ਆਸਟਰੇਲੀਆ ਵਿਰੁੱਧ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ‘ਚ ਨੋਵਾਕ ਜੋਕੋਵਿਚ ਦੇ ਹੱਕ ‘ਚ ਲੋਕ ਉੱਤਰੇ

ਦੇਸ਼ ਨਿਕਾਲਾ ਦੇਣਾ ਸਿਆਸਤ ਤੋਂ ਪ੍ਰੇਰਿਤ: ਜੋਕੋਵਿਚ ਦੇ ਪਿਤਾ

(ਬ੍ਰਿਸਬੇਨ) ਵਿਸ਼ਵ ਦੇ ਨੰਬਰ ਇਕ ਸਰਬੀਆਈ ਟੈਨਿਸ ਖਿਡਾਰੀ ਅਤੇ 9 ਵਾਰ ਆਸਟਰੇਲੀਅਨ ਓਪਨ ਜਿੱਤ ਚੁੱਕੇ ਨੋਵਾਕ ਜੋਕੋਵਿਚ ਨੂੰ ਕਰੋਨਾ ਟੀਕਾਕਰਨ ਨਿਯਮਾਂ ਤੋਂ ਛੋਟ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਵਿੱਚ ਅਸਫ਼ਲ ਰਹਿਣ ਕਾਰਨ ਅਤੇ ਰੱਦ ਹੋਏ ਵੀਜ਼ੇ ਦਾ ਵਿਵਾਦ ਹੁਣ ਰਾਜਨੀਤਕ ਰੰਗ ਫੜਦਿਆਂ ਦੋਵੇਂ ਦੇਸ਼ਾਂ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜੋਕੋਵਿਚ ਦੇ ਪਿਤਾ ਨੇ ਪ੍ਰਧਾਨ ਮੰਤਰੀ ਸਕੌਟ ਮਾਰੀਸਨ ‘ਤੇ ਸਿੱਧਾ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਆਸਟਰੇਲੀਆ ਤੋਂ ਦੇਸ਼ ਨਿਕਾਲਾ ਦੇਣਾ ਸਿਆਸਤ ਤੋਂ ਪ੍ਰੇਰਿਤ ਵਰਤਾਰਾ ਹੈ। ਉਹਨਾਂ ਪ੍ਰਧਾਨ ਮੰਤਰੀ ‘ਤੇ ਦੋਸ਼ ਲਗਾਇਆ ਕਿ, “ਉਹ ਸਰਬੀਆ ਨੂੰ ਗੋਡਿਆਂ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।” ਉੱਧਰ ਆਸਟਰੇਲਿਆਈ ਪ੍ਰਧਾਨ ਮੰਤਰੀ ਨੇ ਆਪਣੇ ਟਵਿੱਟਰ ਸੁਨੇਹੇ ‘ਚ ਕਿਹਾ ਹੈ ਕਿ, “ਨਿਯਮ ਨਿਯਮ ਹੁੰਦੇ ਹਨ, ਇਨ੍ਹਾਂ ਨਿਯਮਾਂ ਤੋਂ ਉੱਪਰ ਕੋਈ ਨਹੀਂ ਹੈ। ਸਾਡੀਆਂ ਮਜ਼ਬੂਤ ਸਰਹੱਦੀ ਨੀਤੀਆਂ ਕੋਵਿਡ ਤੋਂ ਵਿਸ਼ਵ ਵਿੱਚ ਸਭ ਤੋਂ ਘੱਟ ਮੌਤ ਦਰਾਂ ਵਿੱਚੋਂ ਇੱਕ ਹੋਣ ਵਾਲੇ ਆਸਟਰੇਲੀਆ ਲਈ ਮਹੱਤਵਪੂਰਨ ਰਹੀਆਂ ਹਨ, ਅਸੀਂ ਲਗਾਤਾਰ ਚੌਕਸ ਰਹੇ ਹਾਂ।” ਜੋਕੋਵਿਚ ਇਸ ਸਮੇਂ ਫ਼ੈਡਰਲ ਅਦਾਲਤ ਦੀ ਚੁਣੌਤੀ ਦੇ ਨਤੀਜੇ ਦੀ ਉਡੀਕ ਵਿੱਚ ਸੋਮਵਾਰ ਤੱਕ ਮੈਲਬਾਰਨ ਦੇ ਇਕ ਹੋਟਲ ‘ਚ ਇਮੀਗ੍ਰੇਸ਼ਨ ਹਿਰਾਸਤ ਵਿਚ ਹੈ ਅਤੇ ਉਸਦੇ ਵਕੀਲਾਂ ਦੁਆਰਾ ਸੰਘੀ ਅਦਾਲਤ ਵਿੱਚ ਦੇਸ਼ ਨਿਕਾਲਾ ਦੇਣ ਦੇ ਸਰਕਾਰੀ ਫਰਮਾਨ ਵਿਰੁੱਧ ਚੁਣੌਤੀ ਦਿੱਤੀ ਜਾਵੇਗੀ। ਜੋਕੋਵਿਚ ਦੇ ਪਿਤਾ ਨੇ ਲੰਘੇ ਵੀਰਵਾਰ ਨੂੰ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਵਿੱਚ ਆਪਣੇ ਪੁੱਤਰ ਦੇ ਨਾਮ ਵਾਲੇ ਆਪਣੇ ਰੈਸਟੋਰੈਂਟ ਵਿੱਚ ਇੱਕ ਮੀਡੀਆ ਕਾਨਫਰੰਸ ਦੌਰਾਨ ਕਿਹਾ ਕਿ ਆਸਟਰੇਲੀਆ ਦੇ ਇਸ ਅਣਮਨੁੱਖੀ ਵਰਤਾਰੇ ਦਾ ਖੇਡਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਨਿਰਾ ਸਿਆਸੀ ਏਜੰਡਾ ਹੈ। ਇਹ ਸਰਬੀਆ ਅਤੇ ਇਸਦੇ ਲੋਕਾਂ ‘ਤੇ ਹਮਲੇ ਮਾਤਰ ਹੈ। ਨੋਵਾਕ, ਸਰਬੀਆ ਦਾ ਮਾਣ ਹੈ ਅਤੇ ਉਹ ਮੇਰੇ ਪੁੱਤ ਨਾਲ ਬੰਦੀਆਂ ਵਾਲਾ ਵਤੀਰਾ ਕਰ ਰਹੇ ਹਨ। ਗੌਰਤਲਬ ਹੈ ਕਿ ਮੈਲਬਾਰਨ ਲਈ ਉਡਾਣ ਤੋਂ ਪਹਿਲਾਂ, ਟੈਨਿਸ ਆਸਟਰੇਲੀਆ ਅਤੇ ਵਿਕਟੋਰੀਆ ਦੀ ਸਰਕਾਰ ਨੇ ਜੋਕੋਵਿਚ ਨੂੰ ਕੋਵਿਡ-19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਤੋਂ ਡਾਕਟਰੀ ਛੋਟ ਜਾਰੀ ਕੀਤੀ ਸੀ। ਜੋਕੋਵਿਚ ਦੁਬਈ ਤੋਂ 14 ਘੰਟੇ ਦੀ ਉਡਾਣ ਤੋਂ ਬਾਅਦ ਬੁੱਧਵਾਰ ਦੇਰ ਸ਼ਾਮ ਮੈਲਬਾਰਨ ਪਹੁੰਚਿਆ ਸੀ। ਪਰ ਪਹੁੰਚਣ ਤੋਂ ਤੁਰੰਤ ਬਾਅਦ ਬਾਰਡਰ ਫੋਰਸ ਨੇ ਉਸ ਨੂੰ ਦਾਖਲੇ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਹਿੰਦਿਆਂ ਹਿਰਾਸਤ ‘ਚ ਲੈਂਦਿਆਂ ਵੀਰਵਾਰ ਸਵੇਰੇ ਉਸਦਾ ਵੀਜ਼ਾ ਰੱਦ ਕਰ ਦਿੱਤਾ ਸੀ। ਜੋਕੋਵਿਚ ਦੀ ਮਾਂ ਡਿਜ਼ਾਨਾ ਦਾ ਕਹਿਣਾ ਹੈ ਕਿ, “ਮੈਨੂੰ ਉਮੀਦ ਹੈ ਕਿ ਉਹ ਜਿੱਤ ਜਾਵੇਗਾ।” ਉੱਧਰ ਜੋਕੋਵਿਚ ਦੇ ਪਰਿਵਾਰ ਦੁਆਰਾ ਆਯੋਜਿਤ ਇੱਕ ਰੈਲੀ ਵਿੱਚ ਸ਼ਾਮਲ ਹੋਣ ਲਈ ਬੇਲਗ੍ਰੇਡ ਵਿੱਚ ਸਰਬੀਆ ਦੀ ਸੰਸਦ ਭਵਨ ਵਿੱਚ ਸੈਂਕੜੇ ਲੋਕ ਉਤਰੇ। ਦੱਸਣਯੋਗ ਹੈ ਕਿ 34 ਸਾਲਾ ਜੋਕੋਵਿਚ, 9 ਵਾਰ ਆਸਟਰੇਲੀਅਨ ਓਪਨ ਚੈਂਪੀਅਨ, ਕਰੀਅਰ ਦੇ 21 ਗ੍ਰੈਂਡ ਸਲੈਮ ਦੇ ਨਾਲ ਆਪਣੇ 2021 ਦੇ ਤਾਜ ਦਾ ਬਚਾਅ ਕਰਨ ਅਤੇ ਓਪਨ ਦੌਰ ਵਿੱਚ ਸਭ ਤੋਂ ਸਫਲ ਪੁਰਸ਼ ਟੈਨਿਸ ਖਿਡਾਰੀ ਬਣਨ ਦੀ ਉਮੀਦ ਕਰ ਰਿਹਾ ਸੀ।

Install Punjabi Akhbar App

Install
×