ਕੁਈਨਜ਼ਲੈਂਡ ਵਿਚਲੀ ਬਜ਼ੁਰਗ ਮਹਿਲਾ ਦੀ ਮੌਤ ਦਾ ਫਾਈਜ਼ਰ ਵੈਕਸੀਨ ਨਾਲ ਕੋਈ ਸੰਬੰਧ ਨਹੀਂ -ਸਿਹਤ ਅਧਿਕਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਕੱਲ੍ਹ, ਬੁੱਧਵਾਰ ਨੂੰ ਸਪ੍ਰਿੰਗਵੁਡ ਯੁਰਾਨਾ ਏਜਡ ਕੇਅਰ ਫਸਿਲਟੀ ਵਿਖੇ ਇੱਕ 82 ਸਾਲਾਂ ਦੀ ਬਜ਼ੁਰਗ ਮਹਿਲਾ, ਜਿਸਨੂੰ ਕਿ ਕੱਲ੍ਹ ਹੀ ਕੋਵਿਡ-19 ਤੋਂ ਬਚਾਉ ਵਾਸਤੇ ਫਾਈਜ਼ਰ ਵੈਕਸੀਨ ਦਿੱਤੀ ਗਈ ਸੀ ਅਤੇ ਕੁੱਝ ਘੰਟਿਆਂ ਵਿੱਚ ਹੀ, ਬਾਅਦ ਦੁਪਹਿਰ ਉਕਤ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਤਾਂ ਇਸ ਬਾਬਤ ਮੁੱਖ ਸਿਹਤ ਅਧਿਕਾਰੀ ਪੌਲ ਕੈਲੀ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਇਸ ਵਾਕਿਆ ਦਾ ਵੈਕਸੀਨ ਨਾਲ ਕੋਈ ਸਬੰਧ ਨਹੀਂ ਹੈ ਅਤੇ ਮਹਿਜ਼ ਇਤਫਾਕ ਹੈ ਕਿਉਂਕਿ ਉਕਤ ਮਹਿਲਾ ਨੂੰ ਪਹਿਲਾਂ ਤੋਂ ਹੀ ਕਾਫੀ ਬਿਮਾਰੀਆਂ ਸਨ ਅਤੇ ਉਸਦੀ ਫੇਫੜਿਆਂ ਦੀ ਹਾਲਤ ਵੀ ਜ਼ਿਆਦਾ ਵਧੀਆ ਨਹੀਂ ਸੀ ਅਤੇ ਉਹ ਜ਼ੇਰੇ ਇਲਾਜ ਸੀ। ਇਸ ਵਾਸਤੇ ਇਹ ਸਪੱਸ਼ਟ ਹੈ ਕਿ ਉਕਤ ਮਹਿਲਾ ਦੀ ਮੌਤ ਇੱਕ ਕੁਦਰਤੀ ਵਰਤਾਰਾ ਹੀ ਹੈ ਅਤੇ ਕੋਈ ਦਵਾਈ ਦਾ ਗਲਤ ਅਸਰ ਨਹੀਂ।
ਉਨ੍ਹਾਂ ਕਿਹਾ ਕਿ ਏਜਡ ਕੇਅਰ ਹੋਮਾਂ ਅੰਦਰ ਹਰ ਹਫ਼ਤੇ ਇੱਕ ਹਜ਼ਾਰ ਦੀ ਗਿਣਤੀ ਤੋਂ ਵੀ ਜ਼ਿਆਦਾ ਲੋਕ ਆਪਣੀਆਂ ਉਮਰਾਂ ਭੋਗ ਕੇ ਗੁਜ਼ਰ ਜਾਂਦੇ ਹਨ ਅਤੇ ਉਕਤ ਮਹਿਲਾ ਦਾ ਗੁਜ਼ਰਨਾ ਵੀ ਇਸੇ ਦਾ ਹਿੱਸਾ ਹੈ ਅਤੇ ਵੈਸੇ ਵੀ ਸਿਹਤ ਅਧਿਕਾਰੀਆਂ ਅਤੇ ਸਟਾਫ ਵੱਲੋਂ ਓਲਡ ਏਜਡ ਹੋਮਾਂ ਅੰਦਰ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਨੂੰ ਕਰੋਨਾ ਵੈਕਸੀਨ ਦਿੱਤੀ ਜਾ ਵੀ ਚੁਕੀ ਹੈ।
ਵੈਸੇ ਇਸਦੇ ਨਾਲ ਹੀ ਇੱਕ ਵਿਕਟੋਰੀਆਈ ਸ਼ਖ਼ਸ ਦੇ ਵੈਕਸੀਨ ਲੈਣ ਤੋਂ ਬਾਅਦ ਜਿਹੜਾ ਖੂਨ ਦੀ ਕਲਾਟਿੰਗ ਦਾ ਮਾਮਲਾ ਸਾਹਮਣੇ ਆਇਆ ਸੀ, ਅਧਿਕਾਰੀ ਉਸ ਦੀ ਵੀ ਜਾਂਚ ਕਰ ਰਹੇ ਹਨ ਅਤੇ ਉਕਮ ਵਿਅਕਤੀ ਨੂੰ 22 ਮਾਰਚ ਵਾਲੇ ਦਿਨ ਐਸਟ੍ਰੇਜੈਨੇਕਾ ਵੈਕਸੀਨ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਬ੍ਰਿਟੇਨ ਅਤੇ ਯੂਰੋਪ ਵਿਚ ਕਈ ਲੋਕਾਂ ਨੇ ਵੈਕਸੀਨ ਤੋਂ ਬਾਅਦ, ਖੂਨ ਵਿੱਚ ਕਲਾਟਿੰਗ ਦੀ ਪ੍ਰੇਸ਼ਾਨੀ ਨੂੰ ਭੁਗਤਿਆ ਹੈ ਪਰੰਤੂ ਹਾਲ ਦੀ ਘੜੀ ਇਹ ਪਤਾ ਲਗਾਇਆ ਨਹੀਂ ਜਾ ਸਕਿਆ ਕਿ ਅਜਿਹਾ ਐਸਟ੍ਰੇਜ਼ੈਨੇਕਾ ਵੈਕਸੀਨ ਕਰਕੇ ਹੋ ਰਿਹਾ ਹੈ ਜਾਂ ਫੇਰ ਇਸ ਦਾ ਸੰਬੰਧ ਕਿਤੇ ਹੋਰ ਹੈ….।

Install Punjabi Akhbar App

Install
×