
(ਦ ਏਜ ਮੁਤਾਬਿਕ) ਰਾਜ ਦੇ ਸਿਹਤ ਅਧਿਕਾਰੀਆਂ ਨਾਲ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਰਾਜ ਅੰਦਰ ਕੋਈ ਵੀ ਨਵਾਂ ਕਰੋਨਾ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਰਿਜਨਲ ਨਿਊ ਸਾਊਥ ਵੇਲਜ਼ ਵਿੱਚ ਮਿਲੇ ਇੱਕ ਪਰਵਾਰ -ਜਿਸ ਨੂੰ ਕਿ ਕਰੋਨਾ ਹੋਇਆ ਸੀ, ਦਾ ਵੀ ਪਿਛੋਕੜ ਮਿਲ ਗਿਆ ਹੈ ਅਤੇ ਇਸ ਦਾ ਸਬੰਧ ਦੱਖਣੀ-ਪੱਛਮੀ ਸਿਡਨੀ ਵਿਚਲੇ ਸਿਹਤ ਕਰਮਚਾਰੀਆਂ ਵਾਲੇ ਕਲਸਟਰ ਨਾਲ ਜਾ ਜੁੜਿਆ ਹੈ। ਸਿਹਤ ਅਧਿਕਾਰੀਆਂ ਮੁਤਾਬਿਕ ਪਹਿਲਾਂ ਮੌਸ ਵੇਲ ਵਿਚਲੇ ਉਕਤ ਪਰਵਾਰ ਦੇ ਮਾਮਲਿਆਂ ਨੂੰ ਲਿਵਰਪੂਲ ਦੇ ਕਲਸਟਰ ਨਾਲ ਜੋੜਿਆ ਜਾ ਰਿਹਾ ਸੀ। ਰਾਜ ਵਿੱਚ ਹੁਣ 5 ਮਾਮਲੇ ਸਿਡਨੀ ਹੋਟਲ ਕੁਆਰਨਟੀਨ ਦੇ ਹਨ ਮੌਜੂਦਾ ਸਮੇਂ ਤੱਕ ਰਾਜ ਅੰਦਰ ਇਸ ਭਿਆਨਕ ਬਿਮਾਰੀ ਤੋਂ ਪੀੜਿਤ ਕੁੱਲ ਮਾਮਲਿਆਂ ਦਾ ਆਂਕੜਾ 4353 ਦਾ ਹੈ। ਕੋਵਿਡ-19 ਕਾਰਨ, ਬੀਤੇ ਜੁਲਾਈ ਦੇ ਮਹੀਨੇ ਤੋਂ ਬੰਦ ਬਾਰਡਰ ਵੀ, ਅੱਜ (ਅੱਧੀ ਰਾਤ ਸਵੇਰ ਤੋਂ) ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿਚਾਲੇ ਖੋਲ੍ਹ ਦਿੱਤੇ ਗਏ ਹਨ ਅਤੇ ਆਵਾਗਮਨ ਦੀ ਸ਼ੁਰੂਆਤ ਹੋ ਚੁਕੀ ਹੈ। ਪ੍ਰੀਮੀਅਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦਾ ਜ਼ੋਰ ਜ਼ਰੂਰ ਘਟਿਆ ਹੈ ਅਤੇ ਹੁਣ ਬਾਰਡਰ ਖੋਲ੍ਹ ਵੀ ਦਿੱਤੇ ਗਏ ਹਨ ਪਰੰਤੂ ਸਾਨੂੰ ਇਸ ਗਰਮੀ ਦੇ ਮੌਸਮ ਵਿੱਚ ਭਾਰੀ ਇਕੱਠਾਂ ਉਪਰ ਪੂਰਨ ਅਹਿਤਿਆਦ ਵਰਤਣੀ ਪਵੇਗੀ ਅਤੇ ਫੇਸ-ਮਾਸਕ ਅਤੇ ਆਪਸੀ ਦੂਰੀਆਂ ਦਾ ਧਿਆਨ ਵੀ ਰੱਖਣਾ ਪਵੇਗਾ ਕਿਉਂਕਿ ਹਾਲ ਦੀ ਘੜੀ, ਜਦੋਂ ਤੱਕ ਇਸ ਨਾਮੁਰਾਦ ਬਿਮਾਰੀ ਦੀ ਕੋਈ ਦਵਾਈ ਨਹੀਂ ਆਉਂਦੀ, ਹੋਰ ਕੋਈ ਚਾਰਾ ਵੀ ਨਹੀਂ ਹੈ ਅਤੇ ਸਾਰਿਆਂ ਦੀ ਕੋਸ਼ਿਸ਼ਾਂ ਸਦਕਾ ਹੀ ਅਸੀਂ ਅੱਜ ਇਸ ਮੁਕਾਮ ਤੇ ਪਹੁੰਚੇ ਹਾਂ ਅਤੇ ਹੁਣ ਸਭ ਦਾ ਬੁਨਿਆਦੀ ਫ਼ਰਜ਼ ਹੈ ਕਿ ਥੋੜ੍ਹੀਆਂ ਜਿਹੀਆਂ ਕੋਸ਼ਿਸ਼ਾਂ ਨਾਲ ਇਸ ਬਿਮਾਰੀ ਤੋਂ ਪੂਰਨ ਬਚਾਅ ਰੱਖਿਆ ਜਾਵੇ ਅਤੇ ਕਿਸੇ ਕਿਸਮ ਦੀ ਕੋਈ ਵੀ ਅਣਗਹਿਲੀ ਜਾਂ ਕੋਤਾਹੀ ਨਾ ਵਰਤੀ ਜਾਵੇ।