ਸੰਸਦ ਵਿੱਚ ਹੰਗਾਮਾ – ਗਡਕਰੀ ਦੀ ਜਸੂਸੀ ਦਾ ਮਾਮਲਾ

nitin-gadkariਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਰਿਹਾਇਸ਼ ’ਤੇ ਕਥਿਤ ਤੌਰ ’ਤੇ ਖੁਫੀਆ ਯੰਤਰ ਲਾਉਣ ਦੇ ਮਾਮਲੇ ’ਤੇ ਕਲ ਪਾਰਲੀਮੈਂਟ ਵਿੱਚ ਹੰਗਾਮਾ ਹੋਇਆ ਤੇ ਕਾਂਗਰਸ ਨੇ ਇਸ ਸਬੰਧੀ ਸਾਂਝੀ ਸੰਸਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਪਰ ਸਰਕਾਰ ਨੇ ਆਖਿਆ ਕਿ ਇਹ ਕੋਈ ਮੁੱਦਾ ਨਹੀਂ ਹੈ। ਕਾਂਗਰਸ ਵੱਲੋਂ ਲੋਕ ਸਭਾ ਅਤੇ ਰਾਜ ਸਭਾ ਵਿੱਚ ਜ਼ੋਰ-ਸ਼ੋਰ ਨਾਲ ਇਹ ਮੁੱਦਾ ਉਠਾਇਆ ਗਿਆ ਅਤੇ ਦੋਸ਼ ਲਾਇਆ ਕਿ ਜਿਵੇਂ ਗੁਜਰਾਤ ਵਿੱਚ ਮੰਤਰੀਆਂ ਦੀਆਂ ਟੋਹਾਂ ਲਾਈਆਂ ਜਾਂਦੀਆਂ ਹਨ ਉਸੇ ਤਰ੍ਹਾਂ ਕੇਂਦਰ ਵਿੱਚ ਵੀ ਇਹ ਹੱਥਕੰਢੇ ਸ਼ੁਰੂ ਹੋ ਗਏ ਹਨ। ਉਪਰਲੇ ਸਦਨ ਵਿੱਚ ਚਾਰ ਵਾਰ ਕਾਰਵਾਈ ਮੁਲਤਵੀ ਕਰਨੀ ਪਈ। ਦੋ ਵਾਰ ਪ੍ਰਸ਼ਨਕਾਲ ਦੌਰਾਨ ਅਤੇ ਦੋ ਵਾਰ ਸਿਫ਼ਰਕਾਲ ਦੌਰਾਨ। ਰਾਜ ਸਭਾ ਵਿੱਚ ਕਾਂਗਰਸੀ ਮੈਂਬਰ ਆਨੰਦ ਸ਼ਰਮਾ ਨੇ ‘ਮੋਦੀ ਮਾਡਲ ਨਹੀਂ ਚਲੇਗਾ’ ਅਤੇ ‘ਅਸੀਂ ਜੇਪੀਸੀ ਚਾਹੁੰਦੇ ਹਾਂ। ਦੇ ਨਾਅਰੇ ਲਾਏ। ਉਨ੍ਹਾਂ ਕਿਹਾ ‘‘ਸਰਕਾਰ ਵੱਡੇ ਪੈਮਾਨੇ ’ਤੇ ਟੈਲੀਫੋਨ ਟੈਪ ਕਰਵਾ ਰਹੀ ਹੈ। ਇਹ ਨਿੱਜਤਾ ਦਾ ਸਵਾਲ ਹੈ। ਇਹ ਇੱਕ ਗੰਭੀਰ ਮੁੱਦਾ ਹੈ…. ਇੱਥੇ  ਅਸੀਂ ਖ਼ੁਫ਼ੀਆ ਯੰਤਰ ਫਿੱਟ ਕਰਨ ਦੀ ਗੱਲ ਕਰ  ਰਹੇ ਹਾਂ।  ਇਸ ਦੀ ਇਜਾਜ਼ਤ ਕਿਸਨੇ ਅਤੇ ਕਿਉਂ ਦਿੱਤੀ ਸੀ? ਸਾਡੀ ਮੰਗ ਹੈ ਕਿ ਸਚਾਈ ਸਾਹਮਣੇ ਲਿਆਉਣ ਲਈ  ਜਾਂਚ ਕਰਵਾਈ ਜਾਵੇ ਅਤੇ ਸਦਨ ਵਿੱਚ ਵਿਚਾਰ-ਚਰਚਾ ਕਰਵਾਈ ਜਾਵੇ।’’ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ  ਮਲਿਕਾਰਜੁਨ ਖੜਗੇ ਨੇ ਵੀ ਇਨ੍ਹਾਂ ਰਿਪੋਰਟਾਂ ’ਤੇ ਚਿੰਤਾ ਜ਼ਾਹਰ ਕੀਤੀ ਕਿ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਸ੍ਰੀ ਗਡਕਰੀ ਦੀ ਰਿਹਾਇਸ਼ ’ਤੇ ਲਗਾਏ ਗਏ ਖ਼ੁਫੀਆ ਯੰਤਰ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ 29,000 ਲੋਕਾਂ ਦੇ ਟੈਲੀਫੋਨ  ਟੈਪ ਕੀਤੇ ਗਏ ਜਾ ਰਹੇ ਸਨ। ਇਸ ’ਤੇ ਜਦੋਂ ਕੁਝ ਭਾਜਪਾ ਸੰਸਦ ਮੈਂਬਰਾਂ ਨੇ ਹੋ-ਹੱਲਾ ਕੀਤਾ ਤਾਂ ਸ੍ਰੀ ਖੜਗੇ  ਨੇ ਮੰਗ  ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ  ਸਦਨ ਵਿੱਚ ਆ ਕੇ ਸਫਾਈ ਦੇਣ ਅਤੇ ਦੇਸ ਵਾਸੀਆਂ ਨੂੰ ਭਰੋਸਾ ਦਿਵਾਉਣ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਵਿੱਚ ਆਖਿਆ ਜਦੋਂ ਖ਼ਬਰ ਹੀ ਝੂਠੀ ਤੇ ਬੇਬੁਨਿਆਦ ਹੈ ਤਾਂ ਜਾਂਚ ਦਾ ਸਵਾਲ ਹੀ ਨਹੀਂ ਉੱਠਦਾ। ਉਨ੍ਹਾਂ ਕਿਹਾ ਕਿ ਸਬੰਧਤ ਮੰਤਰੀ ਵੱਲੋਂ ਵੀ ਰਿਪੋਰਟ ਦਾ ਖੰਡਨ ਕੀਤਾ ਜਾ ਚੁੱਕਿਆ ਹੈ।
ਜਦੋਂ ਕਾਂਗਰਸ ਵੱਲੋਂ ਇਹ ਮੁੱਦਾ ਉਠਾਇਆ ਜਾ ਰਿਹਾ ਸੀ ਤਾਂ ਸ੍ਰੀ ਗਡਕਰੀ ਲੋਕ ਸਭਾ ਵਿੱਚ ਮੌਜੂਦ ਸਨ। ਪਾਰਲੀਮੈਂਟ ਤੋਂ ਬਾਹਰ ਰਾਜਨਾਥ ਸਿੰਘ ਨੇ ਆਖਿਆ ਕਿ ਜਾਂਚ ਦਾ ਕੋਈ ਆਧਾਰ ਨਹੀਂ ਬਣਦਾ। ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਾਗਰਸ ’ਤੇ ਇੱਕ ‘ਗੌਣ’ ਮੁੱਦੇ ਨੂੰ ਉਭਾਰਨ ਦਾ ਦੋਸ਼ ਲਾਇਆ।
ਇਸ ਮੁੱਦੇ ’ਤੇ ਬਹਿਸ ਲਈ ਨੋਟਿਸ  ਦੇਣ ਵਾਲੇ ਕਾਂਗਰਸੀ ਮੈਂਬਰ ਪ੍ਰਦੀਪ ਤਿਵਾੜੀ ਨੇ ਹੈਰਾਨੀ ਜ਼ਾਹਰ ਕੀਤੀ ਕਿ ਸਰਕਾਰ ਇਸ ਮੁੱਦੇ ’ਤੇ ਚਰਚਾ ਕਰਾਉਣ ਤੋਂ  ਡਰਦੀ ਕਿਉਂ ਹੈ। ਅਸ਼ਵਨੀ ਕੁਮਾਰ (ਕਾਂਗਰਸ) ਨੇ ਕਿਹਾ ਕਿ ਸਰਕਾਰ ਅਣ- ਅਧਿਕਾਰਤ ਤੌਰ ’ਤੇ ਫੋਨ ਟੈਪਿੰਗ ਕਰਵਾ ਰਹੀ ਹੈ ਅਤੇ ਇਹ ਗੰਭੀਰ ਮਾਮਲਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਲਪਨਾ ਅਤੇ ਹਕੀਕਤ ਵਿਚਕਾਰ ਵੱਡਾ ਅੰਤਰ ਹੈ ਅਤੇ ਗ੍ਰਹਿ ਮੰਤਰੀ ਵੱਲੋਂ ਬਿਆਨ ਦੇ ਦਿੱਤਾ ਗਿਆ ਹੈ।

Install Punjabi Akhbar App

Install
×