ਉਤਰੀ ਸਿਡਨੀ ਕਾਂਸਲ ਵਿੱਚ ਪਿਆ ਮਤਾ: ਕੰਗਾਰੂ ਦੀਆਂ ਖੱਲ੍ਹਾਂ ਨਾਲ ਬਣਨ ਵਾਲੀਆਂ ਆਈਟਮਾਂ ਤੇ ਲੱਗ ਸਕਦੀ ਹੈ ਪਾਬੰਧੀ

ਬੀਤੇ ਦਿਨ ਅਖ਼ਬਾਰ ਦੀਆਂ ਸੁਰਖੀਆਂ ਵਿੱਚ ਇਹ ਖ਼ਬਰ ਰਹੀ ਸੀ ਕਿ ਸਿਡਨੀ ਕਾਂਸਲ ਦੇ ਇੱਕ ਕਾਂਸਲਰ ਨੇ ਆਵਾਜ਼ ਉਠਾਈ ਹੈ ਅਤੇ ਬੈਠਕ ਦੌਰਾਨ ਇੱਕ ਮਤਾ ਵੀ ਪੇਸ਼ ਕੀਤਾ ਹੈ ਕਿ ਕੰਗਾਰੂ ਦੀਆਂ ਖੱਲ੍ਹਾਂ ਆਦਿ ਨਾਲ ਬਣਨ ਵਾਲੀਆਂ ਵਸਤੂਆਂ ਉਪਰ ਪੂਰਨ ਪਾਬੰਧੀ ਲਗਾਈ ਜਾਵੇ।
ਪਰੰਤੂ ਅੱਜ, ਸਸਟੇਨਏਬਲ ਆਸਟ੍ਰੇਲੀਆਈ ਪਾਰਟੀ ਦੇ ਜੋਰਜੀਆ ਲੈਮ ਨੇ ਇਸ ਬਾਬਤ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਮਤਾ ਇਸ ਵਾਸਤੇ ਪਾਇਆ ਸੀ ਕਿ ਘੱਟੋ ਘੱਟ ਸਥਾਨਕ ਕਾਂਸਲ ਦੀ ਮੀਟਿੰਗ ਵਿੱਚ ਕੰਗਾਰੂ ਦੀ ਖੱਲ੍ਹ ਨਾਲ ਬਣੇ ਹੋਏ ਕੋਟ, ਬੂਟ ਜਾਂ ਟੋਪੀਆਂ ਆਦਿ ਪਾ ਕੇ ਨਾ ਆਇਆ ਜਾਵੇ। ਅਤੇ ਉਹ ਆਪਣੀ ਇਸ ਜਾਇਜ਼ ਮੰਗ ਉਪਰ ਕਾਇਮ ਹਨ ਅਤੇ ਇਸ ਬਾਬਤ ਕਿਸੇ ਕਿਸਮ ਦੀ ਕੋਈ ਵੀ ਬਹਿਸ ਜਾਂ ਵਿਚਾਰ ਆਦਿ ਸਾਂਝੇ ਕਰਨ ਨੂੰ ਤਿਆਰ ਹਨ ਅਤੇ ਉਨ੍ਹਾਂ ਦੀ ਮੰਗ ਵਿੱਚ ਇਹ ਵੀ ਸ਼ਾਮਿਲ ਹੈ ਕਿ ਖੇਡ ਦੇ ਮੈਦਾਨ ਵਿੱਚ ਵੀ ਜਾਨਵਰਾਂ ਦੀਆਂ ਖੱਲ੍ਹਾਂ ਨਾਲ ਬਣੀ ਹੋਈ ਗੇਂਦ ਨਾ ਵਰਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਚਮੜੇ ਤੋਂ ਬਣੀ ਹਰ ਇੱਕ ਵਸਤੂ ਦੇ ਹੀ ਖਿਲਾਫ਼ ਹਨ ਜਿਵੇਂ ਕਿ ਕੁਰਸੀਆਂ, ਬੂਟ, ਬੈਗ, ਬੈਲਟਾਂ, ਅਤੇ ਫੁੱਟਬਾਲ ਜਾਂ ਹੋਰ ਖੇਡ ਦੀਆਂ ਸਮੱਗਰੀਆਂ ਆਦਿ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਮਤਾ ਇਹ ਮੰਗ ਕਰਦਾ ਹੈ ਕਿ ਅਸੀਂ ਜਾਨਵਰਾਂ ਪ੍ਰਤੀ ਸੁਹਿਰਦ ਰਹੀਏ ਅਤੇ ਕੰਮ-ਧੰਦਿਆਂ ਨੂੰ ਚਮਕਾਉਣ ਜਾਂ ਮੁਨਾਫ਼ਾ ਕਮਾਉਣ ਪਿੱਛੇ ਉਨ੍ਹਾਂ ਦੀਆਂ ਖੱਲ੍ਹਾਂ ਦੇ ਵਪਾਰ ਨੂੰ ਠੱਲ੍ਹ ਪਾਈਏ।
ਜ਼ਿਕਰਯੋਗ ਹੈ ਕਿ ਜੋਰਜੀਆ ਲੈਮ ਸਾਲ 2021 ਵਿੱਚ ਕਾਂਸਲਰ ਚੁਣੀ ਗਈ ਸੀ ਅਤੇ ਉਸ ਸਮੇਂ ਉਹ ਮਹਿਜ਼ 20 ਸਾਲਾਂ ਦੀ ਹੀ ਸੀ।
ਵੈਸੇ ਇਸ ਬਾਬਤ ਵੋਟਾਂ ਕ੍ਰਿਸਮਿਸ ਤੋਂ ਪਹਿਲਾਂ ਹੀ ਪੈ ਗਈਆਂ ਸਨ। ਅਤੇ ਇਹ ਵੀ ਜ਼ਾਹਿਰ ਹੈ ਕਿ ਇਸ ਦੇ ਖ਼ਿਲਾਫ਼ ਕੇਵਲ ਅਤੇ ਕੇਵਲ ਇੱਕ ਹੀ ਵੋਟ ਪਈ ਸੀ ਅਤੇ ਉਹ ਵੋਟ ਸਾਬਕਾ ਮੇਅਰ ਜਿਲੀ ਗਿਬਸਨ ਵੱਲੋਂ ਪਾਈ ਗਈ ਸੀ।
ਗਿਬਸਨ ਦਾ ਕਹਿਣਾ ਹੈ ਕਿ ਇਹ ਫ਼ਜ਼ੂਲ ਦੀ ਕਾਰਵਾਈ ਹੋ ਸਕਦੀ ਹੈ ਅਤੇ ਇਸ ਕਾਰਨ ਉਦਿਯੋਗਾਂ ਨੂੰ ਬਹੁਤ ਵੱਡਾ ਘਾਟਾ ਪੈ ਸਕਦਾ ਹੈ ਅਤੇ ਕਾਂਸਲ ਦੇ ਖ਼ਜ਼ਾਨੇ ਵਿੱਚ ਰੱਖੀਆਂ ਬੇਸ਼ਕੀਮਤੀ ਵਸਤੂਆਂ ਅਤੇ ਪੁਸਤਕਾਂ ਆਦਿ ਕਿੱਥੇ ਜਾਣਗੀਆ ਅਤੇ ਬੱਚੇ ਕੀ ਅਤੇ ਕਿਸ ਵਸਤੂ ਦੇ ਨਾਲ ਖੇਡਣਗੇ…? ਇਹ ਸਭ ਵਿਚਾਰਨ ਦੀਆਂ ਗੱਲਾਂ ਹਨ।