ਕੁੰਡਲੀ-ਸਿੰਘੂ ਬਾਰਡਰ ’ਤੇ ਕਿਸਾਨ ਬੀਬੀਆਂ ਦੀ ਗਿਣਤੀ ਵਧੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਸੰਭਾਲੀ ਬੀਬੀਆਂ ਨੇ

ਭੁਲੱਥ —ਕਣਕ ਦੀ ਵਾਢੀ ਦੇ ਸੀਜਨ ਵਿੱਚ ਪੰਜਾਬ ਦੇ ਕਿਸਾਨ-ਮਜ਼ਦੂਰ ਹਾੜੀ ਸੰਭਾਲਣ ਵਿੱਚ ਲੱਗੇ ਹੋਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਕੁੰਡਲੀ-ਸਿੰਘੂ ਬਾਰਡਰ ਉੱਤੇ ਲੱਗੇ ਪੰਡਾਲ ਵਿੱਚ ਬੀਬੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਦੀ ਕਾਰਵਾਈ ਬੀਬੀਆਂ ਨੇ ਚਲਾਈ। ਵੱਧ ਤੋਂ ਵੱਧ ਬੀਬੀਆਂ ਨੂੰ ਸਟੇਜ ਤੋਂ ਬੁਲਾਇਆ ਗਿਆ। ਅੱਜ ਦੇ ਪ੍ਰਧਾਨਗੀ ਮੰਡਲ ਵਿੱਚ ਬੀਬੀ ਦਵਿੰਦਰ ਕੌਰ, ਅੰਮ੍ਰਿਤ ਕੌਰ, ਸੁਰਜੀਤ ਕੌਰ, ਪਲਵਿੰਦਰ ਕੌਰ ਅਤੇ ਚੰਨਣ ਕੌਰ ਸ਼ਾਮਲ ਸਨ।ਇਸ ਮੌਕੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਬੀਬੀ ਦਵਿੰਦਰ ਕੌਰ, ਹਰਦੀਪ ਸਿੰਘ ਨੇ ਕਿਹਾ ਕਿ ਦਿੱਲੀ ਧਰਨਿਆਂ ਵਿੱਚ ਬੀਬੀਆਂ ਦੀ ਵਧਦੀ ਸ਼ਮੂਲੀਅਤ ਮੋਦੀ ਸਰਕਾਰ ਦੀ ਹਾਰ ਦਾ ਸੰਕੇਤ ਹੈ। ਜਿਉਂ ਜਿਉਂ ਕਣਕ ਦੀ ਸਾਂਭ-ਸੰਭਾਲ ਦਾ ਕੰਮ ਨੇਪਰੇ ਚੜ੍ਹ ਰਿਹਾ ਹੈ, ਦਿੱਲੀ ਦੀਆਂ ਸਰਹੱਦਾਂ ’ਤੇ ਬੀਬੀਆਂ ਦੀ ਗਿਣਤੀ ਵਧ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਭੀੜਾਂ ਹੋਰ ਵਧਣਗੀਆਂ। ਔਰਤਾਂ ਦਾ ਵੱਡੀ ਗਿਣਤੀ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਇਕੱਠੇ ਹੋਣਾ ਸਰਕਾਰ ਦੇ ਅੜੀਅਲ ਰਵੱਈਏ ਨੂੰ ਨਰਮ ਕਰੇਗਾ। ਆਗੂਆਂ ਨੇ ਕਿਹਾ ਕਿ ਕੋਰੋਨਾ ਦੇ ਦੌਰਾਨ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਐਮ.ਐਸ.ਪੀ. ਦੀ ਗਾਰੰਟੀ ਵਾਲਾ ਕਾਨੂੰਨ ਲਿਆ ਕੇ, ਬਿਜਲੀ ਸੋਧ ਬਿਲ 2020 ਅਤੇ ਹਵਾ ਪ੍ਰਦੂਸ਼ਣ ਐਕਟ ਖਤਮ ਕਰਨੇ ਚਾਹੀਦੇ ਹਨ ਤਾਂ ਕਿ ਕਿਸਾਨ ਆਪੋ ਆਪਣੇ ਘਰਾਂ ਨੂੰ ਜਾ ਸਕਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤ ਕੌਰ, ਕਮਲੇਸ਼ ਕੌਰ, ਨਰਿੰਦਰ ਕੌਰ ਨਾਨੋਵਾਲ, ਤੇਜਿੰਦਰ ਕੌਰ ਫਗਲਾਣਾ, ਪਰਮਜੀਤ ਕੌਰ, ਜਸਵਿੰਦਰ ਕੌਰ, ਕਮਲਜੀਤ ਕੌਰ, ਹਰਜਿੰਦਰ ਸਿੰਘ, ਹਰਦੀਪ ਸਿੰਘ ਡਾਕਟਰ, ਭਜਨ ਸਿੰਘ, ਕੁਲਦੀਪ ਸਿੰਘ ਅਤੇ ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ।

Install Punjabi Akhbar App

Install
×