ਵਿਕਟੋਰੀਆ ਵਿੱਚ ਲਗਾਤਾਰ 10ਵੇਂ ਦਿਨ ਕੀ ਕਰੋਨਾ ਦਾ ਕੋਈ ਨਵਾਂ ਮਾਮਲਾ ਦਰਜ ਨਹੀਂ -ਰਿੰਗ ਆਫ ਸਟੀਲ ਦਾ ਖਾਤਮਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਵਿਚਲੇ ‘ਰਿੰਗ ਆਫ ਸਟੀਲ’ ਦਾ ਅੱਜ ਖਾਤਮਾ ਹੁੰਦਿਆਂ ਹੀ ਸੜਕਾਂ ਉਪਰ ਆਵਾਜਾਈ ਮੁੜ ਤੋਂ ਸ਼ੁਰੂ ਹੋ ਗਈ ਹੈ। ਬੀਤੇ 10 ਦਿਨ ਅੰਦਰ ਸਮੁੱਚੇ ਰਾਜ ਵਿੱਚ ਕੋਈ ਵੀ ਕੋਵਿਡ-19 ਦਾ ਨਵਾਂ ਮਾਮਲਾ ਦਰਜ ਨਹੀਂ ਹੋਇਆ ਅਤੇ ਬੀਤੇ ਸ਼ੁਕਰਵਾਰ ਨੂੰ ਮਹਿਜ਼ ਦੋ ਅਣਪਛਾਤੇ ਮਾਮਲੇ ਦਰਜ ਹੋਏ ਸਨ ਅਤੇ ਇਸ ਸਮੇਂ ਕੁੱਲ ਚਲੰਤ ਮਾਮਲਿਆਂ ਦੀ ਗਿਣਤੀ 4 ਹੈ। ਅੱਜ ਤੜਕੇ ਸਵੇਰੇ ਤੋਂ ਹੀ ‘ਰਿੰਗ ਆਫ ਸਟੀਲ’ ਦਾ ਖਾਤਮਾ ਹੁੰਦਿਆਂ ਹੀ ਮੈਲਬੋਰਨ ਦੀਆਂ ਸੜਕਾਂ ਉਪਰ ਟ੍ਰੇਫਿਕ ਦੀਆਂ ਕਤਾਰਾਂ ਅਤੇ ਭੀੜ ਦੇਖਣ ਨੂੰ ਮਿਲ ਰਹੀ ਹੈ। ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਾਫੀ ਮਹੀਨਿਆਂ ਤੋਂ ਬਾਅਦ ਹੁਣ ਲੋਕ ਆਪਣੇ ਪਿਆਰਿਆਂ ਅਤੇ ਵਿਛੜਿਆਂ ਨੂੰ ਮਿਲਣ ਲਈ ਆ ਜਾ ਰਹੇ ਹਨ ਅਤੇ ਮਿਲ ਵੀ ਰਹੇ ਹਨ -ਭਾਵੁਕ ਸਮਾਂ ਹੈ, ਪਰੰਤੂ ਅਹਿਤਿਆਦ ਜ਼ਰੂਰੀ ਹੈ ਅਤੇ ਬੁਨਿਆਦੀ ਨਿਯਮਾਂ ਦੀ ਪਾਲਣਾ ਕਰਨ ਨਾਲ ਅਸੀਂ ਮੁੜ ਤੋਂ ਅਜਿਹੇ ਚੱਕਰਾਂ ਵਿੱਚ ਨਹੀਂ ਫੱਸਾਂਗੇ ਜਿਸ ਵਿਚੋਂ ਕਿ ਹੁਣੇ ਹੁਣੇ ਨਿਕਲ ਕੇ ਆਏ ਹਾਂ। ਖਾਣ-ਪੀਣ ਅਤੇ ਰਹਿਣ-ਸਹਿਣ ਵਾਲੇ ਹੋਟਲਾਂ, ਰੈਸਟੌਰੈਂਟਾਂ ਦਿਆ ਵਿੱਚ ਬਾਹਰਵਾਰ 70 ਵਿਅਕਤੀ ਅਤੇ ਅੰਦਰਵਾਰ 40 ਵਿਅਕਤੀਆਂ ਦੇ ਉਠਣ ਬਹਿਣ ਦੀ ਇਜਾਜ਼ਤ ਹੁਣ ਦੇ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਜਿਮ, ਲਾਇਬ੍ਰੇਰੀਆਂ, ਕਮਿਊਨਿਟੀ ਸੈਂਟਰ, ਗੈਲਰੀਆਂ, ਮਿਊਜ਼ਿਅਮਾਂ ਅਤੇ ਸਿਨੇਮਾ ਅੰਦਰ 20 ਲੋਕਾਂ ਦੇ ਬੈਠਣ ਦੀ ਇਜਾਜ਼ਤ ਹੈ। ਏਜਡ ਕੇਅਰ ਵਿੱਚ ਰਹਿਣ ਵਾਲਿਆਂ ਨੂੰ ਮਿਲਣ ਵਾਸਤੇ ਹੁਣ ਉਨ੍ਹਾਂ ਦੇ ਘਰ ਵਿੱਚੋਂ ਇੱਕ ਵਿਅਕਤੀ ਹਰ ਰੋਜ਼ 2 ਘੰਟਿਆਂ ਲਈ ਆ ਜਾ ਸਕਦਾ ਹੈ ਅਤੇ ਹਸਪਤਾਲਾਂ ਦੇ ਮੈਟਰਨਿਟੀ ਵਾਰਡਾਂ ਅੰਦਰ ਵੀ ਹੁਣ ਆਪਣੇ ਸਾਥੀਆਂ ਨੂੰ ਅਣਮਿੱਥੇ ਸਮੇਂ ਲਈ ਮਿਲਿਆ ਜਾ ਸਕਦਾ ਹੈ। ਮਾਸ-ਮੱਛੀ, ਪੋਲਟਰੀ ਅਤੇ ਸੀ-ਫੂਡ ਵਾਲੇ ਅਦਾਰਿਆਂ ਤੋਂ ਛੋਟਾਂ ਹਟਾ ਲਈਆਂ ਗਈਆਂ ਹਨ ਅਤੇ ਜਿਹੜੇ ਲੋਕ ਘਰਾਂ ਤੋਂ ਕੰਮ ਕਰ ਸਕਦੇ ਹਨ ਉਨ੍ਹਾਂ ਨੂੰ ਘਰਾਂ ਤੋਂ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਜਨਤਕ ਥਾਵਾਂ ਉਪਰ ਫੇਸ-ਮਾਸਕ ਲਗਾਉਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਹੁਣ ਸਾਰੇ ਹੀ ਨਵੰਬਰ ਦੀ 22 ਤਾਰੀਖ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਪ੍ਰੀਮੀਅਰ ਵੱਲ ਇਸ ਉਮੀਦ ਵਿੱਚ ਦੇਖ ਰਹੇ ਹਨ ਕਿ ਨਵੀਆਂ ਰਿਆਇਤਾਂ ਦਾ ਐਲਾਨ ਕੀਤਾ ਜਾਵੇਗਾ।

Install Punjabi Akhbar App

Install
×