ਆਪਣੇ ਰਸਤੇ ਖ਼ੁਦ ਬਣਾ ਕੇ ਚੱਲਣ ਵਾਲ਼ਾ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ

ਸ਼ਿਵਚਰਨ ਜੱਗੀ ਕੁੱਸਾ ਆਪ-ਮਤਾ ਬੰਦਾ ਹੈ। ਕਿਸੇ ਦੇ ਮਗਰ ਲੱਗ ਕੇ ਤੁਰਨ ਵਾਲ਼ਾ ਨਹੀਂ। ਨਾ ਹੀ ਲਾਈਲੱਗ ਅਤੇ ਨਾ ਹੀ ਲਕੀਰ ਦਾ ਫ਼ਕੀਰ ਹੈ। ਸਗੋਂ ਆਪਣੇ ਰਸਤੇ ਆਪ ਬਣਾ ਕੇ, ਆਪਣੀ ਹੀ ਉਲ਼ੀਕੀ ਕੂਟ ਵੱਲ ਤੁਰਨ ਵਾਲ਼ਾ ਨਿੱਡਰ ਅਤੇ ਨਿਧੱੜਕ ਨਾਵਲਕਾਰ ਹੈ। ਕਾਲ਼ੇ ਦਿਨਾਂ ਦੌਰਾਨ ਜਦੋਂ ਤਮਾਮ ਕਲਮਾਂ ਮੌਨ ਧਾਰ ਗਈਆਂ ਸਨ, ਓਦੋਂ ਸੰਸਾਰ ਭਰ ਵਿੱਚ ਪ੍ਰਸਿੱਧੀ ਖੱਟਣ ਵਾਲ਼ਾ ਨਾਵਲ ”ਪੁਰਜਾ ਪੁਰਜਾ ਕਟਿ ਮਰੈ” ਲੈ ਕੇ ਜੱਗੀ ਕੁੱਸਾ ਹੀ ਮੈਦਾਨ ਵਿੱਚ ਗੱਜਿਆ ਸੀ। ਅੰਗਰੇਜ਼ੀ ਦੇ 4 ਨਾਵਲਾਂ ਤੋਂ ਇਲਾਵਾ, ਪੰਜਾਬੀ ਦੇ 24 ਨਾਵਲਾਂ ਸਮੇਤ 38 ਕਿਤਾਬਾਂ ਦੇ ਲੇਖਕ ਨੇ ਅੱਜ ਤੱਕ ਕਦੇ ਆਪਣੀ ਕੋਈ ਕਿਤਾਬ ਰਿਲੀਜ਼ ਨਹੀਂ ਕੀਤੀ, ਨਾ ਹੀ ਰਿਲੀਜ਼ ਕਰਨ ਲਈ ਕਿਸੇ ਦੀਆਂ ਲੇਲ੍ਹੜੀਆਂ ਕੱਢੀਆਂ ਅਤੇ ਨਾ ਹੀ ਕਿਸੇ ਸਾਹਿਤ ਸਭਾ ਅੱਗੇ ਹੱਥ ਜੋੜੇ।

ਵੱਖੋ-ਵੱਖਰੀਆਂ 10 ਵਿਧਾਵਾਂ ਵਿੱਚ ਲਿਖਣ ਵਾਲ਼ਾ ਇਹ ਲੇਖਕ ਲੋਕਾਂ ਵਿੱਚ ਨਾਵਲਕਾਰ ਵਜੋਂ ਹੀ ਮਕਬੂਲ ਹੈ। ਲਿਖਣ ਲੱਗੇ ਨੇ ਉਸ ਨੇ ਕਦੇ ਹਾਨੀ ਜਾਂ ਲਾਭ ਬਾਰੇ ਨਹੀਂ ਸੋਚਿਆ, ਜੋ ਮਨ ਵਿੱਚ ਆਇਆ, ਬੇਬਾਕ ਲਿਖ ਮਾਰਿਆ। ਚਾਹੇ ਇਸ ਦੇ ਉਸ ਨੂੰ ਖ਼ਮਿਆਜ਼ੇ ਵੀ ਭੁਗਤਣੇ ਪਏ। ਨਹੀਂ ਤਾਂ ਪੰਜਾਬ ਵਿੱਚ ਵਰ੍ਹਦੀ ਅੱਗ ਵੇਲ਼ੇ ”ਪੁਰਜਾ ਪੁਰਜਾ ਕਟਿ ਮਰੈ”, ”ਤਵੀ ਤੋਂ ਤਲਵਾਰ ਤੱਕ” ਅਤੇ ”ਬਾਰ੍ਹੀਂ ਕੋਹੀਂ ਬਲ਼ਦਾ ਦੀਵਾ” ਵਰਗੇ ਨਾਵਲ ਉਹ ਕਦੇ ਨਾ ਲਿਖਦਾ। ਆਪਣੇ ਲੋਕਾਂ ਦੀ ਪੀੜ ਆਪਣੇ ਹਿਰਦੇ ਵਿੱਚ ਮਹਿਸੂਸ ਕੀਤੀ ਅਤੇ ਉਪਰੋਥਲ਼ੀ ਤਿੰਨ ਬਹੁ-ਚਰਚਤਿ ਨਾਵਲ ਲਿਖ ਮਾਰੇ, ਨਤੀਜਿਆਂ ਬਾਰੇ ਨਹੀਂ ਸੋਚਿਆ। ਉਸ ਦੀ ਇਸ ਦਲੇਰ ਲੇਖਣੀ ਨੇ ਉਸ ਨੂੰ ਰਾਤੋ-ਰਾਤ ਪ੍ਰਸਿੱਧੀ ਦਿੱਤੀ ਅਤੇ ਅਸਮਾਨੀਂ ਪਹੁੰਚਾ ਦਿੱਤਾ। ਉਪਰੋਕਤ ਨਾਵਲ ਓਦੋਂ ਲਿਖੇ ਗਏ, ਜਦੋਂ ਪੰਜਾਬ ਦੇ ਹਾਲਾਤਾਂ ‘ਤੇ ਲਿਖਣਾ ਸਿੱਧਾ ਗੋਲ਼ੀ ਅੱਗੇ ਖੜ੍ਹਨਾ ਮੰਨਿਆਂ ਜਾਂਦਾ ਸੀ। ਨਾ ਤਾਂ ਜੱਗੀ ਕੁੱਸਾ ਨੇ ਅੱਜ ਤੱਕ ਇਹ ਵਹਿਮ ਪਾਲ਼ਿਆ ਕਿ ਨਾਵਲਕਾਰੀ ਦਾ ਅਸਮਾਨ ਮੇਰੇ ਡੌਲ਼ਿਆਂ ‘ਤੇ ਹੀ ਖੜ੍ਹਾ ਹੈ, ਅਤੇ ਨਾ ਹੀ ਕਿਸੇ ਮਾਣ ਸਨਮਾਨ ਵਾਸਤੇ ਕਿਸੇ ਅਦਾਰੇ ਦੀਆਂ ਜੁੱਤੀਆਂ ਝਾੜੀਆਂ। ਅਖ਼ਬਾਰਾਂ ਵਿੱਚ ਨਾਮ ਛਪਵਾਉਣ ਵਾਸਤੇ ਨਾ ਤਾਂ ਉਹ ਕਿਸੇ ਸਾਹਿਤਕ ਸਮਾਗਮ ਵੱਲ ਦੌੜਿਆ ਅਤੇ ਨਾ ਹੀ ਕਿਸੇ ਕਵੀ ਦਰਬਾਰ ਵਿੱਚ ਸ਼ਿਕਰਤ ਕੀਤੀ। ਨਾ ਹੀ ਕਿਸੇ ਦੀ ਪ੍ਰਸਿੱਧੀ ਦਾ ਲਾਹਾ ਲੈਣ ਲਈ ਕਿਸੇ ਸਾਹਿਤਕ ”ਮਹਾਂਰਥੀ” ਕੋਲ਼ੋਂ ਆਪਣਾ ਨਾਮਕਰਣ ਕਰਵਾਇਆ ਅਤੇ ਨਾ ਹੀ ਆਪਣੇ ਨਾਵਲ ਦਾ ਮੁੱਖ-ਬੰਧ ਲਿਖਣ ਲਈ ਕਿਸੇ ਨੂੰ ਹਵਾ ਝੱਲੀ। ਉਹ ਚੁੱਪ ਚਾਪ, ਮਸਤ ਮੌਲਾ ਬਣ ਕੇ ਆਪਣੇ ਰਸਤੇ ਤੁਰਦਾ ਰਿਹਾ ਅਤੇ ਨਿਰੰਤਰ ਤੁਰ ਰਿਹਾ ਹੈ। ਉਹ ਨਾਵਲਕਾਰੀ ਦੇ ਖੇਤਰ ਵਿੱਚ ਤੂਫ਼ਾਨ ਬਣ ਕੇ ਆਇਆ ਅਤੇ ਅੱਜ ਤੱਕ ਧੂੜਾਂ ਪੱਟ ਰਿਹਾ ਹੈ।
ਜਦ ਮੈਂ ਉਸ ਨੂੰ ਸੁਆਲ ਕੀਤਾ ਕਿ ਕੀ ਕਾਰਨ ਹੈ ਕਿ 38 ਕਿਤਾਬਾਂ ਦਾ ਲੇਖਕ ਕਦੇ ਕਿਸੇ ਕਵੀ ਦਰਬਾਰ ਜਾਂ ਕਿਸੇ ਸਾਹਿਤਕ ਸਮਾਗਮ ਵਿੱਚ ਨਜ਼ਰ ਨਹੀਂ ਆਇਆ? ਤਾਂ ਉਸ ਨੇ ਆਦਤ ਅਨੁਸਾਰ ਹੱਸ ਕੇ ਕਿਹਾ, ”ਨਾ ਤਾਂ ਮੈਨੂੰ ਸਾਹਿਤ ਸਭਾ ਵਾਲ਼ੇ ਕਦੇ ਬੁਲਾਉਣ, ਤੇ ਨਾ ਆਪਾਂ ਜਾਈਏ…! ਮਰਹੂਮ ਗਾਇਕ ਬਾਬੇ ਯਮਲ੍ਹੇ ਦਾ ਇੱਕ ਗੀਤ ਐ;

ਘੋੜੇ ਥਾਨੀਂ, ਮਰਦ ਮਕਾਨੀਂ, ਥਾਨੀਂ ਸ਼ੋਭਾ ਪਾਂਦੇ,
ਓਦੋਂ ਸਮਝੋ ਕੀਮਤ ਘਟ ਗਈ,
ਜਦੋਂ ਵਿਕਣ ਲਈ ਜਾਂਦੇ।
ਲੱਖਾਂ ਮੁੱਲ ਪੈਂਦਾ, ਬੈਠੇ ਆਪਣੇ ਮਕਾਨੀਂ,
ਤੱਕੇ ਜੋ ਸਹਾਰਾ ਉਹਦੀ ਕੀ ਐ ਜ਼ਿੰਦਗਾਨੀ…।”

ਉਸ ਦੇ ਸਹਿਜ ਸੁਭਾਅ ਦਿੱਤੇ ਉੱਤਰ ਨੇ ਮੈਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਕਿ ਜੱਗੀ ਕੁੱਸਾ ਭੀੜ ਵਿੱਚ ਵੜਨਾ ਪਸੰਦ ਨਹੀਂ ਕਰਦਾ, ਉਹ ”ਵਨ ਮੈਨ ਆਰਮੀ” ਬਣ ਕੇ ਚੱਲਣ ਦਾ ਆਦੀ ਹੈ। ਹਰ ਸਾਲ ਇੱਕ ਨਵਾਂ ਨਾਵਲ ਮਾਰਕੀਟ ਵਿੱਚ ਦੇਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ, ਨਾਵਲ ਲਿਖਣਾ ”ਪਿੰਡ ਬੰਨ੍ਹਣ” ਜਿੱਡਾ ਕਾਰਜ ਹੁੰਦਾ ਹੈ। ਜਦ ਮੈਂ ਉਸ ਨੂੰ ਪੁੱਛਿਆ, ”ਕੁੱਸਾ ਸਾਹਿਬ, ਪ੍ਰੋਮੋਸ਼ਨ ਵਾਸਤੇ ਤੁਹਾਨੂੰ ਲੋਕਾਂ ਵਿੱਚ ਜਾਣਾ ਪੈਂਦੈ।” ਤਾਂ ਉਸ ਦਾ ਉੱਤਰ ਸੀ, ”ਕਿੱਡੀਆਂ ਕਿੱਡੀਆਂ ਮਹਿੰਗੀਆਂ ਫ਼ਿਲਮਾਂ ਬਣਾ ਕੇ ਕਰੋੜਾਂ ਰੁਪਏ ਪ੍ਰਮੋਸ਼ਨ ‘ਤੇ ਬਰਬਾਦ ਕੀਤੇ ਜਾਂਦੇ ਨੇ, ਪਰ ਕਈ ਫ਼ਿਲਮਾਂ ਫ਼ਿਰ ਵੀ ਫ਼ੇਲ੍ਹ ਹੋ ਜਾਂਦੀਆਂ ਨੇ, ਕਿਉਂ…? ਕਿਉਂਕਿ ਉਹਨਾਂ ਨੂੰ ਲੋਕਾਂ ਨੇ ਪ੍ਰਵਾਨ ਨਹੀਂ ਕੀਤਾ ਹੁੰਦਾ, ਉਹ ਤਾਂ ਫ਼ੇਲ੍ਹ ਹੁੰਦੀਆਂ ਨੇ..! ਓਹੀ ਹਾਲ ਕਿਤਾਬਾਂ ਦਾ ਹੈ! ਆਪਣੀ ਕਿਤਾਬ ਛਪਵਾ ਕੇ ਤੁਸੀਂ ਪੰਜਾਹ ਸਾਹਿਤਕ ਸਮਾਗਮਾਂ ਵਿੱਚ ਲੈ ਜਾਓ। ਜੇ ਆਮ ਪਾਠਕ ਨੇ ਉਸ ਕਿਤਾਬ ਨੂੰ ਪ੍ਰਵਾਨ ਨਹੀਂ ਕੀਤਾ, ਜੇ ਆਮ ਪਾਠਕ ਤੁਹਾਡਾ ਨਾਵਲ ਖਰੀਦਣ ਲਈ ਕਿਤਾਬਾਂ ਦੀ ਦੁਕਾਨ ਤੱਕ ਚੱਲ ਕੇ ਖਰਦੀਣ ਨਹੀਂ ਗਿਆ, ਤਾਂ ਤੁਹਾਡਾ ਪੰਜਾਹ ਸਾਹਿਤਕ ਸਮਾਗਮਾਂ ਵਿੱਚ ਜਾਣਾ ਕਿੰਨਾਂ ਕੁ ਸਫ਼ਲ ਹੋਇਆ..? ਉਹ ਤੁਹਾਡੀ ਘੰਟੇ, ਜਾਂ ਅੱਧੇ ਘੰਟੇ ਦੀ ਫੋਕੀ ”ਬੱਲੇ-ਬੱਲੇ” ਸੀ। ”ਏਮਲੈੱਸ ਰੇਸ” ਅਰਥਾਤ ”ਉਦੇਸ਼ ਰਹਿਤ ਦੌੜ” ਹੀ ਸੀ।”
ਲੋਕਾਂ ਨੇ ਜੱਗੀ ਕੁੱਸਾ ਬਾਰੇ ਬੜਾ ਕੁਝ ਲਿਖਿਆ। ਚੰਗਾ ਵੀ ਲਿਖਿਆ ਅਤੇ ਕਿਸੇ ਨੇ ਉਸ ਦੇ ਖ਼ਿਲਾਫ਼ ਵੀ ਲਿਖਿਆ। ਉਸ ਦੇ ਕਿਸੇ ਨਜ਼ਦੀਕੀ ਨੇ ਆਪਣਾ ਉਲੂ ਸਿੱਧਾ ਕਰਨ ਵਾਸਤੇ ਉਸ ਦੇ ਖਿਲਾਫ਼ ਬੇਹੂਦਾ ਅਤੇ ਬੇ-ਬੁਨਿਆਦ ਭੰਡੀ ਪ੍ਰਚਾਰ ਵੀ ਕੀਤਾ, ਪਰ ਜੱਗੀ ਕੁੱਸਾ ਆਪਣੇ ਫ਼ਕੀਰੀ ਸੁਭਾਅ ਅਨੁਸਾਰ ਮਸਤ ਹੀ ਰਿਹਾ। ਕਿਸੇ ਦੀਆਂ ਬੇਹੂਦੀਆਂ ਅਤੇ ਬੇ-ਲਗਾਮ ਗੱਲਾਂ ਦਾ ਕੋਈ ਉੱਤਰ ਦੇ ਕੇ ਆਪਣੀ ਊਰਜਾ ਬਰਬਾਦ ਨਹੀਂ ਕੀਤੀ। ਇਹ ਉਸ ਦੇ ਫ਼ੌਲਾਦੀ ਜਿਗਰੇ ਦਾ ਪ੍ਰਤੱਖ ਸਬੂਤ ਅੱਜ ਤੱਕ ਬਰਕਰਾਰ ਹੈ। ਕਿਸੇ ਦੀ ਕਹੀ ਗੱਲ ਨੂੰ ਉਹ ਗੌਲ਼ਦਾ ਹੀ ਨਹੀਂ। ਕਈ ਲੋਕਾਂ ਨੇ ਉਸ ਦੇ ਖ਼ਿਲਾਫ਼ ਮਨਘੜ੍ਹਤ ਗੱਲਾਂ ਫ਼ੈਲਾ ਕੇ ਉਸ ਦੇ ਦਾਮਨ ‘ਤੇ ਧੱਬਾ ਲਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਜੱਗੀ ਕੁੱਸਾ ਫ਼ਿਰ ਵੀ ਮਸਤ ਹੀ ਰਿਹਾ, ਕਿਸੇ ਗੱਲ ਦਾ ਕੋਈ ਮੋੜਾ ਨਹੀਂ ਦਿੱਤਾ ਅਤੇ ਸਾਰਾ ਕੁਝ ਸਮੇਂ ਦੇ ਮੋਢਿਆਂ ਉਪਰ ਸੁੱਟ ਕੇ ਸੁਰਖ਼ਰੂ ਰਿਹਾ। ਉਸ ਉਪਰ ਚਿੱਕੜ ਉਛਾਲਣ ਵਾਲ਼ੇ ਲੋਕ ਓਥੇ ਦੀ ਓਥੇ ਖੜ੍ਹੇ ਹੀ ਸਲਿੱਪ ਮਾਰੀ ਜਾ ਰਹੇ ਹਨ, ਪਰ ਜੱਗੀ ਕੁੱਸਾ ਆਪਣਾ ਸਾਹਿਤਕ ਅਤੇ ਫ਼ਿਲਮੀ ਪੰਧ ਹਾਥੀ ਦੀ ਮਸਤ ਚਾਲ ਚੱਲਦਾ ਮਾਰੋ-ਮਾਰ ਕਰਦਾ ਤੁਰਿਆ ਗਿਆ ਅਤੇ ਤੁਰਿਆ ਜਾ ਰਿਹਾ ਹੈ। ਉਸ ਨੂੰ ਭੰਡਣ ਵਾਲ਼ੇ ਮੱਥਾ ਪਿੱਟ ਕੇ ਹੰਭ ਗਏ ਅਤੇ ਅਖੀਰ ਕੰਧਾਂ ‘ਚ ਟੱਕਰਾਂ ਮਾਰ-ਮਾਰ ਆਪਣਾ ਹੀ ਮੱਥਾ ਲਹੂ ਲੁਹਾਣ ਕਰ ਲਿਆ, ਪਰ ਜੱਗੀ ਕੁੱਸਾ ਦਾ ਕੁਝ ਨਹੀਂ ਵਿਗਾੜ ਸਕੇ। ਕਿਉਂਕਿ ਉਸ ਨਾਲ਼ ਈਰਖਾ ਕਰਨ ਵਾਲ਼ੇ ਇਸ ਗੱਲੋਂ ਬੜੇ ਪ੍ਰੇਸ਼ਾਨ ਰਹਿੰਦੇ ਹਨ ਕਿ ਅਸੀਂ ਕਿੰਨਾ ਕੁਝ ਇਸ ਦੇ ਖ਼ਿਲਾਫ਼ ਬੋਲਿਆ, ਤਰ੍ਹਾਂ-ਤਰ੍ਹਾਂ ਦੀਆਂ ਮਨਘੜ੍ਹਤ ਗੱਲਾਂ ਬਣਾ-ਬਣਾ ਕੇ ਲੋਕਾਂ ਵਿੱਚ ਪ੍ਰਚਾਰੀਆਂ। ਪਰ ਇਸ ਮਾਂ ਦੇ ਪੁੱਤ ‘ਤੇ ਕੋਈ ਅਸਰ ਹੀ ਨਹੀਂ ਹੁੰਦਾ। ਉਸ ਨੂੰ ਪ੍ਰੇਸ਼ਾਨ ਕਰਨ ਦੀ ਇੱਛਾ ਰੱਖਣ ਵਾਲ਼ੇ ਅਖੀਰ ਹਾਰੇ ਹੋਏ ਜੁਆਰੀਏ ਵਾਂਗੂੰ ਝੱਗਾ ਝਾੜ ਕੇ ਬੈਠ ਜਾਂਦੇ ਰਹੇ ਨੇ। ਇਹਨਾਂ ਹੱਡੀਂ ਹੰਢਾਈਆਂ ਪੀੜਾਂ ਦਾ ਵਰਨਣ ਜੱਗੀ ਕੁੱਸਾ ਆਪਣੀ ਸਵੈ-ਜੀਵਨੀ ”ਬਾਜੀ ਲੈ ਗਏ ਕੁੱਤੇ” ਵਿੱਚ ਪੂਰੇ ਵਿਸਥਾਰ ਨਾਲ਼ ਕਰ ਰਿਹਾ ਹੈ, ਜੋ ਕਈ ”ਬੀਬੇ ਚਿਹਰਿਆਂ” ਤੋਂ ਅਖਾਉਤੀ ਸਾਊਪੁਣੇ ਦੇ ”ਮਖੌਟੇ” ਹਟਾਉਣ ਦਾ ਕਾਰਜ ਬੜੀ ਬੇਬਾਕੀ ਨਾਲ਼ ਕਰੇਗੀ।

ਕਈ ਲੋਕਾਂ ਨੇ ਉਸ ਨੂੰ ਐਵਾਰਡ ਦੇਣ ਲਈ ਸੱਦੇ ਪੱਤਰ ਭੇਜੇ। ਇਹ ਰੱਬ ਦਾ ਬੰਦਾ ਓਥੇ ਆਪਣਾ ਪੁਰਸਕਾਰ ਵੀ ਲੈਣ ਨਹੀਂ ਗਿਆ, ”ਕੀ ਕਰਨੇ ਆਂ ਐਵਾਰਡ? ਆਪਣੇ ਅਸਲ ਪੁਰਸਕਾਰ ਤੇ ਗੋਲਡ ਮੈਡਲ ਤਾਂ ਆਪਣੇ ਪਾਠਕ ਨੇ! ਮੈਡਲ ਤੇ ਪੁਰਸਕਾਰ ਬੰਦੇ ਨੂੰ ਲਾਲਸਾ ‘ਚ ਪਾ ਕੇ ਵਿਗਾੜਦੇ ਤੇ ਜ਼ਮੀਰ ਨੂੰ ਘੁਣ ਲਾ ਦਿੰਦੇ ਐ, ਤੇ ਉਂਗਲ਼ੀ ਚੱਟ ਜਾਂ ਪੱਤੇ ਚੱਟ ਬੰਦਾ ਮੈਂ ਹਾਂ ਨਹੀਂ!”
ਮੈਨੂੰ ਅਜੇ ਤੱਕ ਯਾਦ ਹੈ ਕਿ ਜਿੰਨਾਂ ਚਿਰ ਜੱਗੀ ਕੁੱਸਾ ਦੇ ਮਾਂ-ਬਾਪ ਜ਼ਿੰਦਾ ਰਹੇ, ਉਹ ਹਰ ਸਾਲ ਅਕਤੂਬਰ ਵਿੱਚ ਪਿੰਡ ਪਹੁੰਚ ਕੇ ਆਪਣੇ ਘਰ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਂਦਾ ਹੁੰਦਾ ਸੀ ਅਤੇ ਭੋਗ ਤੋਂ ਅਗਲੇ ਦਿਨ ਪਿੰਡ ਵਿੱਚ ਮਰਹੂਮ ਗਾਇਕ ਕੁਲਦੀਪ ਮਾਣਕ, ਹਾਕਮ ਬਖਤੜੀ ਵਾਲ਼ਾ, ਖੁਸ਼ਦਿਲ ਖੇਲਿਆਂ ਵਾਲ਼ਾ ਅਤੇ ਸਵਰਗੀ ਹਾਕਮ ਸੂਫ਼ੀ ਵਰਗੇ ਕਲਾਕਾਰ ਖੁੱਲ੍ਹਾ ਅਖਾੜਾ ਲਾਉਂਦੇ ਸਨ। ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ‘ਤੇ ਅਤੇ ਅਖਾੜੇ ਵਾਲ਼ੇ ਦਿਨ ਵੀ ਪੰਜਾਬ ਦੀਆਂ ਦਿੱਗਜ ਹਸਤੀਆਂ ਪਹੁੰਚਦੀਆਂ ਸਨ। ਜਿੰਨ੍ਹਾਂ ਵਿੱਚ ਵੱਡੇ-ਵੱਡੇ ਅਖ਼ਬਾਰਾਂ ਦੇ ਸੰਪਾਦਕਾਂ ਤੋਂ ਲੈ ਕੇ ਵੱਡੇ-ਵੱਡੇ ਅਫ਼ਸਰ, ਲੇਖਕ ਅਤੇ ਗੀਤਕਾਰ ਪਹੁੰਚਦੇ ਸਨ। ਮੈਂ ਜੱਗੀ ਕੁੱਸਾ ਨੂੰ ਕਿਹਾ, ”ਕੁੱਸਾ ਸਾਹਿਬ ਆਪਣੇ ਅਖਾੜੇ ਦਾ ਪ੍ਰੋਗਰਾਮ ਵੀ ਅਕਤੂਬਰ ਵਿੱਚ ਹੀ ਹੁੰਦੈ, ਤੇ ਤੁਹਾਡਾ ਨਵਾਂ ਨਾਵਲ ਵੀ ਹਰ ਸਾਲ ਅਕਤੂਬਰ ਵਿੱਚ ਹੀ ਆਉਂਦੈ, ਕਿਉਂ ਨਾ ਇਸ ਵਾਰ ਆਪਾਂ ਅਖਾੜੇ ‘ਤੇ ਤੁਹਾਡਾ ਨਵਾਂ ਨਾਵਲ ਰਿਲੀਜ਼ ਕਰ ਦੇਈਏ, ਵੱਡੇ-ਵੱਡੇ ਬੰਦੇ ਆਏ ਹੋਣਗੇ?” ਜੱਗੀ ਕੁੱਸਾ ਕਹਿਣ ਲੱਗਿਆ, ”ਆਪਾਂ ਸ਼ੁਕਰਾਨੇ ਦਾ ਆਖੰਡ ਪਾਠ ਪ੍ਰਕਾਸ਼ ਕਰਵਾਉਨੇ ਆਂ, ਤੇ ਅਗਲੇ ਦਿਨ ਆਪਣੇ ਪਿੰਡਾਂ ਵਾਲ਼ੇ ਲੋਕਾਂ ਦੇ ਮਨੋਰੰਜਨ ਲਈ ਅਖਾੜੇ ਲਾਉਨੇ ਆਂ, ਮੇਰੀ ਆਪਣੀ ਪ੍ਰੰਪਰਾ ‘ਚ ਵਿਘਨ ਨਾ ਪਾਅ! ਮੈਂ ਤਾਂ ਨਾਵਲ ਓਦੋਂ ਨੀ ਸੀ ਰਿਲੀਜ਼ ਕਰਨ ਦਾ ਢਕਵੰਜ ਕੀਤਾ, ਜਦੋਂ ਮੈਨੂੰ ਕੋਈ ਜਾਣਦਾ ਤੱਕ ਨਹੀਂ ਸੀ। ਹੁਣ ਤਾਂ ਗੁਰੂ ਕਿਰਪਾ ਨਾਲ਼ ਮੈਨੂੰ ਚਾਰ ਬੰਦੇ ਜਾਣਦੇ ਵੀ ਨੇ ਤੇ ਚਾਰ ਬੰਦੇ ਗੱਲ ਵੀ ਮੰਨਦੇ ਆ, ਹੁਣ ਕਾਹਦੇ ਵਾਸਤੇ ਰਿਲੀਜ਼ ਕਰਨੈ? ਜੀਹਨੇ ਪੜ੍ਹਨੈ, ਆਪੇ ਲੈ ਕੇ ਪੜ੍ਹ ਲਊ। ਆਪਾਂ ਲੋਕਾਂ ਵਾਂਗੂੰ ਤੂਤੀ ਨੀ ਵਜਾਉਣੀ, ਆਪਾਂ ਤਾਂ ਆਪਣਾ ਨਗਾਰਾ ਖੜਕਾਉਣੈ!” ਉਸ ਦੀ ਇੱਕ ਸਿਫ਼ਤ ਇਹ ਵੀ ਰਹੀ ਹੈ ਕਿ ਉਸ ਨੇ ਅੱਜ ਤੱਕ ਕਿਸੇ ਨੂੰ ਆਪਣਾ ਨਾਵਲ ਪੜ੍ਹਨ ਲਈ ਨਹੀਂ ਦਿੱਤਾ ਅਤੇ ਕਦੇ ਮੈਂ ਉਸ ਨੂੰ ਬਿਨਾ ਮਕਸਦ ਤੋਂ ਤੁਰਿਆ ਫਿਰਦਾ ਨਹੀਂ ਦੇਖਿਆ।
ਉਸ ਦੀ ਇੱਕ ਹੋਰ ਗੱਲ ਨੇ ਮੈਨੂੰ ਚੱਕਰਾਂ ਵਿੱਚ ਪਾ ਦਿੱਤਾ। ਜਦ ਜੱਗੀ ਕੁੱਸਾ ਦੀ ਲਿਖੀ ਫ਼ਿਲਮ ”ਸੰਨ ਆਫ਼ ਕਿਸਾਨ” ਆਈ ਤਾਂ ਮੈਂ ਮੁਬਾਰਕਬਾਦ ਦੇਣ ਲਈ ਫ਼ੋਨ ਕੀਤਾ। ਗੱਲਾਂ-ਗੱਲਾਂ ਵਿੱਚੋਂ ਚੱਲਦੀ ਗੱਲ ਨਾਵਲ ‘ਤੇ ਆ ਗਈ। ਜੱਗੀ ਕੁੱਸਾ ਕਹਿਣ ਲੱਗਿਆ, ”ਮੈਂ ਤਾਂ ਆਪਣੇ ਪਿਛਲੇ ਪੰਜ ਨਾਵਲ ਹੱਥ ਵਿੱਚ ਫੜ ਕੇ ਨਹੀਂ ਦੇਖੇ। ਬੱਸ ਪਬਲਿਸ਼ਰ ਮੈਨੂੰ ਨਾਵਲ ਦਾ ਟਾਈਟਲ ਭੇਜ ਕੇ ਹੁਕਮ ਚਾੜ੍ਹ ਦਿੰਦੇ ਨੇ ਕਿ ਬਾਈ ਜੀ ਆਪਣੀ ਫ਼ੇਸਬੁੱਕ ‘ਤੇ ਪਾ ਦਿਓ, ਲੋਕਾਂ ਨੂੰ ਨਵੇਂ ਨਾਵਲ ਦਾ ਪਤਾ ਲੱਗ ਜਾਊ। ਬੱਸ ਉਹਨਾਂ ਦੀ ਪਬਲੀਸਿਟੀ ਵਾਸਤੇ ਆਪਣੇ ਫ਼ੇਸਬੁੱਕ ਦੇ ਪੇਜ ‘ਤੇ ਪਾ ਦਿੰਦਾ ਹਾਂ, ਕਿਉਂਕਿ ਅਗਲੇ ਮੈਨੂੰ ਖੁੱਲ੍ਹੇ-ਡੁੱਲ੍ਹੇ ਪੈਸੇ ਦਿੰਦੇ ਨੇ, ਤੇ ਉਹਨਾਂ ਦਾ ਮੁੱਲ ਮੋੜਨਾ ਮੇਰਾ ਵੀ ਫ਼ਰਜ਼ ਬਣਦੈ।” ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿ ਕੇ ਵੀ ਭਿੱਜਦੀ ਨਹੀਂ, ਬਿਲਕੁਲ ਉਸੀ ਤਰ੍ਹਾਂ ਜੱਗੀ ਕੁੱਸਾ ਵੀ ਇਸ ਰੰਗਲੇ ਸੰਸਾਰ ਵਿੱਚ ਰਹਿ ਕੇ ਇਸ ਸੰਸਾਰੀ ਸੱਜ-ਧੱਜ ਤੋਂ ਅਣਭਿੱਜ ਹੈ। ਮੈਨੂੰ ਜੱਗੀ ਕੁੱਸਾ ਦਾ ਭੀੜ ਤੋਂ ਅਲੱਗ ਹੋ ਕੇ ਚੱਲਣਾ ਅਤੇ ਤਿਆਰ-ਬਰ-ਤਿਆਰ ਸਿੰਘ ਵਾਂਗ ਇਕੱਲੇ ਹੀ ਧੂੜਾਂ ਪੱਟਦੇ ਜਾਣਾ ਕਾਇਲ ਕਰਦਾ ਹੈ। ਉਸ ਦੀਆਂ ਲਿਖੀਆਂ ਵੱਡੀਆਂ ਅਤੇ ਛੋਟੀਆਂ ਫ਼ਿਲਮਾਂ ਨੂੰ ਲੱਖਾਂ ਲੋਕ ਸਿਨੇਮਿਆਂ ਵਿੱਚ ਅਤੇ ਯੂਟਿਊਬ ਉਪਰ ਦੇਖ ਚੁੱਕੇ ਹਨ, ਪਰ ਉਸ ਨੇ ਇਸ ਗੱਲ ਦਾ ਗ਼ੁਮਾਨ ਤਾਂ ਕੀ ਕਰਨਾ ਸੀ, ਕਦੇ ਜ਼ਿਕਰ ਤੱਕ ਨਹੀਂ ਕੀਤਾ। ਸ਼ਾਇਦ ਇਸੇ ਦਾ ਨਾਮ ਹੀ ”ਫ਼ਕੀਰੀ” ਹੈ!
ਇੱਕ ਗੱਲ ਮੈਨੂੰ ਘੋਰ ਦੁਖੀ ਕਰਦੀ ਕਰਦੀ ਹੈ ਕਿ ਜਿੰਨ੍ਹਾਂ ਲੋਕਾਂ ਦੀ ਜੱਗੀ ਕੁੱਸਾ ਨੇ ਮਾੜੇ ਸਮੇਂ ਵਿੱਚ ਹਰ ਸੰਭਵ ਮੱਦਦ ਕੀਤੀ, ਉਹ ਕੰਮ ਨਿਕਲਣ ਤੋਂ ਬਾਅਦ ਮੁਰਦਿਆਂ ਵਾਂਗ ਵਾਂਗ ਅੱਖਾਂ ਫੇਰ ਗਏ। ਪਰ ਇਸ ਦੇ ਸਬੰਧ ਵਿੱਚ ਜੱਗੀ ਕੁੱਸਾ ਬੇਪ੍ਰਵਾਹ ਹੋ ਕੇ ਬੋਲਿਆ, ”ਸਾਧੂ ਆਪਣਾ ਤੇ ਬਿੱਛੂ ਆਪਣਾ ਕਾਰਜ ਨੀ ਤਿਆਗਦੇ, ਮੈਂ ਕਿਉਂ ਚਿੰਤਾ ਕਰਾਂ? ਜੋ ਮੇਰਾ ਫ਼ਰਜ਼ ਸੀ, ਮੈਂ ਅਦਾ ਕਰ ਦਿੱਤਾ, ਸ਼ਾਬਾਸ਼ੇ ਦੀ ਮੈਨੂੰ ਲੋੜ ਕੋਈ ਨੀ, ਉਤੇ ਰੱਬ ਦੇਖਦੈ!” ਉਸ ਦੇ ਅਜਿਹੇ ਖਿਆਲ ਹੀ ਉਸ ਨੂੰ ਬੇਫ਼ਿਕਰ ਅਤੇ ਬੇਪ੍ਰਵਾਹ ਬਣਾਈ ਰੱਖਦੇ ਨੇ। ਉਸ ਦੀ ਇਸ ਬੇਪ੍ਰਵਾਹੀ ਨੇ ਹੀ ਮੈਨੂੰ ਉਸ ਦੇ ਅੱਜ ਤੱਕ ਨਜ਼ਦੀਕ ਰੱਖਿਆ ਹੋਇਆ ਹੈ। ਉਸ ਦੀ ਨਵੀਂ ਆਈ ਫ਼ਿਲਮ ”ਸੰਨ ਆਫ਼ ਕਿਸਾਨ” ਲਈ ਜੱਗੀ ਕੁੱਸਾ ਨੂੰ ਮੁਬਾਰਕਬਾਦ। ਅਸੀਂ ਉਸ ਦੇ ਅਗਲੇ ਨਾਵਲ ”ਇੱਕ ਮੇਰੀ ਅੱਖ ਕਾਸ਼ਣੀ”, ਸਵੇ-ਜੀਵਨੀ ”ਬਾਜੀ ਲੈ ਗਏ ਕੁੱਤੇ” ਅਤੇ ਆਉਣ ਵਾਲ਼ੇ ਨਵੇਂ ਫ਼ਿਲਮੀਂ ਪ੍ਰਾਜੈਕਟਾਂ ਲਈ ਦੁਆਵਾਂ ਕਰਦੇ ਹਾਂ।

(ਰਣਜੀਤ ਚੱਕ ਤਾਰੇਵਾਲ਼)
+91 82646 05441