ਪਾਕਿਸਤਾਨੀ ਖਿਡਾਰੀਆਂ ਨੂੰ ਸਜ਼ਾ ਤੱਕ ਭਾਰਤ ‘ਚ ਐਫ. ਆਈ. ਐਚ. ਦਾ ਕੋਈ ਟੂਰਨਾਮੈਂਟ ਨਹੀਂ ਹੋਵੇਗਾ-ਹਾਕੀ ਇੰਡੀਆ

ind-pak-hockey

ਹਾਕੀ ਇੰਡੀਆ ਨੇ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ‘ਚ ਭਾਰਤ ਨੂੰ ਹਰਾਉਣ ਦੇ ਬਾਅਦ ਪਾਕਿਸਤਾਨੀ ਖਿਡਾਰੀਆਂ ਵਲੋਂ ਪ੍ਰਸੰਸਕਾਂ ਵੱਲ ਅਸ਼ਲੀਲ ਇਸ਼ਾਰੇ ਅਤੇ ਭੱਦਾ ਵਿਵਹਾਰ ਕਰਨ ਵਿਰੁੱਧ ਅਗਲੇ ਸਾਲ ਮਾਰਚ ‘ਚ ਪਾਕਿਸਤਾਨ ਖਿਲਾਫ਼ ਦੁਵੱਲੀ ਲੜੀ ‘ਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਹਾਕੀ ਇੰਡੀਆ ਨੇ ਕਿਹਾ ਕਿ ਜਦੋਂ ਤੱਕ ਪਾਕਿਸਤਾਨੀ ਖਿਡਾਰੀਆਂ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਭਾਰਤ ਐਫ. ਆਈ. ਐਚ. ਦੇ ਕਿਸੇ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕਰੇਗਾ। ਪਾਕਿਸਤਾਨੀ ਖਿਡਾਰੀਆਂ ਨੇ ਕੱਲ੍ਹ ਸ਼ਾਮ ਆਪਣੀ ਜਿੱਤ ਦੇ ਬਾਅਦ ਭਾਰਤੀ ਪ੍ਰਸੰਸਕਾਂ ਅਤੇ ਮੀਡੀਆ ਵੱਲ ਅਸ਼ਲੀਲ ਇਸ਼ਾਰੇ ਕੀਤੇ ਪਰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐਫ ਆਈ ਐਚ) ਨੇ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪਾਕਿਸਤਾਨੀ ਹਾਕੀ ਕੋਚ ਸ਼ਹਿਨਾਜ਼ ਸ਼ੇਖ ਨੇ ਖਿਡਾਰੀਆਂ ਦੀ ਇਸ ਕਾਰਵਾਈ ਲਈ ਮੁਆਫੀ ਮੰਗੀ ਸੀ। ਹਾਕੀ ਇੰਡੀਆ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਦੱਸਿਆ ਕਿ ਇਹ ਬਹੁਤ ਸ਼ਰਮਨਾਕ ਅਤੇ ਨਿੰਦਾਯੋਗ ਘਟਨਾ ਹੈ ਪਰ ਐਫ ਆਈ ਐਚ ਨੇ ਬਹੁਤ ਕਮਜ਼ੋਰ ਤੇ ਅਸਪੱਸ਼ਟ ਫੈਸਲਾ ਲਿਆ ਹੈ। ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਐਫ ਆਈ ਐਚ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਖਿਡਾਰੀਆਂ ਵਲੋਂ ਕੀਤਾ ਗਿਆ ਇਸ ਤਰਾਂ ਦਾ ਵਿਵਹਾਰ ਭਾਰਤੀ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਜੇਕਰ ਉਹ ਪਾਕਿਸਤਾਨ ਖਿਲਾਫ਼ ਸਖਤ ਕਾਰਵਾਈ ਨਹੀਂ ਕਰਦੇ ਤਾਂ ਭਾਰਤ ਐਫ ਆਈ ਐਚ ਦੇ ਕਿਸੇ ਵੀ ਟੂਰਨਾਮੈਂਟ ਦੀ ਮੇਜ਼ਬਾਨੀ ਨਹੀਂ ਕਰੇਗਾ। ਬੱਤਰਾ ਨੇ ਕਿਹਾ ਕਿ ਪਾਕਿਸਤਾਨੀ ਸੰਘ ਤੋਂ ਬਿਨਾਂ ਸ਼ਰਤ ਮੁਆਫੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 2015 ਦੇ ਮਾਰਚ ‘ਚ ਇਕ ਦੁਵੱਲੀ ਲੜੀ ਕਰਾਉਣ ਦੀ ਯੋਜਨਾ ਬਣਾਈ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੇ ਆਪਣੇ ਬਿਆਨ ‘ਚ ਕਿਹਾ ਕਿ ਅਸੀਂ ਖਿਡਾਰੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦੇ ਹਾਂ। ਪਾਕਿਸਤਾਨ ਨੇ ਸਨਿਚਰਵਾਰ ਸ਼ਾਮ ਨੂੰ ਭਾਰਤ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4-3 ਦੀ ਜਿੱਤ ਦਰਜ ਕਰਕੇ ਚੈਂਪੀਅਨਸ ਟਰਾਫੀ ਦੇ ਫਾਈਨਲ ਮਬਕਾਬਲੇ ‘ਚ ਪ੍ਰਵੇਸ਼ ਕੀਤਾ ਪਰ ਕਲਿੰਗਾ ਸਟੇਡੀਅਮ ‘ਚ ਉਨ੍ਹਾਂ ਦੇ ਜਸ਼ਨ ਦਾ ਤਰੀਕਾ ਭਾਰਤੀ ਪ੍ਰਸੰਸਕਾਂ ਅਤੇ ਮੀਡੀਆ ਨੂੰ ਚੰਗਾ ਨਹੀਂ ਲੱਗਾ। ਜਿੱਤ ਦੇ ਬਾਅਦ ਸਾਰੇ ਪਾਕਿਸਤਾਨੀ ਖਿਡਾਰੀਆਂ ਨੇ ਆਣੀਆਂ ਸ਼ਰਟਾਂ ਉਤਾਰ ਕੇ ਪ੍ਰਸੰਸਕਾਂ ਵੱਲ ਅਸ਼ਲੀਲ ਇਸ਼ਾਰੇ ਕੀਤੇ ਜਿਸ ਨੂੰ ਖੇਡ ਦੇ ਖੇਤਰ ‘ਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਟੂਰਨਾਮੈਂਟ ਦੇ ਨਿਰਦੇਸ਼ਕ ਵਾਇਰਟ ਡੋਇਰ ਨੇ ਪਾਕਿਸਤਾਨੀ ਕੈਂਪ ਨਾ ਗੱਲ ਕੀਤੀ ਅਤੇ ਕਿਹਾ ਕਿ ਐਫ ਆਈ ਐਚ ਨੇ ਉਨ੍ਹਾਂ ਦੀ ਮੁਆਫੀ ਨੂੰ ਸਵੀਕਾਰ ਕਰ ਲਿਆ ਹੈ। ਪਰ ਬੱਤਰਾ ਨੇ ਕਿਹਾ ਕਿ ਸਿਰਫ ਮੁਆਫੀ ਕਾਫੀ ਨਹੀਂ ਹੈ। ਬੱਤਰਾ ਨੇ ਕਿਹਾ ਕਿ ਜੇਕਰ ਐਫ ਆਈ ਐਚ ਦੇ ਨਿਯਮ ਇਸ ਤਰਾਂ ਦੇ ਅਭੱਦਰ ਵਿਵਹਾਰ ਦੀ ਇਜਾਜ਼ਤ ਦਿੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਟੂਰਨਾਮੈਂਟ ਕਿਸੇ ਹੋਰ ਦੇਸ਼ ‘ਚ ਕਰਵਾਉਣੇ ਚਾਹੀਦੇ ਹਨ, ਭਾਰਤ ‘ਚ ਨਹੀਂ, ਕਿਉਂਕਿ ਭਾਰਤੀ ਸੱਭਿਅਤਾ ਅਤੇ ਕਦਰਾਂ ਕੀਮਤਾਂ ਅਜਿਹੀਆਂ ਕਾਰਵਾਈਆਂ ਦੀ ਇਜਾਜ਼ਤ ਨਹੀਂ ਦਿੰਦੇ।

Install Punjabi Akhbar App

Install
×