ਜਲ੍ਹਿਆਂਵਾਲੇ ਬਾਗ ਦੇ ਪੁਰਾਤਨ ਸਰੂਪ ਨਾਲ ਛੇੜਛਾੜ ਕਰਨ ‘ਤੇ ਪ੍ਰਵਾਸੀ ਪੰਜਾਬੀਆਂ ‘ਚ ਭਾਰੀ ਰੋਸ

Jalianwala Bagh

ਸੈਕਰਾਮੈਂਟੋ -ਦੁਨੀਆਂ ਭਰ ‘ਚ ਜਿੱਥੇ ਆਮ ਲੋਕਾਂ ਵੱਲੋਂ ਜੱਲ੍ਹਿਆਂਵਾਲੇ ਬਾਗ ਦੀ 100ਵੀਂ ਯਾਦਗਾਰ ਮਨਾਈ ਜਾ ਰਹੀ ਹੈ, ਉਥੇ ਭਾਰਤ ਸਰਕਾਰ ਵੱਲੋਂ ਉਸ ਨੂੰ ਨਵੀਨੀਕਰਨ ਦੇ ਨਾਂ ਹੇਠ ਢਹਿ-ਢੇਰੀ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ ‘ਚ ਅੰਗਰੇਜ਼ ਜਨਰਲ ਡਾਇਰ ਵਲੋਂ ਕੀਤੇ ਗਏ ਕਤਲੇਆਮ ਦੇ 100 ਸਾਲ ਬਾਅਦ ਹੱਤਿਆ ਕਾਂਡ ਦਾ ਚਸ਼ਮਦੀਦ ਖੂਹ ਹੁਣ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ ਹੈ। ਮੁਰੰਮਤ ਕਾਰਨ ਜੱਲ੍ਹਿਆਂਵਾਲਾ ਬਾਗ ਆਪਣੀ ਇਤਿਹਾਸਕਤਾ ਗੁਆ ਰਿਹਾ ਹੈ।
ਸ਼ਹੀਦ ਊਧਮ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਇਸ ਸੰਬੰਧੀ ਇਕ ਅਹਿਮ ਮੀਟਿੰਗ ਸੈਕਰਾਮੈਂਟੋ ਵਿਖੇ ਹੋਈ, ਜਿਸ ਦੌਰਾਨ ਇਸ ਦੀ ਭਰਪੂਰ ਨਿੰਦਾ ਕੀਤੀ ਗਈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਜੱਜ, ਗੁਲਿੰਦਰ ਸਿੰਘ ਗਿੱਲ, ਗੁਰਜਤਿੰਦਰ ਸਿੰਘ ਰੰਧਾਵਾ, ਜਨਕ ਰਾਜ ਸਿੱਧਰਾ, ਸੁਦਰਸ਼ਨ ਸ਼ਰਮਾ, ਬਲਵਿੰਦਰ ਡੁਲਕੂ, ਅਮਰੀਕ ਸਿੰਘ ਪਰਹਾਰ, ਭੁਪਿੰਦਰ ਸੰਘੇੜਾ, ਰਣਜੀਤ ਸਿੰਘ ਬੋਲਾ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਇਹ ਮਤਾ ਪਾਸ ਕੀਤਾ ਗਿਆ ਕਿ ਇਸ ਤਬਦੀਲੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਬ੍ਰਿਟਿਸ਼ ਸਾਮਰਾਜ ਵਿਰੁੱਧ ਲੜੇ ਗਏ ਆਜ਼ਾਦੀ ਸੰਗਰਾਮ ਦਾ ਪ੍ਰਤੀਕ ਹੈ। ਇਹ ਵਿਰਾਸਤ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ‘ਚ ਪਾਏ ਯੋਗਦਾਨ ਦੀ ਯਾਦ ਦਿਵਾਉਂਦੀ ਹੈ ਅਤੇ ਹੁਣ ਇਸ ਨੂੰ ਮਨੋਰੰਜਨ ਪਾਰਕ ਵਿਚ ਤਬਦੀਲ ਕਰਨ ਦੀ ਕਦੇ ਵੀ ਆਗਿਆ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਆਗੂਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਿਰਾਸਤੀ ਯਾਦਗਾਰ ਦੀ ਸਾਂਭ-ਸੰਭਾਲ ਅਤੇ ਮੁਰੰਮਤ ਭਾਰਤੀ ਪੁਰਾਤੱਤਵ ਵਿਭਾਗ ਵੱਲੋਂ ਕੀਤੀ ਜਾਵੇ। ਇਹ ਵੀ ਮਹਿਸੂਸ ਕੀਤਾ ਗਿਆ ਕਿ ਇਸ ਸ਼ਹੀਦੀ ਖੂਹ ਨੂੰ ਤਹਿਸ-ਨਹਿਸ ਕਰਕੇ ਪੰਜਾਬੀਆਂ ਦੀ ਕੁਰਬਾਨੀ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਇਸ ਸੰਬੰਧੀ ਭਾਰਤ ਸਰਕਾਰ ਨੂੰ ਇਕ ਮੈਮੋਰੰਡਮ ਵੀ ਭੇਜਿਆ ਜਾਵੇਗਾ, ਜਿਸ ਵਿਚ ਜੱਲ੍ਹਿਆਂਵਾਲੇ ਬਾਗ ਦੀ ਸ਼ਹੀਦੀ ਯਾਦਗਾਰਾਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਜਪਾ ਦੀ ਸਾਬਕਾ ਸਰਕਾਰ ਨੇ ਜੱਲ੍ਹਿਆਂਵਾਲੇ ਬਾਗ ਦੇ ਆਲੇ-ਦੁਆਲੇ ਦਾ ਉਹ ਰੂਪ ਖਤਮ ਕਰ ਦਿੱਤਾ ਸੀ, ਜਿਥੋਂ ਡਾਇਰ ਅਤੇ ਅੰਗਰੇਜ਼ ਹਕੂਮਤ ਜੱਲ੍ਹਿਆਂਵਾਲਾ ਬਾਗ ‘ਚ ਕਤਲੇਆਮ ਕਰਨ ਲਈ ਆਏ ਸੀ ਅਤੇ ਹੁਣ ਜੱਲ੍ਹਿਆਂਵਾਲਾ ਬਾਗ ਕਮੇਟੀ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਨੂੰ ਪੂਰੀ ਤਰ੍ਹਾਂ ਡੇਗ ਚੁੱਕੀ ਹੈ।

Install Punjabi Akhbar App

Install
×