
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਰਾਜ ਦੇ ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ, ਬੀਤੇ 24 ਘੰਟਿਆਂ ਦੌਰਾਨ ਰਾਜ ਵਿੱਚ ਕੋਈ ਵੀ ਨਵਾਂ ਕਰੋਨਾ ਦਾ ਮਾਮਲਾ ਦਰਜ ਨਹੀਂ ਕੀਤਾ ਗਿਆ ਪਰੰਤੂ ਕਰੋਨਾ ਦੇ ਨਵੇਂ ਸੰਸਕਰਣ, ਯੂ.ਕੇ. ਵੇਰੀਐਂਟ ਦੇ ਬ੍ਰਿਸਬੇਨ ਵਿੱਚ ਮੌਜੂਦ ਹੋਣ ਦੀਆਂ ਸੰਭਾਵਨਾਵਾਂ ਪੂਰਨ ਰੂਪ ਵਿੱਚ ਸਥਾਪਿਤ ਹਨ ਅਤੇ ਇਨ੍ਹਾਂ ਤੋਂ ਬਿਲਕੁਲ ਵੀ ਅਣਗੌਲ਼ਿਆ ਨਹੀਂ ਹੋਇਆ ਜਾ ਸਕਦਾ। ਬੀਤੇ ਪੰਜ ਦਿਨਾਂ ਵਿੱਚ ਜਿਹੜਾ ਨਵਾਂ ਸਥਾਨਕ ਕਰੋਨਾ ਸਥਾਨਅੰਤਰਣ ਦਾ ਮਾਮਲਾ ਦਰਜ ਹੋਇਆ ਹੈ ਉਹ ਪਹਿਲਾਂ ਤੋਂ ਹੀ ਦਰਜ ਕੁਆਰਨਟੀਨ ਵਾਲੇ ਹੋਟਲ ਦੇ ਕਲੀਨਰ ਦੇ ਪਾਰਟਨਰ ਦਾ ਹੀ ਹੈ। ਉਕਤ ਵਿਅਕਤੀ ਦੇ ਦੋ ਥਾਂਵਾਂ ਉਪਰ ਸ਼ਿਰਕਤ ਦੀ ਸੰਭਾਵਨ ਕਾਰਨ – 5 ਜਨਵਰੀ ਨੂੰ, ਬਨਿੰਗਜ਼ ਵੇਅਰਹਾਊਸ ਅਕਾਸੀਆ ਰਿਝ (ਦੁਪਹਿਰ 2:00 ਵਜੇ ਤੋਂ 2:15 ਤੱਕ) ਅਤੇ 6 ਜਨਵਰੀ ਨੂੰ ਸਨੀਬੈਂਕ ਸੈਲਰਜ਼ ਦੁਪਹਿਰ 2:05 ਤੋਂ 2:15 ਤੱਕ ਦੇ ਸਥਾਨਾਂ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਪਰੋਕਤ ਸਮਾਂ ਸੂਚੀ ਮੁਤਾਬਿਕ ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਸਥਾਨਾਂ ਉਪਰ ਗਿਆ ਹੈ ਤਾਂ ਤੁਰੰਤ ਆਪਣਾ ਕਰੋਨਾ ਟੈਸਟ ਕਰਵਾਏ। ਡਾ. ਯੰਗ ਨੇ ਵਿਕਟੋਰੀਆ ਤੋਂ ਪਰਤਣ ਵਾਲੇ ਯਾਤਰੀਆਂ ਲਈ ਵੀ ਇੱਕ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਕਰੋਨਾ ਦਾ ਟੈਸਟ ਤਾਂ ਹੀ ਜ਼ਰੂਰੀ ਹੈ ਜੇਕਰ ਉਹ ਕਿਸੇ ਪ੍ਰਕਾਰ ਦੇ ਕਰੋਨਾ ਦੇ ਲੱਛਣ ਮਹਿਸੂਸ ਕਰਨ ਤਾਂ ਉਹ ਆਪਣਾ ਟੈਸਟ ਵੀ ਕਰਵਾਉਣ ਅਤੇ ਆਪਣੇ ਆਪ ਨੂੰ ਤੁਰੰਤ ਆਈਸੋਲੇਟ ਵੀ ਕਰਨ। ਜ਼ਿਕਰਯੋਗ ਹੈ ਕਿ ਵਿਕਟੋਰੀਆ ਅੰਦਰ ਵੀ ਅੱਜ ਲਾਗਾਤਰ ਛੇਵਾਂ ਦਿਨ ਹੈ ਕਿ ਇੱਥੇ ਕੋਈ ਸਥਾਨਕ ਕਰੋਨਾ ਦਾ ਸਥਾਨਅੰਤਰਣ ਦਾ ਮਾਮਲਾ ਦਰਜ ਨਹੀਂ ਹੋਇਆ। ਖੇਤਰਾਂ ਦੀ ਵੰਡ ਅਨੁਸਾਰ, ਖੇਤਰੀ ਨਿਊ ਸਾਉਥ ਵੇਲਜ਼ ਨੂੰ ਓਰੈਂਜ਼ ਜ਼ੋਨ ਵਿੱਚ ਰੱਖਿਆ ਗਿਆ ਹੈ ਜਦੋਂ ਕਿ ਗ੍ਰੇਟਰ ਸਿਡਨੀ ਅਤੇ ਗ੍ਰੇਟਰ ਬ੍ਰਿਸਬੇਨ ਨੂੰ ਹਾਲ ਦੀ ਘੜੀ ਰੈਡ ਜ਼ੋਨ ਵਿੱਚ ਰੱਖਿਆ ਗਿਆ ਹੈ।