ਨਿਊਜ਼ੀਲੈਂਡ ਵਾਸੀਓ ਜ਼ਰਾ ਬੱਚ ਕੇ! -No selfies in polling booths

NZ PIC 18 Sep-1
ਨਿਊਜ਼ੀਲੈਂਡ ਦੇ ਵਿਚ ਆਮ ਵੋਟਾਂ ਪੈਣ ਦਾ ਕੰਮ ਜ਼ੋਰਾਂ ‘ਤੇ ਹੈ। 20 ਸਤੰਬਰ ਨੂੰ ਆਖਰੀ ਦਿਨ ਹੈ ਵੋਟਾਂ ਦਾ। ਹੁਣ ਤੱਕ ਲੋਕਾਂ ਨੇ ਵੋਟਾਂ ਪਾਉਣ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਉਤੇ ਪਾਉਣੀਆ ਆਪਣਾ ਹੱਕ ਸਮਝਿਆ ਹੋਇਆ ਸੀ ਪਰ ਇਲੈਕਸ਼ਨ ਕਮਿਸ਼ਨ ਨੇ ਇਸਦੇ ਮੱਦੇ ਨਜ਼ਰ ਕੁਝ ਸਖਤਾਈ ਕਰ ਦਿੱਤੀ ਹੈ। ਕਮਿਸ਼ਨ ਵੱਲੋਂ ਹੁਣ ਇਸ ‘ਤੇ ਰੋਕ ਲਗਾਈ ਗਈ ਹੈ। ਇਸ ਨੂੰ ਵੋਟਾਂ ਦੇ ਕੰਮ ਵਿਚ ਵਿਘਨ ਮੰਨਿਆ ਜਾ ਰਿਹਾ ਹੈ। ਵੋਟ-ਘਰਾਂ ਦੇ ਅੰਦਰ ਇਸ ਸਬੰਧੀ ਲਿਖ ਕੇ ਵੀ ਲਗਾ ਦਿੱਤਾ ਗਿਆ ਹੈ ਕਿ ਸੈਲਫੋਨ ਦੇ ਨਾਲ ਕੋਈ ਫੋਟੋ ਨਾ ਖਿੱਚੀ ਜਾਵੇ। ਜੇਕਰ ਕਿਸੇ ਨੇ ਆਪਣੀ ਫੋਟੋ ਖਿੱਚ ਕੇ ਫੇਸ ਬੁੱਕ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਉਤੇ ਪਾ ਦਿੱਤੀ ਤਾਂ ਉਸ ਉਤੇ ਧਾਰਾ 197 ਦੇ ਤਹਿਤ ਕਾਰਵਾਈ ਕਰਕੇ 20000 ਡਾਲਰ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਜੇਕਰ ਕੋਈ ਅਜਿਹੀ ਫੋਟੋ ਰੀਪੋਸਟ ਜਾਂ ਸ਼ੇਅਰ ਵੀ ਕਰਦਾ ਹੈ ਤਾਂ ਉਹ ਵੀ ਦੋਸ਼ੀ ਮੰਨਿਆ ਜਾਵੇਗਾ। ਪੋਲਿੰਗ ਬੂਥ ਦੇ ਬਾਹਰ ਇਕ ਸਟਿੱਕਰ ਲਗਾਇਆ ਗਿਆ ਹੈ ਕਿ ‘ਆਈ ਹੈਵ ਵੋਟਿਡ’ ਉਥੇ ਜ਼ਰੂਰ ਫੋਟੋ ਖਿੱਚੀ ਜਾ ਸਕਦੀ ਹੈ ਪਰ ਪੋਲਿੰਗ ਬੂਥ ਦੇ ਅੰਦਰ ਬਿਲਕੁਲ ਨਹੀਂ। ਸ਼ੁੱਕਰਵਾਰ ਅੱਧੀ ਰਾਤ ਤੋਂ ਲੈ ਕੇ ਸਨਿਚਰਵਾਰ ਸ਼ਾਮ 7 ਵਜੇ ਤੱਕ ਦੇ ਸਮੇਂ ਨੂੰ ਗਿਣਿਆ ਜਾਵੇਗਾ ‘ਇਲੈਕਸ਼ਨ ਡੇਅ’। ਇਸ ਦਿਨ ਪ੍ਰਚਾਰ ਦੇ ਨਵੇਂ ਸਾਧਨ ਨਹੀਂ ਜੁਟਾਏ ਜਾ ਸਕਣਗੇ। ਨਵੇਂ ਵੋਟਰ ਸ਼ੁੱਕਰਵਾਰ ਤੱਕ ਵੀ ਆਪਣੀ ਵੋਟ ਬਣਾ ਸਕਦੇ ਹਨ। ਭਾਵੇਂ ਇਸ ਵੇਲੇ 91.7% ਲੋਕਾਂ ਨੇ ਵੋਟਾਂ ਬਣਾ ਲਈਆਂ ਹਨ ਪਰ ਅਜੇ ਵੀ 2,80,500 ਲੋਕ ਉਹ ਹਨ ਜਿਹੜੇ ਵੋਟਾਂ ਦੇ ਕਾਬਿਲ ਹਨ ਪਰ ਵੋਟ ਨਹੀਂ ਬਣਾ ਰਹੇ।