ਨੀਟਾ ਮਾਛੀਕੇ ਦੀ ਸੰਪਾਦਿਤ ਪੁਸਤਕ ‘ਮਨੁੱਖ ਦੀ ਮੌਤ’ ਪੰਜਾਬ ਵਿੱਚ ਲੋਕ ਅਰਪਿਤ

ਨਿਊਯਾਰਕ/ਫਰਿਜ਼ਨੋ 21 ਜਨਵਰੀ -ਵਿਦੇਸ਼ਾਂ ਵਿੱਚ ਰਹਿੰਦਾ ਸਮੁੱਚਾ ਪੰਜਾਬੀ ਭਾਈਚਾਰਾ ਆਪਣੀ ਮਾਂ ਬੋਲੀ ਪ੍ਰਤੀ ਹਮੇਸਾ ਹੀ ਚਿੰਤਤ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬੀ ਭਾਸ਼ਾ ਵਿਦੇਸ਼ੀ ਸਕੂਲਾ ਵਿੱਚ ਵੀ ਮਾਨਤਾ ਪ੍ਰਾਪਤ ਕਰ ਚੁੱਕੀ ਹੈ ਅਤੇ ਬਹੁਤ ਸਾਰੇ ਪ੍ਰਵਾਸੀ ਲੇਖਕ ਇਸ ਦੇ ਵਿਕਾਸ ਵਿੱਚ ਹਿੱਸਾ ਪਾ ਰਹੇ ਹਨ। ਇਸੇ ਹੀ ਮਾਣ ਵਧਾਉਦੇ ਹੋਏ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ ਵਿਖੇ ਰਹਿੰਦੇ ਹੋਏ ਲੇਖਕ ਅਤੇ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ ਵੱਲੋਂ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਦੀ ਸੰਪਾਦਤ ਪੁਸਤਕ ਆਪਣੀ ਪੰਜਾਬ ਫੇਰੀ ਦੌਰਾਨ ਬੀਤੇ ਦਿਨੀ ‘ਮਨੁੱਖ ਦੀ ਮੌਤ ‘ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਸਿੰਘ ਵਾਲਾ ਵਿਖੇ ਲੋਕ ਅਰਪਿਤ ਕੀਤੀ ਗਈ। ਇਸ ਸਮੇਂ ਐਸ. ਡੀ. ਐਮ. ਅਤੇ ਸਾਹਿੱਤਕਾਰ ਰਾਮ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।  ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ   ਕਰਵਾਏ ਗਏ ਪੁਸਤਕ ਜਾਰੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਐਸ.ਡੀ.ਐਮ. ਰਾਮ ਸਿੰਘ, ਪ੍ਰਿੰਸੀਪਲ ਡਾ. ਕੁਲਦੀਪ ਸਿੰਘ, ਮਾਸਟਰ ਦਰਬਾਰਾ ਸਿੰਘ, ਗੁਰਿੰਦਰਜੀਤ ਨੀਟਾ ਮਾਛੀਕੇ, ਪ੍ਰਿੰਸੀਪਲ ਅਮਨਦੀਪ ਵਾਤਿਸ਼ ਅਤੇ ਸਭਾ ਦੇ ਪ੍ਰਧਾਨ ਰਾਜਵਿੰਦਰ ਰੌਂਤਾ ਸੁਸ਼ੋਭਤ ਸਨ। ਪ੍ਰਸਿੱਧ ਗਾਇਕ ਕੁਲਦੀਪ ਭੱਟੀ ਦੇ ਚਰਚਿਤ ਗੀਤ, ਪੁੱਤਰੋ ਪੰਜਾਬੀਓ ਪੰਜਾਬੀ ਨਾ ਭੁਲਾਇਓ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਪ੍ਰੋ ਬੇਅੰਤ ਬਾਜਵਾ, ਪ੍ਰਿੰਸੀਪਲ ਡਾ ਕੁਲਦੀਪ ਸਿੰਘ ਕਲਸੀ, ਮੰਗਲਮੀਤ ਰੌਤਾ  ਨੇ ਗੁਰਿੰਦਰਜੀਤ ਨੀਟਾ ਮਾਛੀਕੇ ਨੂੰ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਨੂੰ ਸੰਪਾਦਤ ਕਰਕੇ ਪੁਸਤਕ ਛਾਪਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਆਪਣੀ ਮਾਂ ਬੋਲੀ ਤੇ ਜ਼ੁਬਾਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਇਹ ਸਾਰਥਿਕ ਯਤਨ ਹੈ। ਮੋਬਾਇਲ ਯੁੱਗ ਵਿੱਚ ਪੁਸਤਕ ਸੱਭਿਆਚਾਰ ਨੂੰ ਹੋਰ ਪ੍ਰਫ਼ੁੱਲਤ ਕਰਨ ਦੀ ਵਿਸੇਸ਼ ਲੋੜ ਹੈ। ਇਹ ਗੁਣ ਨੀਟਾ ਵਰਗੇ ਥੋੜੇ ਬੰਦਿਆਂ ਹਿੱਸੇ ਆਉਂਦਾ ਹੈ। ਸਟੇਜ ਸੰਚਾਲਕ ਰਾਜਵਿੰਦਰ ਰੌਂਤਾ ਨੇ ਦੱਸਿਆ ਕਿ ਗੁਰਿੰਦਰਜੀਤ ਨੀਟਾ ਮਾਛੀਕੇ ਫ਼ਰਿਜ਼ਨੋ ਵਿੱਚ ਵੀ ਪੱਤਰਕਾਰਤਾ ਤੇ ਸਾਹਿਤ ਕਲਾ ਰਾਹੀਂ ਪੰਜਾਬੀ ਮਾਂ ਬੋਲੀ ਦਾ ਪਸਾਰ ਕਰ ਰਹੇ ਹਨ। ਆਪਣੇ ਵਤਨ ਆ ਕੇ ਵੀ ਪੰਜਾਬੀ  ਦੇ ਪ੍ਰਚਾਰ ਪਸਾਰ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਹਨ।  ਪ੍ਰਿੰਸੀਪਲ ਅਮਨਦੀਪ ਵਾਤਿਸ਼ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਾਹਿਤਕ ਸਮਾਗਮ ਨਾਲ ਵਿਦਿਆਰਥੀਆਂ ਵਿੱਚ ਪੁਸਤਕਾਂ ਪੜ੍ਹਨ ਦੀ ਲਗਨ ਹੋਰ ਵਧੇਗੀ ਵਿਦਵਾਨਾਂ ਦੇ ਵਿਚਾਰ ਮੋਮ ਵਰਗੇ ਮਨਾਂ ਤੇ ਕੁੱਝ  ਹੋਰ ਲਿਖਣ ਪੜ੍ਹਨ  ਲਈ ਬੋਲ ਦਸਤਕ ਦੇਣਗੇ।  ਇਸ ਦੌਰਾਨ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਤ ਅਤੇ ਗੁਰਿੰਦਰਜੀਤ ਨੀਟਾ ਮਾਛੀਕੇ ਵੱਲੋਂ ਸੰਪਾਦਤ ਪੁਸਤਕ ,’ਮਨੁੱਖ ਦੀ ਮੌਤ’ ਪ੍ਰਧਾਨਗੀ ਮੰਡਲ ਵੱਲੋਂ ਜਾਰੀ ਕੀਤੀ ਗਈ। ਨੀਟਾ ਮਾਛੀਕੇ ਨੇ ਕਿਹਾ ਕਿ ਮੈਨੂੰ ਪੜ੍ਹਾਈ ਦੌਰਾਨ ਹੀ ਰਾਮ ਸਰੂਪ ਅਣਖੀ ਦੀਆਂ ਕਹਾਣੀਆਂ ਨੇ ਪ੍ਰਭਾਵਤ ਕੀਤਾ ਸੀ । ਅਣਖੀ ਦੀਆਂ ਕਹਾਣੀਆਂ ਲੋਕ ਮਨਾਂ ਤੇ ਪੇਂਡੂ ਪਿਛੋਕੜ ਨਾਲ ਜੁੜੀਆਂ ਹੋਈਆਂ ਹਨ ਮੈਂ ਤਾਂ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਫ਼ਰਜ਼ ਅਦਾ ਕੀਤਾ ਹੈ। ਮਾਂ ਦੇ ਦੁੱਧ ਦਾ ਕਰਜ਼ ਉਤਾਰਨ ਦਾ ਯਤਨ ਕਰ ਰਿਹਾ ਹਾਂ।   ਮੁੱਖ ਮਹਿਮਾਨ ਰਾਮ ਸਿੰਘ ਐਸ.ਡੀ ਐਮ  ਨੇ ਨੀਟਾ ਮਾਛੀਕੇ ,ਸਕੂਲ ਪ੍ਰਬੰਧਕਾਂ ਤੇ ਪੰਜਾਬੀ ਲੇਖਕ ਸਭਾ ਨੂੰ ਮੁਬਾਰਕ ਬਾਦ ਕਹਿੰਦਿਆਂ ਕਿਹਾ ਕਿ ਸਾਹਿਤ ਰੂਹ ਦੀ ਖੁਰਾਕ ਹੁੰਦੀ ਹੈ ਤੇ ਜੋ ਜੀਵਨ ਵਿੱਚ ਚਾਨਣ ਵੰਡਦਾ ਹੈ। ਅਣਖੀ ਦੀਆਂ ਕਹਾਣੀਆਂ ਅੱਜ ਵੀ ਅਤਿ ਮਹੱਤਵਪੂਰਨ ਹਨ। ਉਹਨਾਂ  ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਲਿਆਕਤ ਦਾ ਪੜ੍ਹਾਈ ਦਾ ਮੁੱਲ ਪੈਂਦਾ ਹੈ । ਪੜ੍ਹ ਕੇ ਹੀ ਮੰਜ਼ਿਲ ਪਾਈ ਜਾਂਦੀ ਹੈ। ਹੌਂਸਲਾ ਨਹੀਂ ਹਾਰਨਾ ਚਾਹੀਦਾ। ਗਾਇਕ ਜੀਤ ਜਗਜੀਤ ਨੇ ਮੈਂ ਤੇਰੇ ਕੁਰਬਾਨ ਕਾਫ਼ੀ ਪੇਸ਼ ਕੀਤੀ। ਇਸ ਸਮੇਂ ਡਾ ਸਿਮਰਜੀਤ ਧਾਲੀਵਾਲ, ਐਡਵੋਕੇਟ ਰਾਜੇਸ਼ ਸ਼ਰਮਾ,ਕਵੀ ਸੁਤੰਤਰ ਰਾਏ,ਡਾ ਗੁਰਮੇਲ ਮਾਛੀਕੇ,ਰਣਜੀਤ ਬਾਵਾ,ਮਿੰਟੂ ਖੁਰਮੀ,ਬਲਵਿੰਦਰ ਸਮਰਾ,ਕਰਨ ਭੀਖੀ,ਮਾ ਦਵਿੰਦਰ ਸਿੰਘ ਰੰਗਕਰਮੀ, ਮਾ ਖੋਸਾ,ਅੰਮ੍ਰਿਤਪਾਲ ਸੈਦੋ,ਤੇਜਵੰਤ ਬਿਲਾਸਪੁਰ ਕਨੇਡਾ,ਸਤਪਾਲ ਭਾਗੀਕੇ, ਜੁਗਿੰਦਰਸਿੰਘ, ਸਰਬਜੀਤ ਰੌਲੀ ਆਦਿ ਸਾਹਿਤ ਪ੍ਰੇਮੀ ਹਾਜ਼ਰ ਸਨ।  ਨੀਟੇ ਮਾਛੀਕੇ ਦੇ ਇਸ ਉੱਦਮ ਦੀ ਸਲਾਹਣਾ ਕਰਦੇ ਹੋਏ ਪੱਤਰਕਾਰ ਕੁਲਵੰਤ ਉੱਭੀ ਧਾਲੀਆਂ, ਗਾਇਕ ਅਵਤਾਰ ਗਰੇਵਾਲ, ਅਦਾਕਾਰ ਅਤੇ ਗਾਇਕ ਸੁਰਜੀਤ ਮਾਛੀਵਾੜਾ, ਗੀਤਕਾਰ ਗੈਰੀ ਢੇਸੀ,  ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ ਨੇ ਵਧਾਈ ਦਿੱਤੀ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਨੀਟਾ ਮਾਛੀਕੇ ਇਸ ਤੋਂ ਪਹਿਲਾ ਵੀ ਤਿੰਨ ਪੁਸਤਕਾ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕਿਆ ਹੈ। ਇਹ ਉਸ ਦੀ ਚੌਥੀ ਪੁਸਤਕ ਹੈ। ਜੋ ਬਹੁਤ ਜਲਦ ਅਮਰੀਕਾ ਵਿੱਚ ਵੀ ਰਸਮੀਂ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਜਾਵੇਗੀ।ਫੋਟੋ: ਪੁਸਤਕ ਲੋਕ ਅਰਪਣ ਕਰਨ ਸਮੇਂ ਪੱਤਵੰਤੇ ਸੱਜਣ। 

Install Punjabi Akhbar App

Install
×