ਜਿਹੜਾ ਨਿੰਮ ਵਾਲਾ ਉੱਤੇ ਨੀ ਚੁਬਾਰਾ ਉਹ ਘਰ ਮਿੱਤਰਾਂ ਦਾ

23gsc chubara

ਬਹੁਤੇ ਲੰਮੇਂ ਸਮੇਂ ਦੀ ਨਹੀਂ ਕੋਈ ਚਾਰ ਕੁ ਦਹਾਕੇ ਪਹਿਲਾਂ ਦੀ ਹੀ ਗੱਲ ਹੈ ਕਿ ਪਿੰਡ ਵਿਚ ਪੱਕਾ ਚੁਬਾਰਾ ਪਿੰਡ ਵਿਚ ਜਾਣੇ ਜਾਂਦੇ ਵੱਡੇ ਚੰਦ ਕੁ ਘਰਾਂ ਦੇ ਹੀ ਹੁੰਦਾ ਸੀ ਅਤੇ ਇਹ ਚੁਬਾਰਾ ਸਰਦਾਰੀ ਦੀ ਸ਼ਾਨ ਮੰਨਿਆਂ ਜਾਂਦਾ ਸੀ। ਜਦੋਂ ਕੋਈ ਘਰ ਵਿਚ ਰਿਸ਼ਤੇਦਾਰ ਆਉਣਾ ਤਾਂ ਉਸਨੂੰ ਚੁਬਾਰੇ ਵਿਚ ਬਿਠਾਇਆ ਜਾਂਦਾ। ਚੁਬਾਰੇ ਦੇ ਨਾਂ ਤੋਂ ਹੀ ਸ਼ਪਸ਼ਟ ਹੋ ਜਾਂਦਾ ਹੈ ਕਿ ਚਾਰੇ ਪਾਸੇ ਬੂਹੇ ਬਾਰੀਆਂ ਵਾਲਾ ਇਹ ਕਮਰਾ ਉਨ੍ਹਾਂ ਸਮਿਆਂ ਵਿਚ ਬੜਾ ਅਰਾਮਦਾਇਕ ਹੁੰਦਾ ਸੀ। ਕਿਉਂ ਕਿ ਉਨ੍ਹਾਂ ਸਮਿਆਂ ਵਿਚ ਪਿੰਡਾਂ ਵਿਚ ਅਜੇ ਬਿਜਲੀ ਨਹੀਂ ਸੀ ਆਈ। ਜਿਸ ਕਰਕੇ ਚੁਬਾਰੇ ਵਿਚ ਬੈਠਕੇ ਕੁਦਰਤੀ ਹਵਾ ਦਾ ਆਨੰਦ ਲਿਆ ਜਾਂਦਾ ਸੀ। ਜਿਹੜੇ ਪਾਸੇ ਦੀ ਹਵਾ ਵੱਗਦੀ ਉਸ ਪਾਸੇ ਦੀ ਬੂਹਾ ਬਾਰੀ ਖੋਲ੍ਹਣ ਨਾਲ ਫਰਨ ਫਰਨ ਹਵਾ ਆਉਣ ਲੱਗ ਪੈਂਦੀ ਸੀ । ਛੋਟੇ ਪਿੰਡ ਵਿਚ ਇਕ ਦੋ ਅਤੇ ਵੱਡੇ ਪਿੰਡ ਵਿਚ 5-7 ਚੁਬਾਰੇ ਹੁੰਦੇ ਸੀ। ਜਦੋਂ ਕਿਸੇ ਅਣਜਾਣ ਵਿਅਕਤੀ ਨੇ ਘਰ ਆਉਣਾ ਹੁੰਦਾ ਤਾਂ ਉਸਨੂੰ ਘਰ ਦੀ ਨਿਸ਼ਾਨੀ ਇਉਂ ਦੱਸੀ ਜਾਂਦੀ, ‘ ਉਹ ਘਰ ਮਿੱਤਰਾਂ ਦਾ ਜਿਹੜਾ ਨਿੰਮ ਵਾਲਾ ਉੱਤੇ ਨੀ ਚੁਬਾਰਾ’। ਚੁਬਾਰੇ ਦਾ ਜਿਕਰ ਸਾਡੇ ਲੋਕ ਗੀਤਾਂ ਵਿਚ ਬਹੁਤ ਸੁਣਨ ਨੂੰ ਮਿਲਦਾ ਹੈ। ਜਿਵੇਂ ਪਿਆਰ ਮੁਹੱਬਤ ਕਰਨ ਵਾਲੇ ਲੋਕ ਜਦੋਂ ਦੁਨੀਆਂ ਤੋਂ ਚੋਰੀ ਚੋਰੀ ਆਪਸੀ ਮਿਲਣ ਦੀ ਤਾਂਘ ਵਿਚ ਨਿੱਕਲਦੇ ਹਨ ਤਾਂ ਰਾਤ ਦੇ ਹਨੇਰੇ ਵਿਚ ਜਦੋਂ ਘਰ ਦਾ ਪਤਾ ਨਹੀਂ ਲੱਗਦਾ ਤਾਂ, ‘ ਸੀਟੀ ਮਾਰ ਮੈਂ ਚੁਬਾਰਾ ਤੇਰਾ ਭੁੱਲਗੀ ਵੇ , ਮੈਨੂੰ ਖਿੱਚ ਲੈ ਵੈਰੀਆ ਖਿੱਚ ਲੈ ਚੁਬਾਰੇ ਵਿਚ ਬਾਂਹ ਫੜ੍ਹਕੇ ਵਰਗੇ ਗੀਤਾਂ ਨੇ ਜਨਮ ਲਿਆ। ਆਪਣੇ ਪ੍ਰੇਮੀ ਦੇ ਦਰਸ਼ਨਾ ਦੀ ਹਰ ਵੇਲੇ ਤਾਂਘ ਰੱਖਣ ਵਾਲੇ ਦਿਲ ਚੋਂ ਲੋਕ ਗੀਤ ਦੇ ਇਨ੍ਹਾਂ ਬੋਲਾਂ ਨੇ ਜਨਮ ਲਿਆ,’ ਤਾਹੀਉਂ ਮੋੜ ਤੇ ਚੁਬਾਰਾ ਪਾਇਆ ਆਉਂਦੀ ਜਾਂਦੀ ਦਿਸਦੀ ਰਵ੍ਹੇਂ। ਇਸੇ ਤਰਾਂ, ‘ ਇਕ ਮੈਂ ਬੋਲਾਂ, ਇਕ ਤੂੰ ਬੋਲੇਂ, ਕੋਈ ਹੋਰ ਨਾ ਚੁਬਾਰੇ ਵਿਚ ਬੋਲੇ ਐਵੇਂ ਤੈਨੂੰ ਭਰਮ ਪਿਆ, ਵੇਖ ਚੁਬਾਰੇ ਚੜ੍ਹਕੇ ਮੇਲਾ ਛੜਿਆਂ ਦਾ, ਜੋੜੀ ਜਦੋਂ ਚੁਬਾਰੇ ਚੜ੍ਹਦੀ ਆਦਿ ਬਹੁਤ ਸਾਰੇ ਪੁਰਾਣੇ ਗੀਤਾਂ ਵਿਚ ਚੁਬਾਰੇ ਦਾ ਜਿਕਰ ਆਉਂਦਾ ਹੈ। ਪਰ ਸਮੇਂ ਦੀ ਤਬਦੀਲੀ ਨਾਲ ਚੁਬਾਰੇ ਦਾ ਰੂਪ ਕੋਠੀਆਂ ਤੇ ਪਾਈਆਂ ਜਾਂਦੀਆਂ ਡਬਲ ਸਟੋਰੀਆਂ ਵਿਚ ਬਦਲ ਗਿਆ ਅਤੇ ਹੌਲੀ ਹੌਲੀ ਪੁਰਾਣੇ ਘਰਾਂ ਦੇ ਢਹਿਣ ਨਾਲ ਚੁਬਾਰੇ ਵੀ ਢਹਿ ਗਏ। ਪਰ ਡਬਲ ਸਟੋਰੀਆਂ ਚੁਬਾਰੇ ਵਾਲੀ ਅਹਿਮੀਅਤ ਨਹੀਂ ਪ੍ਰਾਪਤ ਕਰ ਸਕੀਆਂ। ਚੁਬਾਰਾ ਤਾਂ ਜੇਕਰ ਅਜੇ ਵੀ ਕਿਸੇ ਪਿੰਡ ਵਿਚ ਨਜ਼ਰ ਪੈਂਦਾ ਹੈ ਤਾਂ ਉਸਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਕਿਸੇ ਖਾਨਦਾਨੀ ਸਰਦਾਰੀ ਦੀ ਨਿਸ਼ਾਨੀ ਹੈ। ਇਹ ਸਾਡਾ ਵਿਰਸਾ ਹੈ। ਇਹੋ ਜਿਹੀਆਂ ਦੁਰਲੱਭ ਚੀਜ਼ਾਂ ਨੂੰ ਸੰਭਾਲਕੇ ਰੱਖਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀ੍ਹਆਂ ਵੀ ਸਾਡੇ ਇਸ ਪੁਰਾਣੇ ਵਿਰਸੇ ਤੋਂ ਜਾਣੂ ਹੋ ਸਕਣ।

Install Punjabi Akhbar App

Install
×