ਆਸਟ੍ਰੇਲੀਆਈ ਮਨੁੱਖੀ ਅਧਿਕਾਰਾਂ ਦੇ ਹਨਨ ਦੀ ਉਤਰੀ ਕੋਰੀਆ ਨੇ ਵੀ ਕੀਤੀ ਨਿਖੇਧੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਾਰਥ ਕੋਰੀਆ, ਜਿਸਨੂੰ ਕਿ ਮਨੁੱਖੀ ਅਧਿਕਾਰਾਂ ਉਪਰ ਨਜ਼ਰਸਾਨੀ ਕਰਨ ਵਾਲੀ ਅੰਤਰ-ਰਾਸ਼ਟਰੀ ਏਜੰਸੀ ਨੇ ਹੱਦ ਤੋਂ ਜ਼ਿਆਦਾ ‘ਦਮਨਕਾਰੀ’ ਐਲਾਨਿਆ ਹੋਇਆ ਹੈ, ਨੇ ਵੀ ਆਸਟ੍ਰੇਲੀਆ ਦੇਸ਼ ਅੰਦਰ ਮਨੁੱਖੀ ਅਧਿਕਾਰਾਂ ਉਪਰ ਸਵਾਲ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਦੇਸ਼ ਅੰਦਰ ਚੱਲ ਰਹੀਆਂ ਮਨੁੱਖੀ ਅਧਿਕਾਰਾਂ ਦੇ ਗਲਤ ਚਲਨ ਨੂੰ ਫੌਰਨ ਬੰਦ ਕੀਤਾ ਜਾਵੇ ਅਤੇ ਬੰਦੀ ਸ਼ਰਣਾਰਥੀਆਂ ਪ੍ਰਤੀ ਠੀਕ ਰਵੱਈਆ ਅਪਣਾਇਆ ਜਾਵੇ। ਉਕਤ ਗੱਲ ਦਾ ਪ੍ਰਗਟਾਅ ਉਤਰੀ ਕੋਰੀਆ ਦੇ ਬੁਲਾਰੇ ਕਿੰਮ ਸੌਂਗ ਨੇ ਇੱਕ ਵੀਡੀਓ ਲਿੰਕ ਰਾਹੀਂ ਜਾਰੀ ਕੀਤਾ ਅਤੇ ਯੁਨਾਈਟੇਡ ਨੇਸ਼ਨਜ਼ ਦੇ ਮਨੁੱਖੀ ਅਧਿਕਾਰਾਂ ਦੇ ਇੱਕ ਰਿਵਿਊ ਦੌਰਾਨ ਪੇਸ਼ ਕੀਤਾ। ਉਤਰੀ ਕੋਰੀਆ ਦੇ ਬੁਲਾਰੇ ਵੱਲੋਂ ਤਿੰਨ ਸੁਝਾਅ ਵੀ ਦਿੱਤੇ ਗਏ ਜਿਸ ਵਿੱਚ ਕਿਹਾ ਗਿਆ ਕਿ ਆਸਟ੍ਰੇਲੀਆ ਨੂੰ ਜਾਤ-ਪਾਤ, ਊਚ-ਨੀਚ ਅਤੇ ਜ਼ੈਨੋਫੋਬੀਆ ਵਰਗੀਆਂ ਨੀਤੀਆਂ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਦੇਸ਼ ਅੰਦਰ ਸਭਿਆਚਾਰਕ ਅਤੇ ਧਾਰਮਿਕ ਪਿਛੋਕੜ ਆਦਿ ਕਾਰਨ ਪੈਦਾ ਹੋਈਆਂ ਗਲਤ ਨੀਤੀਆਂ ਨੂੰ ਬਦਲ ਦੇਣਾ ਚਾਹੀਦਾ ਹੈ; ਦੂਸਰੇ, ਜਨਤਕ ਥਾਵਾਂ ਜਾਂ ਬੰਦੀਗ੍ਰਹਾਂ ਅੰਦਰ ਜ਼ਾਲਮਾਨਾ ਅਤੇ ਅਣਮਨੁੱਖੀ ਤਸ਼ੱਦਦਾਂ ਨੂੰ ਖ਼ਤਮ ਕਰਨਾ ਚਾਹੀਦਾ ਹੈ ਅਤੇ ਤੀਸਰੇ, ਅਪੰਗਤਾ ਝੇਲ ਰਹੇ ਨਾਗਰਿਕਾਂ ਦੇ ਹੱਕਾਂ ਪ੍ਰਤੀ ਜਾਗਰੂਕਤਾ ਦਿਖਾਉਣੀ ਚਾਹੀਦੀ ਹੈ ਅਤੇ ਚੋਣਾਂ ਜਾਂ ਨੀਤੀਆਂ ਬਣਾਉਣ ਸਮੇਂ ਹਰ ਇੱਕ ਦੀ ਬਰਾਬਰਤਾ ਦਾ ਪੂਰਨ ਧਿਆਨ ਰੱਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਅੰਦਰ ਉਤਰੀ ਕੋਰੀਆ ਸਮੇਤ ਕਈ ਹੋਰ ਦੇਸ਼ ਜਿਵੇਂ ਕਿ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਪੋਲੈਂਡ ਅਤੇ ਮੈਕਸਿਕੋ ਆਦਿ ਘੱਟੋ ਘੱਟ 30 ਅਜਿਹੇ ਦੇਸ਼ ਹਨ ਜੋ ਕਿ ਆਸਟ੍ਰੇਲੀਆ ਦੀਆਂ ਨੀਤੀਆਂ ਖ਼ਿਲਾਫ਼ ਯੁਨਾਈਟੇਡ ਨੇਸ਼ਨਜ਼ ਵਿੱਚ ਲਗਾਤਾਰ ਬੋਲ ਰਹੇ ਹਨ।

Install Punjabi Akhbar App

Install
×