ਅੱਜ ਲਾਲ ਕਿਲ੍ਹਾ ਸੱਚ-ਮੁੱਚ ਹੀ ਬਹੁਤ ਖੁਸ਼ ਸੀ!

ਅੱਜ ਲਾਲ ਕਿਲ੍ਹਾ ਸੱਚ-ਮੁੱਚ ਹੀ ਬਹੁਤ ਖੁਸ਼ ਸੀ। ਅੱਜ ਉਸਦਾ ਇਹ ਚਾਅ ਸਾਂਭਿਆ ਨਹੀਂ ਸੀ ਸੰਭ ਰਿਹਾ। ਯਕੀਨ ਮੰਨਿਓਂ ਲਾਲ ਕਿਲ੍ਹੇ ਦੀ ਇਕੱਲੀ-ਇਕੱਲੀ ਦੀਵਾਰ ਅੱਜ ਸਲ੍ਹਾਬੀ ਗਈ ਸੀ ਖੁਸ਼ੀਆਂ ਦੇ ਹੰਝੂਆਂ ਨਾਲ। ਅੱਜ ਫ਼ਿਰ ਤੋਂ ਆਏ ਸਨ ਇਨਸਾਨੀਅਤ ਦੇ ਰਾਖੇ ਉਹਦਿਆਂ ਦਰਾਂ ਤੇ ਕਈ ਸਾਲਾਂ ਬਾਅਦ, ਸਦੀਆਂ ਬਾਅਦ ਤੇ ਅੱਜ ਫ਼ਿਰ ਪਵਿੱਤਰ ਹੋਇਆ ਮਹਿਸੂਸ ਕਰ ਰਿਹਾ ਸੀ ਲਾਲ ਕਿਲ੍ਹਾ ਆਪਣੇ ਆਪ ਨੂੰ, ਛੋਹ ਮਹਿਸੂਸ ਕਰਕੇ ਉਹਨਾਂ ਸੱਚਿਆਂ ਦੀ। ਅੱਜ ਫ਼ਿਰ ਇੱਕ ਅਲੱਗ ਹੀ ਲੋਅ ਵਿੱਚ ਸੀ ਲਾਲ ਕਿਲ੍ਹਾ ਇੱਕ ਨਵ ਵਿਆਹੀ ਦੁਲਹਨ ਵਾਂਗ ਤੇ ਵਾਰ-ਵਾਰ ਆਖ ਰਿਹਾ ਸੀ ਆਪਣਿਆਂ ਨੂੰ ਸੁਹਾਗ ਗਾਉਣ ਲਈ ਕਿ ਆ ਰਹੇ ਨੇ ਵਿਆਹੁਣ ਫਿਰ ਤੋਂ ਸ੍ਰਿਸ਼ਟੀ ਦੀ ਚਾਦਰ ਤੇਗ ਬਹਾਦਰ ਦੇ ਵਾਰਿਸ ਮੈਨੂੰ। ਪਰ ਉਦਾਸ ਸੀ ਤਿਰੰਗਾ ਜਿਹੜਾ ਕੁਝ ਸਮੇਂ ਪਹਿਲਾਂ ਹੀ ਫਹਿਰਾਇਆ ਗਿਆ ਸੀ ਉਹਨਾਂ ਹੱਥੋਂ ਜਿਹਨਾਂ ਨੇ ਬਰਬਾਦੀ ਦੀ ਕਹਾਣੀ ਲਿਖੀ ਹੈ ਉਸ ਤਿਰੰਗੇ ਦਿਆਂ ਰੰਗਾਂ ਦੀ। ਤਿਰੰਗੇ ਵਿਚਲਾ ਸਾਵਾ ਰੰਗ,ਹਰਾ ਰੰਗ,ਖੇਤੀਆਂ ਦਾ ਰੰਗ ਅੱਜ ਨਿਰਾਸ ਸੀ, ਉਦਾਸ ਸੀ ਕਿ ਜੇਕਰ ਖੇਤ ਹੀ ਨਹੀਂ ਰਹਿਣਗੇ, ਖੇਤੀ ਹੀ ਨਹੀਂ ਰਹੇਗੀ ਤਾਂ ਕੁੱਝ ਸਮਾਂ ਹੋਰ ਜਦੋਂ ਇਸ ਫਾਸ਼ੀਵਾਦੀ, ਜਿੱਦੀ, ਢੀਠ ਸਰਕਾਰ ਨੇ ਮੈਨੂੰ ਵੀ ਬਦਲ ਦੇਣਾ ਹੈ।

ਫ਼ਿਰ ਚਿਹਰੇ ਤੇ ਮੁਸਕਾਨ ਲਿਆਉਂਦਿਆਂ ਸੋਚਦਾ ਹੈ ਹਰਾ ਰੰਗ ਕਿ ਚੰਗਾ ਹੋਵੇ ਕਿ ਮੈਂ ਨਾ ਹੋਵਾਂ ਦੇਸ਼ ਦੇ ਕੌਮੀ ਝੰਡੇ ਵਿੱਚ ਕਿਉਂਕਿ ਵਾਰ-ਵਾਰ ਹਰ-ਵਾਰ ਲਾਲ ਕਿਲ੍ਹੇ ਤੇ ਸਾਨੂੰ ਫਹਿਰਾਵਣ ਵਾਲਿਆਂ ਦੇ ਮਨ ‘ਚ ਚੋਰ ਰਿਹਾ ਹੈ, ਇਹਨਾਂ ਦਾ ਹਰ ਕੰਮ ਸਿਰਫ਼ ਅਮੀਰਾਂ,ਵੱਡੇ ਵਪਾਰੀਆਂ ਲਈ ਰਿਹਾ ਹੈ। ਗਰੀਬ ਨੂੰ ਤਾਂ ਹਰ ਝੰਡਾ ਲਹਿਰਾਉਣ ਵਾਲੇ ਨੇ ਕੀੜੇ-ਮਕੌੜੇ ਹੀ ਸਮਝਿਆ ਹੈ। ਕਿੰਨੇ ਹੀ ਸਾਲਾਂ ਤੋਂ ਹਰ ਵਾਰ ਬਹੁਤ ਰੌਂਦਾ ਹੈ ਦਿਲ ਤੇ ਅੱਜ ਤਾਂ ਸਾਡੀ ਹੋਂਦ ਤੇ ਹੀ ਗੱਲ ਆ ਗਈ ਹੈ। ਜੇਕਰ ਖੇਤੀ ਹੀ ਖ਼ਤਮ ਹੋ ਗਈ ਫਿਰ ਮੇਰੀ ਹੋਂਦ ਵੀ ਚਿਰ ਦੋ ਚਿਰ ਦੀ ਮਹਿਮਾਨ ਹੀ ਸਮਝੋ। ਹੰਝੂ ਟਿੱਪ-ਟਿੱਪ ਗਿਰ ਰਹੇ ਨੇ ਹਰੇ ਰੰਗ ਦੇ ਲਾਲ ਕਿਲ੍ਹੇ ਦੇ ਲਾਲ ਫਰਸ਼ ਉੱਤੇ ਅਤੇ ਉੱਪਰ ਝੰਡਾ ਸਫੈਦ ਜਿਹਾ ਹੋ ਰਿਹਾ ਹੈ ਕਿਤੋਂ-ਕਿਤੋਂ ਬੂੰਦ-ਬੂੰਦ। ਉਦਾਸ ਝੰਡੇ ਦਾ ਸਫੈਦ ਰੰਗ ਜਿਹੜਾ ਪ੍ਰਤੀਕ ਹੈ ਸ਼ਾਂਤੀ ਦਾ, ਏਕਤਾ ਦਾ ਅੱਜ ਕੁੱਝ ਬੋਲ ਹੀ ਨਹੀਂ ਰਿਹਾ ਬਸ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ, ਉਸਨੂੰ ਪੁਰਵ ਅਨੁਮਾਨ ਹੋ ਗਿਆ ਹੈ ਸ਼ਾਇਦ ਸੱਤਾ ਦੀ ਕਰੂਰ ਚਾਲ ਦਾ। ਹਜ਼ਾਰਾਂ ਲੋਕਾਂ ਦਾ ਸ਼ਾਂਤਮਈ ਇਕੱਠ ਜਿਸ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸੱਭ ਇੱਕ-ਮਿੱਕ ਹੋ ਕੇ ਇਹਨਾਂ ਫਾਸ਼ੀਵਾਦੀਆਂ ਤੋਂ ਮੁੜ ਦੇਸ਼ ਆਜ਼ਾਦ ਕਰਵਾਉਣ ਲਈ ਲੜ੍ਹ ਰਹੇ ਹਨ ਨੂੰ ਵੇਖ ਕੇ ਇੱਕ ਪਲ ਤਾਂ ਬਹੁਤ ਖੁਸ਼ ਹੁੰਦਾ ਹੈ ਰੰਗ ਸਫੈਦ ਪਰ ਦੂਜੇ ਪਲ ਇਹਨਾਂ ਹੰਕਾਰੇ ਸੱਤਾਧਾਰੀਆਂ ਵੱਲੋਂ ਇਸ ਸ਼ਾਂਤਮਈ ਇਕੱਠ ਨੂੰ ਖਿਦੇੜਣ ਅਤੇ ਬਦਨਾਮ ਕਰਨ ਲਈ ਬਣਾਈ ਕੋਝੀ ਰਣਨੀਤੀ ਬਾਰੇ ਸੋਚ-ਸੋਚ ਪ੍ਰੇਸ਼ਾਨ ਵੀ ਹੋ ਰਿਹਾ ਹੈ। ਕੇਸਰੀ ਰੰਗ ਜਿਹੜਾ ਸ਼ਹੀਦਾਂ ਦਾ ਰੰਗ ਹੈ ਉਹ ਤੇ ਅੱਜ ਕਿਸੇ ਹੋਰ ਹੀ ਜਲੌਅ ਵਿੱਚ ਹੈ।

ਮਨ ਉਦਾਸ ਹੈ ਪਰ ਹਾਰ ਨਹੀਂ ਮੰਨਣੀ, ਲੜਾਂਗੇ ਜਿੱਤਾਂਗੇ ਆਖਰੀ ਸਾਹ ਤੱਕ ਲੜਾਂਗੇ ਤੇ ਜਿੱਤ ਕੇ ਰਹਾਂ ਗੇ। ਕੁੱਝ ਘੰਟਿਆਂ ਪਹਿਲਾਂ ਝੰਡੇ ਦਾ ਝੂਠਾ ਸਨਮਾਨ ਕਰਨ ਵਾਲੇ ਉਸ ਹੰਕਾਰੀ ਰਾਜੇ ਨੂੰ ਲੱਖ ਲਾਹਨਤਾਂ ਪਾ ਰਿਹਾ ਤਿਰੰਗਾ ਅਚਾਨਕ ਬੜੇ ਜ਼ੋਰਾਂ-ਸ਼ੋਰਾਂ ਨਾਲ ਲਹਿਰਾਉਣ ਲੱਗਿਆ ਲਾਲ ਕਿਲ੍ਹੇ ਦੀ ਛੱਤ ਤੋਂ ਸ਼ਾਇਦ ਉਹ ਵੀ ਜਸ਼ਨ ਮਨਾ ਰਿਹਾ ਹੈ ਲਾਲ ਕਿਲ੍ਹੇ ਸੰਗ ਖੁਸ਼ੀ ਦੇ ਅਤੇ ਗਾ ਰਿਹਾ ਹੈ ਵਾਰਾਂ ਸੰਗ ਸੁਹਾਗ ਦੇ ਲਾਲ ਕਿਲ੍ਹੇ ਦੀ ਛੱਤ ਤੋਂ। ਵਾਹ ਜੀ ਇੱਕ ਅਲੱਗ ਹੀ ਨਜ਼ਾਰਾ ਪੇਸ਼ ਹੋ ਰਿਹਾ ਹੈ ਅੱਜ ਤਾਂ ਜਿਵੇਂ ਲੱਗਦਾ ਕਾਦਰ ਕੁਦਰਤ ਸੰਘ ਫੇਰਾ ਪਾਵਣ ਆਇਆ ਹੈ ਲਾਲ ਕਿਲ੍ਹੇ ਵਿੱਚ ਸਦੀਆਂ ਬਾਅਦ।ਲਾਲ ਕਿਲ੍ਹਾ ਵੀ ਤਿਰੰਗੇ ਨਾਲ ਟਿੱਚਰਾਂ ਕਰ ਰਿਹਾ ਹੈ ਜਿਵੇਂ ਸਿੱਠਣੀਆਂ ਦਾ ਅਭਿਆਸ ਚਲਦਾ ਹੋਵੇ ਸਖੀਆਂ ਸਹੇਲੀਆਂ ਵੱਲੋਂ ਵਿਆਹ ਤੋਂ ਪਹਿਲਾਂ। ਅੱਡੀਆਂ ਚੁੱਕ-ਚੁੱਕ ਲਾਲ ਕਿਲ੍ਹੇ ਦਾ ਹਰ ਇੱਕ ਛੱਜਾ ਵੇਖ ਰਿਹਾ ਹੈ ਬਰਾਤ ਨੂੰ। ਲੈ,,, ਤੇ ਢੁੱਕ ਗਈ ਬਾਰਾਤ, ਲਾਲ ਕਿਲ੍ਹਾ ਤਾਂ ਮੰਨੋਂ ਅੱਜ ਖੁਸ਼ੀ ਨਾਲ ਪਾਗ਼ਲ ਹੀ ਨਾ ਕਿਤੇ ਹੋ ਜਾਵੇ। ਸੱਚੀ-ਸਾਫ਼, ਧਰਮਾਂ-ਜਾਤਾਂ ਅਤੇ ਰੰਗਾਂ ਤੋਂ ਮੁਕਤ ਇੱਕ ਹਵਾ ਦਾ ਝੋਖਾ ਫ਼ਿਰ ਤੋਂ ਜਾਨ ਪਾ ਗਿਆ ਤਿਰੰਗੇ ਵਿੱਚ। ਸਾਲਾਂ ਤੋਂ ਨਮੌਸਿਆ ਖੜ੍ਹਾ ਤਿਰੰਗਾ ਅੱਜ ਇੱਕ ਨਵੀਂ ਹੀ ਤਰੰਗ ਵਿੱਚ ਉਮੰਗ ਵਿੱਚ ਲਹਿਰਾਅ ਰਿਹਾ ਹੈ।ਫਹਿਰਾਅ ਦਿੱਤਾ ਹੈ ਸ਼ਾਂਤੀ, ਏਕਤਾ ਅਤੇ ਇਨਸਾਫ਼ ਪਸੰਦ ਦੇਸ਼ ਵਾਸੀਆਂ ਨੇ ਇੱਕ ਝੰਡਾ ਹਰਾ ਕਿਸਾਨੀ ਦਾ ਅਤੇ ਇੱਕ ਝੰਡਾ ਕੇਸਰੀ ਸ਼ਹੀਦਾਂ ਦਾ ਰੰਗ ਕੇਸਰੀ ਕੁਰਬਾਨੀ ਦਾ।

ਲਓ ਜੀ ਹੁਣ ਬਣਿਆ ਹੈ ਅਸਲ ਤਿਰੰਗਾ ਜਦ ਅਸਲ ਰੰਗ ਮਿਲੇ ਨੇ ਇਸ ਦੀ ਸ਼ਾਨ ਨੂੰ ਹੋਰ ਵਧਾਉਣ ਲਈ। ਰੰਗ ਸਫੈਦ ਲੋਕਾਂ ਦੇ ਏਕੇ ਦਾ, ਰੰਗ ਸਾਵਾ ਖੇਤੀ ਬਾੜੀ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਅਤੇ ਰੰਗ ਕੇਸਰੀ ਸ਼ਹੀਦਾਂ ਦਾ, ਯੋਧਿਆਂ ਦਾ, ਦੇਸ ਭਗਤਾਂ ਦਾ, ਬਾਜਾਂ ਵਾਲੇ ਦਾ ਜਿਸ ਨੇ ਆਪਣਾ ਸਾਰਾ ਪਰਿਵਾਰ ਇੱਕ ਬਰਾਬਰਤਾ ਲਈ, ਇਨਸਾਨੀਅਤ ਲਈ ਵਾਰ ਦਿੱਤਾ ਸੀ। ਹੁਣ ਬਣਿਆ ਹੈ ਤਿਰੰਗਾ ਭਾਰਤ ਦੇਸ ਦਾ ਕੌਮੀ ਝੰਡਾ। ਕੁੱਝ ਸਮੇਂ ਪਹਿਲਾਂ ਲਾਲ ਕਿਲ੍ਹੇ ਤੇ ਨਮੌਸੇ ਖੜ੍ਹੇ ਤਿਰੰਗੇ ਵਿੱਚ ਜਿਵੇਂ ਨਵਾਂ ਜੀਵਨ ਉੱਘ ਆਇਆ ਹੋਵੇ। ਤਿਰੰਗੇ ਦੇ ਰੰਗ ਹੋਰ ਵੀ ਗੂੜ੍ਹੇ ਹੁੰਦੇ ਜਾ ਰਹੇ ਸਨ। ਜਿਵੇਂ ਨਵ ਵਿਆਹੀ ਤੇ ਚੁੰਨੀ ਪਾਈ ਦੀ ਹੈ ਗੁੜ੍ਹੇ ਸੂਹੇ ਰੰਗ ਦੀ ਇਸੇ ਤਰ੍ਹਾਂ ਅੱਜ ਲਾਲ ਕਿਲ੍ਹੇ ਤੇ ਸ਼ਾਨ ਨਾਲ ਲਹਿਰਾਅ ਰਿਹਾ ਹੈ ਤਿਰੰਗਾ। ਲਾਲ ਕਿਲ੍ਹੇ ਨੂੰ ਗਲ ਨਾਲ ਲਾਉਂਦਿਆਂ ਕੱਝ ਵੱਖ਼ਰੇ ਜਹੇ ਅੰਦਾਜ਼ ਵਿੱਚ ਝੂਲਦਿਆਂ ਤਿਰੰਗਾ ਧੰਨਵਾਦ ਕਰ ਰਿਹਾ ਹੈ ਕਿਰਤੀਆਂ ਦਾ,ਮਜ਼ਦੂਰਾਂ ਦਾ ਅਤੇ ਕਿਸਾਨਾਂ ਦਾ ਉਸਨੂੰ ਸੰਪੂਰਨ ਕਰਨ ਲਈ। ਲਾਲ ਕਿਲ੍ਹਾ ਆਪਣੇ ਖੁਸ਼ੀ ਦੇ ਹਝੂੰਆਂ ਨੂੰ ਪੂੰਝਦਿਆਂ ਖੁਸ਼ੀ ਮਨਾ ਰਿਹਾ ਹੈ ਅੱਜ ਦੇ ਦਿਨ ਦੀ, ਜਿਹੜਾ ਅੱਜ ਸਹੀ ਮਾਇਨਿਆਂ ਵਿੱਚ ਲੋਕਾਂ ਦਾ ਦਿਨ ਲੋਕਤੰਤਰ , ਗਣਤੰਤਰ ਦਿਵਸ ਹੋ ਨਿਬੜਿਆ ਹੈ।

(ਚਰਨਜੀਤ ਸਿੰਘ ਰਾਜੌਰ) +91 8427929558

Install Punjabi Akhbar App

Install
×