਦ ਪੰਜਾਬ ਦਾ ਨਵਾਂ ਬਦਲਦਾ ਰੂਪ ਦਿਸਣਾ ਸ਼ੁਰੂ ਹੋਏਗਾ। ਅਜਿਹੀਆਂ ਹੀ ਆਸ਼ਾਵਾਂ ਦੇ ਨਾਲ ਨਿਊਜ਼ੀਲੈਂਡ ਦੇ ਵਿਚ ਸਥਾਪਿਤ ‘ਆਮ ਆਦਮੀ ਪਾਰਟੀ’ ਦੇ ਵਿੰਗ ਨੇ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਗਤੀਵਿਧੀਆਂ ਵਧਾ ਰੱਖੀਆਂ ਹਨ। ਸ. ਖੜਗ ਸਿੰਘ, ਸ੍ਰੀ ਰਾਜੀਵ ਬਾਜਵਾ, ਸ੍ਰੀ ਗਿਰੀਸ਼ ਮੇਲਰ ਅਤੇ ਸ. ਫਤਹਿ ਸਿੰਘ ਨੇ ਕਈ ਸਾਲ ਪਹਿਲਾਂ ਅਜਿਹਾ ਫੰਡ ਰੇਜਿੰਗ ਉਪਰਾਲਾ ਕੀਤਾ ਸੀ ਕਿ ਨਿਊਜ਼ੀਲੈਂਡ ‘ਆਮ ਆਦਮੀ ਪਾਰਟੀ’ ਦੇ ਫੰਡ ਦਾਤਾਵਾਂ ਵਿਚੋਂ ਸੱਤਵੇਂ ਨੰਬਰ ‘ਤੇ ਸੀ।
ਹੁਣ ਨਿਊਜ਼ੀਲੈਂਡ ਵਿੰਗ ਦਾ ਵਿਸਥਾਰ ਹੋ ਰਿਹਾ ਹੈ, ਅੱਜ ਇਸ ਵਿੰਗ ਵੱਲੋਂ ਪਹਿਲੀ ਰਸਮੀ ਮੀਟਿੰਗ ਦਾ ਆਯੋਜਨ ਉਟਾਹੂਹੂ ਟਾਊਨਹਾਲ ਵਿਖੇ ਕੀਤਾ ਗਿਆ, ਜਿਸ ਦੇ ਵਿਚ ਹਮਿਲਟਨ, ਟੀ ਪੁੱਕੀ, ਪਾਪਾਮੋਆ, ਫਾਂਗਾਰਾਈ ਅਤੇ ਹੋਰ ਕਈ ਦੂਰ-ਦੁਰਾਡੇ ਖੇਤਰਾਂ ਤੋਂ ਨਵੇਂ ਵਲੰਟੀਅਰ ਸ਼ਾਮਿਲ ਹੋਏ। 100 ਦੇ ਕਰੀਬ ਜੁੜੇ ਵਲੰਟਰੀਅਰਜ਼ ਤੋਂ ਇੰਝ ਲਗਦਾ ਸੀ ਜਿਵੇਂ ਨਵੇਂ ਜੋਸ਼ ਨਾਲ ਭਰਿਆ ਇਕ ਕਾਫਲਾ ਬਣ ਰਿਹਾ ਹੋਵੇ ਜੋ ਕਿ ਮੰਜ਼ਿਲ ਵੱਲ ਵਧਣ ਲਈ ਕਦਮ ਦਰ ਕਦਮ ਇਕ ਦੂਜੇ ਨਾਲ ਮਿਲਾ ਰਿਹਾ ਹੋਵੇ। ਮੀਟਿੰਗ ਦੀ ਸ਼ੁਰੂਆਤ ਆਏ ਸਾਰੇ ਮੈਂਬਰਾਂ ਵੱਲੋਂ ਆਪਣੀ ਜਾਣ-ਪਹਿਚਾਣ ਨਾਲ ਹੋਈ। ਮੀਟਿੰਗ ਚੇਅਰਪਰਸਨ ਸ੍ਰੀ ਰਾਜੀਵ ਬਾਜਵਾ ਨੇ ਪ੍ਰਾਜੈਕਟਰ ਦੇ ਉਤੇ ਮੀਟਿੰਗ ਦਾ ਸਾਰੇ ਏਜੰਡਿਆਂ ਨੂੰ ਹਾਜ਼ਰੀਨ ਦੇ ਨਾਲ ਸਾਂਝਾ ਕੀਤਾ ਗਿਆ ਅਤੇ ਨਾਲੋ-ਨਾਲ ਸਾਰਿਆਂ ਦੇ ਸੁਝਾਅ ਵੀ ਲਏ ਗਏ। ਏਜੰਡੇ ਦੇ ਵਿਚ ਸ਼ਾਮਿਲ ਫੰਡ ਰੇਜਿੰਗ, ਆਮ ਸਰਗਰਮੀਆਂ, ਮਹੀਨਾਵਾਰ ਵੱਖ-ਵੱਖ ਸ਼ਹਿਰਾਂ ‘ਚ ਮੀਟਿੰਗਾਂ, ਮੈਂਬਰਸ਼ਿੱਪ, ਈ-ਨਿਊਜ਼ਲੈਟਰ, ਹਾਈ ਕਮਾਂਡ ਦੇ ਨਾਲ ਤਾਲ-ਮੇਲ, ਆਉਣ ਵਾਲੀਆਂ ਚੋਣਾਂ ਵਿਚ ਯੋਗਦਾਨ ਅਤੇ ਹੋਰ ਸਬੰਧਿਤ ਸਾਰੇ ਪਹਿਲੂਆਂ ਉਤੇ ਆਪਸੀ ਵਿਚਾਰ ਵਟਾਂਦਰਾ ਕੀਤਾ ਗਿਆ। ਆਉਣ ਵਾਲੀਆਂ ਮੀਟਿੰਗਾਂ ਨੂੰ ਸੁਚੁੱਜੇ ਢੰਗ ਨਾਲ ਨੇਪਰੇ ਚਾੜ੍ਵਨ ਲਈ ਕੁਝ ਨਿਯਮ ਅਤੇ ਸ਼ਰਤਾਂ ਨੂੰ ਵੀ ਵਿਚਾਰਿਆ ਗਿਆ। ਮੀਟਿੰਗ ਦੇ ਤਰੀਕੇ ਤੋਂ ਸਾਰੇ ਪ੍ਰਭਾਵਿਤ ਨਜ਼ਰ ਆਏ।
ਗੈਸਟ ਸਪੀਕਰ ਦੇ ਤੌਰ ‘ਤੇ ਸ. ਖੜਗ ਸਿੰਘ, ਸ. ਫਤਹਿ ਸਿੰਘ ਅਤੇ ਹੋਰਾਂ ਨੇ ਵੀ ਆਪਣੇ ਕੀਮਤੀ ਵਿਚਾਰ ਤੇ ਤਜ਼ਰਬੇ ਰੱਖੇ ਜਦ ਕਿ ਮੈਡਮ ਖੁਸ਼ਮੀਤ ਕੌਰ ਸਿੱਧੂ, ਮੈਡਮ ਸਵਨੀਤ ਵਾਲੀਆਂ (ਮਨੋਵਿਗਿਆਨੀ),  ਸ. ਸਿੰਕਦਰਜੀਤ ਸਿੰਘ ਬਾਜਵਾ, ਸ. ਲਖਵਿੰਦਰ ਸਿੰਘ ਨੇ ਆਪਣੇ ਵਿਚਾਰ ਰੱਖੇ। ਪਤਾ ਲੱਗਾ ਹੈ ਕਿ ਮੀਟਿੰਗ ਕਮਰਾ ਛੋਟਾ ਪੈ ਜਾਣ ਕਰਕੇ ਕਈ ਵਲੰਟੀਅਰ ਵਾਪਿਸ ਵੀ ਮੁੜ ਗਏ। ਪ੍ਰਬੰਧਕਾਂ ਨੇ ਇਸ ਦੀ ਮਾਫੀ ਮੰਗੀ ਹੈ ਅਤੇ ਅਗਲੀ ਵਾਰ ਮੀਟਿੰਗ ਹਾਲ ਵੱਡੇ ਰੱਖੇ ਜਾਣਗੇ।
ਇੰਡੀਆ ਤੋਂ ਆਏ ਹਾਈ ਕਮਾਂਡ ਦੇ ਲਾਈਵ ਸੰਦੇਸ਼”: ਆਮ ਆਦਮੀ ਪਾਰਟੀ ਦੀ ਹਾਈਕਮਾਂਡ ਤੋਂ ਕਈ ਵਿਧਾਇਕਾਂ ਅਤੇ ਨੇਤਾਵਾਂ ਦੇ ਇਸ ਮੀਟਿੰਗ ਦੇ ਲਈ ਪਹੁੰਚੇ ਲਾਈਵ ਸੰਦੇਸ਼ ਵੀ ਸਕਰੀਨ ਉਤੇ ਚਲਾਏ ਗਏ। ਜਿਨ੍ਹਾਂ ਵਿਚ ਸ੍ਰੀ ਆਦਰਸ਼ ਸ਼ਾਸ਼ਤਰੀ ਪਾਰਲੀਮਾਨੀ ਸਕੱਤਰ ਦਿੱਲੀ ਅਤੇ ਆਪ ਓਵਰਸੀਜ਼ ਕੋ ਕਨਵੀਨਰ, ਸ. ਜਰਨੈਲ ਸਿਘ ਵਿਧਾਇਕ ਦਿੱਲੀ, ਸ੍ਰੀ ਦੁਰਗੇਸ਼ ਪਾਠਕ ਉਪ ਇੰਚਾਰਜ਼ ਪੰਜਾਬ ਸੰਗਠਨ ਮਾਮਲੇ,  ਸ. ਸੁਖਪਾਲ ਸਿੰਘ ਖਹਿਰਾ ਅਤੇ ਮੈਡਮ ਪ੍ਰੀਤੀ ਮੈਨਨ ਆਪ ਸਪੋਕਸਪਰਸਨ ਨੇ ਆਪਣੇ ਸੰਦੇਸ਼ ਭੇਜੇ ਸਨ। ਇਸ ਮੀਟਿੰਗ ਦੇ ਲਈ ਫੋਨ ਉਤੇ ਵਿਸ਼ੇਸ਼ ਸੰਦੇਸ਼ ਸ. ਸੁੱਚਾ ਸਿੰਘ ਛੋਟੇਪੁਰ ਅਤੇ ਬੀਬੀ ਬਲਜਿੰਦਰ ਕੌਰ ਤਲਵੰਡੀ ਸਾਬੋ ਵਾਲਿਆਂ ਵੱਲੋਂ ਵੀ ਭੇਜੇ ਗਏ। ਸੰਸਦ ਮੈਂਬਰ ਭਗਵੰਤ ਮਾਨ ਨਾਲ ਵੀ ਸੰਪਰਕ ਕੀਤਾ ਗਿਆ। ਇਨ੍ਹਾਂ ਸੰਦੇਸ਼ਾਂ ਦੇ ਵਿਚ ਨਿਊਜ਼ੀਲੈਂਡ ਵਿੰਗ ਦੇ ਸਮੁੱਚੇ ਢਾਂਚੇ ਨੂੰ ਅਮਲੀ ਰੂਪ ਵਿਚ ਮਾਨਤਾ ਦਿੱਤੀ ਗਈ ਅਤੇ ਰਸਮੀ ਜ਼ਿੰਮੇਵਾਰੀਆਂ ਦੇ ਲਈ ਵੀ ਹਾਈ ਕਮਾਂਡ ਵੱਲੋਂ ਜਲਦੀ ਹੀ ਨਵੇਂ ਸੁਝਾਅ ਪਹੁੰਚ ਰਹੇ ਹਨ। ਮੀਟਿੰਗ ਦੀ ਸਮਾਪਤੀ ਰਾਸ਼ਟਰੀ ਗਾਨ ਅਤੇ ਸਮੂਹਿਕ ਤਸਵੀਰ ਖਿਚਵਾ ਕੇ ਕੀਤੀ ਗਈ। ਅਗਲੀ ਮੀਟਿੰਗ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ।

Install Punjabi Akhbar App

Install
×