ਮਾਨਯੋਗ ਹਾਈਕੋਰਟ ਨੇ ਫਿਰੋਜ਼ਪੁਰ ਵਾਇਆ ਸਾਦਿਕ ਮੁਕਤਸਰ ਦੇ ਨਿਰਮਾਣ ਸਮੇਂ ਦਰੱਖਤ ਪੁੱਟਣ ਤੇ ਲਾਈ ਰੋਕ

ਸਮਾਜ ਸੇਵੀ ਜੱਥੇਬੰਦੀਆਂ ਨੇ ਜਨ ਹਿੱਤ ਵਿਚ ਪਾਈ ਸੀ ਪਟੀਸ਼ਨ

(ਫਿਰੋਜ਼ਪੁਰ ਵਾਇਆ ਸਾਦਿਕ ਮੁਕਤਸਰ ਸੜਕ ਤੇ ਖੜ੍ਹੇ ਸਫੈਦੇ ਦੇ ਰੁੱਖਾਂ ਦਾ ਦ੍ਰਿਸ਼, ਜਿਸ ਸਬੰਧੀ ਮਾਨਯੋਗ ਹਾਈਕੋਰਟ ਵਲੋਂ ਪੁੱਟਣ ਤੇ ਰੋਕ ਲਗਾਈ ਗਈ ਹੈ)

ਫਰੀਦਕੋਟ -ਫਿਰੋਜ਼ਪੁਰ ਵਾਇਆ ਸਾਦਿਕ ਸ਼੍ਰੀ ਮੁਕਤਸਰ ਸਾਹਿਬ ਸੜਕ ਦੇ ਨਿਰਮਾਣ ਲਈ ਸਬੰਧਤ ਵਿਭਾਗ ਵਲੋਂ ਤਿਆਰੀਆਂ ਲੱਗਪਗ ਮੁਕੰਮਲ ਕਰ ਲਈਆਂ ਗਈਆਂ ਸਨ ਅਤੇ ਸੜਕ ਨੂੰ ਚੌੜੀ ਕਰਨ ਲਈ ਜੰਗਲਾਤ ਵਿਭਾਗ ਦੇ ਅੱਧੀ ਸਦੀ ਤੋਂ ਵੱਧ ਪੁਰਾਣੇ ਸਫੈਦੇ ਪੁੱਟਣ ਲਈ ਵੀ ਸਾਰੇ ਪ੍ਰਬੰਧ ਹੋ ਚੁੱਕੇ ਸਨ, ਪਰ ਕੁੱਝ ਸਮਾਜ ਸੇਵੀ ਜੱਥੇਬੰਦੀਆਂ ਵਲੋਂ ਸੜਕ ਦੇ ਨਿਰਮਾਣ ਸਮੇਂ ਕਿਸੇ ਵੀ ਦਰੱਖਤ ਨੂੰ ਪੁੱਟਣ ਵਿਰੁੱਧ ਐਚ ਸੀ ਅਰੋੜਾ ਐਡਵੋਕੇਟ ਰਾਹੀਂ ਮਾਨਯੋਗ ਹਾਈਕੋਰਟ ਵਿਚ ਜਨਹਿੱਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸਤੇ ਮਾਨਯੋਗ ਹਾਈਕੋਰਟ ਨੇ ਤੁਰੰਤ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਮਾਨਯੋਗ ਹਾਈਕੋਰਟ ਦੇ ਜੱਜ ਸਾਹਿਬਾਨ ਅਰੁਣ ਪਾਲੀ ਵਲੋਂ ਪੰਜਾਬ ਸਰਕਾਰ , ਜੰਗਲਾਤ ਵਿਭਾਗ, ਲੋਕ ਨਿਰਮਾਣ ਵਿਭਾਗ ਫਿਰੋਜ਼ਪੁਰ, ਡਵੀਜ਼ਨਲ ਫਾਰੈਸਟ ਅਫਸਰ ਫਿਰੋਜ਼ਪੁਰ, ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਪਟੀਸ਼ਨਰ ਦੁਆਰਾ ਮਾਨਯੋਗ ਹਾਈਕੋਰਟ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਆਰਫਕੇ ਫਿਰੋਜ਼ਪੁਰ ਤੋਂ ਲੈ ਕੇ ਮੁਕਤਸਰ, ਮਲੋਟ ਤੱਕ ਇਸ ਸੜਕ ਦੇ ਕਿਨਾਰਿਆਂ ਤੇ ਖੜ੍ਹੇ ਲੱਖਾਂ ਦਰੱਖਤ ਕੱਟ ਦਿੱਤੇ ਜਾਣਗੇ ਜਿਸ ਨਾਲ ਇਨਵਾਇਰਮੈਂਟ ਨੂੰ ਵੱਡਾ ਨੁਕਸਾਨ ਹੋਵੇਗਾ। ਪਟੀਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਤੋਂ ਮੁਕਤਸਰ 51 ਕਿਲੋਮੀਟਰ ਦਾ ਫਾਸਲਾ ਹੈ ਜਿਸਦੀਆਂ ਦੋਹਾਂ ਸਾਈਡਾਂ ਤੇ ਲੱਖਾਂ ਦਰੱਖਤ ਲੱਗੇ ਹੋਏ ਹਨ। ਅੱਜ ਇਸ ਪੁਟੀਸ਼ਨ ਦੀ ਸੁਣਵਾਈ ਮੌਕੇ ਸ਼੍ਰੀ ਸ਼ਤੀਸ਼ ਕੁਮਾਰ ਗੋਇਲ ਐਗਜ਼ੈਕਟਿਵ ਇੰਜਨੀਅਰ ਪੀ ਡਬਲਯੂ ਡੀ ਫਿਰੋਜ਼ਪੁਰ ਨੇ ਹਾਜ਼ਰ ਹੋ ਕੇ ਇਹ ਭਰੋਸਾ ਦਿਵਾਇਆ ਕਿ ਸੜਕ ਦੇ ਨਿਰਮਾਣ ਸਮੇਂ ਸੜਕ ਦੇ ਕਿਨਾਰਿਆਂ ਤੋਂ ਕੋਈ ਵੀ ਦਰੱਖਤ ਨਹੀਂ ਪੁੱਟਿਆ ਜਾਵੇਗਾ। ਮਾਨਯੋਗ ਡਵੀਜ਼ਨ ਬੈਂਚ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਅਗਲੀ ਸੁਣਵਾਈ ਤੱਕ ਦਰੱਖਤਾਂ ਦੇ ਪੁੱਟਣ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਸਰਕਾਰ ਨੂੰ ਉਦੋਂ ਤੱਕ ਇਨ੍ਹਾਂ ਦਰੱਖਤਾਂ ਨੂੰ ਬਚਾਉਣ ਲਈ ਢੁੱਕਵਾਂ ਹੱਲ ਲੱਭਣ ਦੀ ਹਦਾਇਤ ਕੀਤੀ ਹੈ। ਪਟੀਸ਼ਨਰ ਨੇ ਦੱਸਿਆ ਕਿ ਜੇ ਸਰਕਾਰ ਇਨ੍ਹਾਂ ਦਰੱਖਤਾਂ ਨੂੰ ਬਚਾਉਣ ਲਈ ਕੋਈ ਪਹਿਲ ਕਦਮੀ ਨਹੀਂ ਕਰਦੀ ਤਾਂ ਹਾਈਕੋਰਟ ਵਲੋਂ ਲੋਕਲ ਕਮਿਸ਼ਨ ਰਾਹੀਂ ਢੁੱਕਵੇਂ ਹੱਲ ਦੀ ਸਿਫਾਰਸ਼ ਕੀਤੀ ਜਾ ਸਕਦੀ ਹੈ। ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਦਰੱਖਤਾਂ ਨੂੰ ਬਚਾਉਣ ਦੀ ਕੀਤੀ ਗਈ ਪਹਿਲ ਕਦਮੀ ਕਾਰਨ ਨੈਸ਼ਨਲ ਹਾਈਵੇ ਅਥਾਰਟੀਂ ਵਲੋਂ ਬਠਿੰਡਾ-ਅੰਮ੍ਰਿਤਸਰ ਹਾਈਵੇ ਤੇ 1 ਲੱਖ ਨਵੇਂ ਦਰੱਖਤ ਲਗਾਏ ਜਾ ਰਹੇ ਹਨ। ਜਦੋਂ ਇਸ ਸਟੇਅ ਸਬੰਧੀ ਇਲਾਕਾ ਨਿਵਾਸੀਆਂ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਆਪਣੀ ਰਾਇ ਦਿੰਦਿਆ ਆਖਿਆ ਕਿ ਸਫੈਦੇ ਦਾ ਕੋਈ ਲਾਭ ਨਹੀਂ। ਜਿੱਥੇ ਇਹ ਧਰਤੀ ਚੋਂ ਵੱਡੀ ਮਾਤਰਾ ਵਿਚ ਪਾਣੀ ਖਤਮ ਕਰ ਰਿਹਾ ਹੈ, ਉੱਥੇ ਹਰ ਸਾਲ ਭਾਰੀ ਸਫੈਦੇ ਅਚਾਨਕ ਸੜਕਾਂ ਵਿਚ ਡਿੱਗਣ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ ਅਤੇ ਵਾਹਨ ਨੁਕਸਾਨੇ ਗਏ ਹਨ। ਜੇਕਰ ਸਫੈਦਾ ਪੁੱਟਕੇ ਇਸਦੀ ਥਾਂ ਅਦਾਲਤ ਤੁਰੰਤ ਨਵੇਂ ਰੁੱਖ ਲਾਉਣ ਦੀ ਹਦਾਇਤ ਕਰੇ ਤਾਂ ਸੜਕ ਵੀ ਬਣ ਜਾਵੇਗੀ, ਸਫੈਦਾ ਵੀ ਪੁੱਟਿਆ ਜਾਵੇਗਾ ਅਤੇ ਨਾਲ ਦੀ ਨਾਲ ਨਵੇਂ ਰੁੱਖ ਲਾਏ ਜਾ ਸਕਦੇ ਹਨ। ਸਫੈਦੇ ਤੋਂ ਬਿਨਾਂ ਜੋ ਦਰੱਖਤ ਨਿੰਮਾਂ ਵਗੈਰਾ ਹਨ, ਉਨ੍ਹਾਂ ਨੂੰ ਬੇਸ਼ੱਕ ਪੁੱਟਣ ਤੋਂ ਰੋਕ ਲਾਈ ਜਾਵੇ।

Install Punjabi Akhbar App

Install
×