ਕੌਣ ਫੜੇਗਾ ਚੱਪੂ? ਸਰਕਾਰ ਅੱਧ ’ਚ ਛੱਡੀ ਬੇੜੀ

ਵਾਪਿਸੀ ਲਈ ਰਾਹ ਖੁਲ੍ਹਣ ਦੀ ਉਡੀਕ ’ਚ ਪੰਜਾਬ ਵਸੇ ਵੀਜ਼ਾ ਧਾਰਕਾਂ ਦੇ ਵੀਜ਼ਿਆਂ ਦੀ ਮਿਆਦ ਮੁੱਕਣ ਲੱਗੀ

ਔਕਲੈਂਡ: ਨਿਊਜ਼ੀਲੈਂਡ ਸਰਕਾਰ ਵੱਲੋਂ 19 ਮਾਰਚ 2020 ਨੂੰ ਰਾਤ 12 ਵਜੇ ਤੋਂ ਬਾਅਦ ਅਸਥਾਈ ਵੀਜ਼ੇ ਵਾਲਿਆਂ ਲਈ ਇਥੇ ਆਉਣ ਵਾਲੇ ਸਾਰੇ ਰਾਹ ਇਕ ਤਰ੍ਹਾਂ ਨਾਲ ਬੰਦ ਕਰ ਦਿਤੇ ਹੋਏ ਹਨ। ਨਿਊਜ਼ੀਲੈਂਡ ਦੇ ਨਾਗਰਿਕਾਂ, ਪੱਕੇ ਵਸਨੀਕਾਂ ਨੂੰ ਪਿਛਲੀ ਸਰਕਾਰ ਵੇਲੇ ਦੇ ਉਪ ਪ੍ਰਧਾਨ ਮੰਤਰੀ ਵਿਨਸਨ ਪੀਟਰਜ਼ ਨੇ ਜਿਸ ਨੂੰ ਨਸਲੀ ਈਰਖਾ ਰੱਖਣ ਵਾਲਾ ਵੀ ਕਿਹਾ ਜਾਂਦਾ ਸੀ ਨੇ  6 ਵਿਸ਼ੇਸ਼ ਜਹਾਜ਼ ਚਲਾ ਕੇ ਭਾਰਤੀ ਲੋਕਾਂ ਨੂੰ ਇਥੇ ਲਿਆਉਣ ਦਾ ਸਫਲ ਉਪਰਾਲਾ ਕੀਤਾ ਸੀ। ਇਸ ਤੋਂ ਬਾਅਦ ਬਹੁਤ ਸਾਰੇ ਵਿਸ਼ੇਸ਼ ਜਹਾਜ਼ ਨਿਊਜ਼ੀਲੈਂਡ ਤੋਂ ਇੰਡੀਆ ਨੂੰ ਟ੍ਰੈਵਲ ਕੰਪਨੀਆਂ ਦੇ ਰਾਹੀਂ ਅਤੇ ਏਅਰ ਇੰਡੀਆ ਰਾਹੀਂ ਜਾਂਦੇ ਰਹੇ ਪਰ ਵਾਪਸੀ ਵੇਲੇ ਕੋਈ ਵਿਸ਼ੇਸ਼ ਜਹਾਜ਼ ਭਾਰਤ ਫਸਿਆਂ ਨੂੰ ਇਥੇ ਲੈ ਕੇ ਨਹੀਂ ਆਇਆ। ਵਾਪਿਸੀ ਲਈ ਯੋਗ ਲੋਕ ਘੁੰਮ-ਘੁੰਮਾ ਕੇ ਆਉਂਦੇ ਰਹੇ ਅਤੇ ਹੁਣ ਵੀ ਕੋਈ-ਕੋਈ ਆ ਰਿਹਾ ਹੈ। ਇਨ੍ਹਾਂ ਪੱਕਿਆਂ ਦੀ ਤਾਂ ਆਸ ਹੈ ਇਕ ਨਾ ਇਕ ਦਿਨ ਆ ਸਕਣਗੇ ਪਰ ਉਨ੍ਹਾਂ ਅਸਥਾਈ ਵੀਜ਼ੇ ਵਾਲਿਆਂ ਦੀ ਅੱਧ ਵਿਚ ਪਹੁੰਚੀ ਬੇੜੀ ਦੇ ਚੱਪੂਆਂ ਨੂੰ ਕੌਣ ਫੜੇਗਾ ਜਿਹੜੇ ਕਿਸੀ ਕਾਰਨ ਲਾਕਡਾਊਨ ਤੋਂ ਬਾਅਦ ਵਾਪਿਸ ਆਉਣ ਲਈ ਸਰਹੱਦਾਂ ਦੇ ਸਮੁੰਦਰ ਦੇ ਵਿਚ ਅਟਕ ਕੇ ਰਹਿ ਗਏ ਹਨ। ਵਾਪਿਸੀ ਦਾ ਰਾਹ ਅੱਜ ਖੁੱਲ੍ਹਦਾ, ਕੱਲ੍ਹ ਖੁੱਲ੍ਹਦਾ…..ਦੀ ਆਸ ਵਿਚ ਹੀ  ਹੁਣ ਡੇਢ ਸਾਲ ਦਾ ਸਮਾਂ ਹੋਣ ਲੱਗਾ ਹੈ। ਫੋਨ ਉਤੇ ਲੋਕਾਂ ਦੇ ਦੁਖੜੇ ਸੁਣ ਤਰਸ ਆਉਂਦਾ ਹੈ।
ਦਿੱਤੇ ਵੀਜ਼ੇ ਵਰਤਣ ਦਾ ਹੱਕ ਤਾਂ ਦਿਉ: ਇੰਡੀਆ ਫਸੇ ਇਕ ਵੀਰ ਗੁਰਜੀਤ ਸਿੰਘ ਨੇ ਆਖਿਆ ਕਿ ‘‘ਜਿਨ੍ਹਾਂ ਨੇ ਲੱਖਾਂ ਡਾਲਰ ਲਾ ਕੇ ਵਰਕ ਵੀਜ਼ਿਆਂ ਤੱਕ ਆਪਣਾ ਜੀਵਨ ਨਿਰਬਾਹ ਦਾ ਗੱਡਾ ਖਿੱਚ ਕੇ ਹਜ਼ਾਰਾਂ ਕਿਲੋਮੀਟਰ ਦੂਰ ਸੱਤ ਸਮੰੁਦਰੋ ਪਾਰ ਲਿਆਂਦਾ, ਉਨ੍ਹਾਂ ਨੂੰ ਘੱਟੋ-ਘੱਟ ਜਿੰਨਾ ਚਿਰ ਦਾ ਵੀਜ਼ਾ ਬਚਿਆ ਪਿਆ ਹੈ ਓਨਾ ਚਿਰ ਦਾ ਹੱਕ ਤਾਂ ਦਿਓ ਜਾਂ ਇਥੇ ਆਉਣ ਦਾ ਹੱਕ ਤਾਂ ਬਰਕਰਾਰ ਰੱਖੋ ਤਾਂ ਕਿ ਆ ਕੇ ਅਸੀਂ ਕਿਸੀ ਤਰ੍ਹਾਂ ਆਪਣਾ ਲੱਗਿਆ ਪੈਸਾ ਪੂਰਾ ਕਰ ਲਈਏ, ਆਪਣੇ ਇਥੇ ਛੱਡ ਗਏ ਸਮਾਨ ਨੂੰ ਸਾਂਭ ਸਕੀਏ।’’ ਇਸ ਵੀਰ ਨੇ ਇਹ ਵੀ ਦੱਸਿਆ ਕਿ ਉਹ ਭਾਰਤੀ ਮੀਡੀਆ ਦੇ ਕੋਲ ਆਪਣਾ ਪੱਖ ਕਈ ਵਾਰ ਰੱਖ ਚੁੱਕੇ ਹਨ ਅਤੇ ਹੁਣ ਹੋ ਸਕਦਾ ਹੈ ਕਿ ਉਹ ਦਿੱਲੀ ਨਿਊਜ਼ੀਲੈਂਡ ਹਾਈ ਕਮਿਸ਼ਨ ਸਾਹਮਣੇ ਭੁੱਖ ਹੜ੍ਹਤਾਲ ਕਰਨ।
ਵੀਜ਼ੇ ਮਿਆਦ ਮੁਕਾਉਣ ਲੱਗੇ: ਲੱਗੇ ਵੀਜ਼ਿਆਂ ਦੀ ਮਿਆਦ ਮੁੱਕਣ ਲੱਗੀ ਹੈ, ਇਮੀਗ੍ਰੇਸ਼ਨ ਨੇ ਕੋਈ ਅੱਪਡੇਟ ਨਹੀਂ ਦਿੱਤਾ ਕਿ ਤੁਹਾਡਾ ਵੀਜ਼ਾ ਜੋ ਸਰਹੱਦਾਂ ਦੀਆਂ ਬੰਦਿਸ਼ਾਂ  ਕਾਰਨ ਖਤਮ ਹੋ ਗਿਆ ਹੈ, ਕਿਵੇਂ ਦੁਬਾਰਾ ਵਧਾਇਆ ਜਾ ਸਕੇਗਾ। ਵੀਜ਼ੇ ਹੋਣ ਦੇ ਬਾਵਜੂਦ ਐਨਾ ਲੰਬਾ ਸਮਾਂ ਬਾਹਰ ਰੋਕ ਕੇ ਰੱਖਣਾ ਡਾਹਡੇ ਦਾ ਸੱਤੀ ਵੀਹੀਂ ਸੌ ਹੋਣ ਦੇ ਬਰਾਬਰ ਹੈ।
ਇਕੋ ਹੱਟੀ ਸੋਈ ਕੁਪੱਤੀ: ਇਸ ਵੀਰ ਦੀ ਗੱਲ ਸੁਣ ਕੇ ਬਹੁਤ ਮਨ ਖਰਾਬ ਹੋਇਆ। ਹੋ ਸਕਦਾ ਹੈ ਇਥੇ ਦੀ ਕੋਈ ਸੰਸਥਾ ਇਸ ਮਾਮਲੇ ਉਤੇ ਆਪਣੀ ਪਹੁੰਚ ਬਣਾ ਰਹੀ ਹੋਵੇ, ਪਰ ਅਜੇ ਤੱਕ ਕੋਈ ਸਾਰਥਿਕ ਨਤੀਜਾ ਸਾਹਮਣੇ ਨਹੀਂ ਆ ਰਿਹਾ ਹੈ। ਫੈਡਰੇਸ਼ਨ ਆਫ ਓਈਟੀਰੋਆ ਮਾਈਗ੍ਰਾਂਟਸ ਦੇ ਰਾਹੀਂ ਵੀਰ ਭਾਰਤੀ ਕਲੋਟੀ ਅਤੇ ਸ਼ੇਰ ਸਿੰਘ ਮਾਣਕਢੇਰੀ ਹੋਰਾਂ ਜਰੂਰ ਮੁਜਾਹਰੇ ਕੀਤੇ ਹਨ ਅਤੇ 11 ਜੁਲਾਈ ਨੂੰ ਬਿ੍ਰਟੋਮਾਰਟ ਤੋਂ ਦੁਬਾਰਾ ਕਰ ਰਹੇ ਹਨ। ਮੈਨੂੰ ਤਾਂ ਇੰਝ ਲਗਦਾ ਹੈ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ‘ਇਕੋ ਹੱਟੀ ਸੋਈ ਕੁਪੱਤੀ’ ਜਾਈਏ ਵੀ ਤਾਂ ਜਾਈਏ ਕਿੱਥੇ। ਹੈਰਾਨੀ ਹੈ ਕਿ ਇਸ ਵੇਲੇ ਦੇਸ਼ ਦੀ ਐਥਨਿਕ ਮਾਮਲਿਆਂ ਦੀ ਮੰਤਰੀ ਵੀ ਆਪਣੀ ਭਾਰਤੀ ਮਹਿਲਾ ਹੀ ਹੈ, ਪਰ ਉਸ ਵੱਲੋਂ ਵੀ ਸਰਕਾਰ ਦੇ ਫੈਸਲੇ ਉਤੇ ਦੁਬਾਰਾ ਨਜ਼ਰਸਾਨੀ ਕਰਨ ਦੀ ਹਿੰਮਤ ਨਹੀਂ ਵਿਖਾਈ ਗਈ ਜਾਂ ਕੋਈ ਵਿਸ਼ੇਸ਼ ਜਹਾਜ਼ ਚਲਾ ਕੇ ਫਸਿਆਂ ਨੂੰ ਉਨ੍ਹਾਂ ਦੇ ਖਰਚੇ ਉਤੇ ਵਾਪਿਸ ਬੁਲਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ। ਹਮਿਲਟਨ ਤੋਂ ਮੈਂਬਰ ਪਾਰਲੀਮੈਂਟ ਵੀ ਇਕ ਭਾਰਤੀ ਹਨ, ਉਹ ਵੀ ਸਮਾਗਮਾਂ ਵਿਚ ਸ਼ਿਰਕਤ ਕਰਦੇ ਤਾਂ ਵੇਖੇ ਜਾਂਦੇ ਹਨ ਪਰ ਇਸ ਸਬੰਧੀ ਕੋਈ ਖਾਸ ਰਿਪੋਰਟ ਬਣਾ ਕੇ ਸਰਕਾਰ ਤੱਕ ਪੇਸ਼ ਨਹੀਂ ਕੀਤੀ ਕਿ ਕਿੰਨੇ ਪਰਿਵਾਰ ਕਿੰਨੀਆ ਮੁਸ਼ਕਿਲਾਂ ਦੇ ਵਿਚ ਆਪਣਾ ਜੀਵਨ ਬਤੀਤ ਕਰ ਰਹੇ ਹਨ ਅਤੇ ਵਾਪਿਸ ਪਰਤਣ ਵਾਸਤੇ ਕੋਈ ਉਨ੍ਹਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ। ਇਨ੍ਹਾਂ ਸਾਂਸਦਾ ਨੇ ਏਥਨਿਕ ਮੀਡੀਆ ਨੂੰ ਇਸ ਸਬੰਧੀ ਆਪਣੇ ਵਿਚਾਰਾਂ ਤੋਂ ਵੀ ਸ਼ਾਇਦ ਜਾਣੂ ਨਹੀਂ ਕਰਵਾਇਆ ਕਿ ਉਹ ਉਨ੍ਹਾਂ ਦੇ ਵਾਸਤੇ ਨੇੜ ਭਵਿੱਖ ਵਿਚ ਕੁਝ ਕਰਨਗੇ ਜਾਂ ਨਹੀਂ।
ਨੈਸ਼ਨਲ ਪਾਰਟੀ ਵੱਲੋਂ ਇਸ ਸਬੰਧੀ ਜਰੂਰ ਲੋਕਾਂ ਦੀ ਮੁਸ਼ਕਿਲਾਂ ਸੁਣੀਆ ਜਾ ਰਹੀਆਂ ਹਨ। ਰੇਡੀਓ ਸਪਾਈਸ ਅਤੇ ਨੈਸ਼ਨਲ ਪਾਰਟੀ ਦੇ ਸਰਗਰਮ ਮੈਂਬਰ ਨਵਤੇਜ ਰੰਧਾਵਾ ਨੇ ਬੀਤੇ ਦਿਨੀਂ ਇਕ ਜਨਤਕ ਮੀਟਿੰਗ ਕਰਵਾਈ ਸੀ ਅਤੇ ਉਸ ਦੇ ਵਿਚ ਜਿਹੜੇ ਲੋਕਾਂ ਨੇ ਫੁੱਸ ਹੁੰਦੀਆਂ ਸਰਕਾਰੀ ਪਾਬੰਦੀਆਂ ਦੀਆਂ ਉਦਾਹਰਣਾ ਪੇਸ਼ ਕੀਤੀਆਂ, ਉਹ ਇੰਝ ਸਨ ਜਿਵੇਂ ਸਰਕਾਰ ਤੁਹਾਡੀ ਸਹਾਇਤਾ ਲਈ ਨਾ ਹੋਵੇ, ਸਗੋਂ ਤੁਹਾਨੂੰ ਹੋਰ ਪ੍ਰੇਸ਼ਾਨ ਕਰਨ ਵਾਸਤੇ ਕੰਮ ਕਰ ਰਹੀ ਹੋਵੇ।

ਵਾਪਿਸੀ ਦਾ ਕੋਈ ਰੂਟ ਨਹੀਂ ਬਣ ਰਿਹਾ : ਕਈ ਜਿਹੜੇ ਨਿਊਜ਼ੀਲੈਂਡ ਵਾਪਿਸ ਆ ਸਕਦੇ ਹਨ ਉਨ੍ਹਾਂ ਦੇ ਲਈ ਵੀ ਕੋਈ ਰੂਟ ਨਹੀਂ ਬਣ ਰਿਹਾ। ਉਹ ਕਿਹੜੇ ਕਰੋਨਾ ਮੁਕਤ ਦੇਸ਼ ਜਾਣ ਜਿੱਥੇ 14 ਦਿਨ ਰਹਿ ਸਕਣ, ਕਰੋਨਾ ਟੈਸਟ ਨੈਗੇਟਿਲ ਆਉਣ ਉਤੇ ਫਿਰ ਫਲਾਈਟ ਲੈ ਕੇ ਇਥੇ ਆਉਣ ਦਾ ਸੋਚਣ, ਐਨ ਉਸੇ ਵੇਲੇ ਐਮ. ਆਈ. ਕਿਊ. ਦੇ ਵਾਊਚਰ ਦਾ ਵੀ ਪ੍ਰਬੰਧ ਕਰਨ। ਲੋਕਾਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਹੈ। ਕੀ ਕੋਈ ਸਿੱਧਾ ਜਹਾਜ਼ ਨਹੀਂ ਚਲਾਇਆ ਜਾ ਸਕਦਾ ਜਿਸ ਦੇ ਰਾਹੀਂ ਲੋਕ ਇਥੇ ਆ ਕੇ ਆਪਣੇ ਖਰਚੇ ਦੇ ਉਤੇ ਰਹਿ ਸਕਣ। ਸ਼ਰਤ ਇਹ ਹੋਵੇ ਕਿ ਉਹ ਚੜ੍ਹਨ ਵੇਲੇ ਨੈਗੇਟਵਿ ਹੋਣ। ਲੋਕ ਸ਼ਰਤਾਂ ਪੂਰੀਆਂ ਕਰਨ ਲਈ ਤਿਆਰ ਹਨ, ਪਰ ਫਲਾਈਟ ਸਿੱਧ ਮੰਗਦੇ ਹਨ। ਕਈ ਲੋਕਾਂ ਨੇ ਹਜ਼ਾਰਾਂ ਡਾਲਰ ਇਕ ਦੂਜੇ ਦੇਸ਼ ਦਾ ਵੀਜ਼ਾ ਲੈਣ, ਟਿਕਟ ਕਦੇ ਬੁੱਕ ਕਰਵਾਉਣ, ਕਦੇ ਕੈਂਸਿਲ ਕਰਵਾਉਣ ਤੇ ਕਦੇ ਵੀਜ਼ਾ ਫੀਸਾਂ ਭਰਨ ਉਤੇ ਗਵਾ ਲਏ ਹਨ, ਪਰ ਵਾਪਿਸੀ ਫਿਰ ਨਹੀਂ ਹੋਈ।
ਸਰਕਾਰ ਉਤੇ ਇਹ ਕਹਾਵਤ ਲਾਗੂ ਹੁੰਦੀ ਨਜ਼ਰ ਆਉਂਦੀ ਹੈ ਕਿ
‘‘ਕੋਈ ਹੱਸੇ ਕੋਈ ਰੋਵੇ, ਸੁਥਰਾ ਘੋਲ ਪਤਾਸੇ ਪੀਵੇ’’

Welcome to Punjabi Akhbar

Install Punjabi Akhbar
×
Enable Notifications    OK No thanks