ਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ

dhian singh mand

ਬਰਗਾੜੀ ਵਿੱਚ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ, ਦੋ ਸਿੱਖ ਸ਼ਹੀਦਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਰ ਪਾਰ ਦੀ ਲੜਾਈ ਲਈ ਮੋਰਚਾ ਲਾ ਕੇ ਬੈਠੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ ਇੱਕ ਜੂਨ ਨੂੰ ਦਿੱਤਾ ਗਿਆ ਬਰਗਾੜੀ ਵਿੱਚ ਭਾਸ਼ਨ ਸੱਚਮੁੱਚ ਹੀ ਕਿਸੇ ਇਲਾਹੀ ਅਵਾਜ ਵਰਗਾ ,ਜਦੋ ਉਹਨਾਂ ਨੇ ਸਿੱਖ ਸੰਗਤਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਸੀ ਕਿ ਮੈਨੂੰ ਕੌਂਮ ਨੇ ਜਥੇਦਾਰ ਬਣਾਇਆ ਹੈ, ਅੱਜ ਮੈ ਅਪਣੇ ਫਰਜਾਂ ਤੇ ਪਹਿਰਾ ਦੇਣ ਲਈ ਅਪਣੇ ਆਪ ਨੂੰ ਕੁਰਬਾਨੀ ਲਈ ਪੇਸ ਕਰਦਾ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਜ ਅਰਦਾਸ ਤੋਂ ਉਪਰੰਤ ਮੋਰਚਾ ਲਾਉਣ ਦਾ ਐਲਾਨ ਕਰਦਾ ਹਾਂ। ਇਹ ਸੱਚਾਈ ਹੈ ਕਿ ਹਾਲਾਤਾਂ ਦੇ ਮੱਦੇਨਜਰ ਇਹ ਹੀ ਜਾਪਦਾ ਸੀ ਕਿ ਜਿੰਨੀ ਦੇਰ ਕੋਈ ਵੀ ਆਗੂ ਅਪਣੇ ਆਪ ਨੂੰ ਕੁਰਬਾਨ ਹੋਣ ਲਈ ਤਿਆਰ ਨਹੀ ਕਰਦਾ ਓਨੀ ਦੇਰ ਕੌਂਮ ਦੀ ਬਿਗੜੀ ਨਹੀ ਸੰਵਰ ਸਕਦੀ। ਜੂਨ 1984  ਵਿੱਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਅਪਣੇ ਸਾਥੀਆਂ ਸਮੇਤ ਜਿਸ ਤਰਾਂ ਭਾਰਤੀ ਫੌਜਾਂ ਨਾਲ ਲੋਹਾ ਲੈਂਦਿਆਂ ਸ਼ਹਾਦਤਾਂ ਦਾ ਅਮ੍ਰਿਤ ਪੀਤਾ ਉਹ ਪੁਰਾਤਨ ਖਾਲਸੇ ਦੇ ਕੱਚੀ ਗੜੀ ਦੇ ਇਤਿਹਾਸ ਨੂੰ ਦੁਹਰਾਉਣ ਵਾਲਾ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਦੋ ਵੱਡੇ ਸਾਹਿਬਜਾਦਿਆਂ ਸਮੇਤ ਕੋਈ 42,43 ਸਿੰਘਾਂ ਨੇ ਔਰੰਗਜੇਵ ਅਤੇ ਪਹਾੜੀ ਹਿੰਦੂ ਰਾਜਿਆਂ ਦੀਆਂ ਸਾਂਝੀਆਂ ਦਸ ਲੱਖ ਫੌਜਾਂ ਦਾ ਮੁਕਾਬਲਾ ਕਰਕੇ ਵੀ ਜਿੱਤ ਪਰਾਪਤ ਕੀਤੀ ਸੀ। ਇੱਥੇ ਵੀ ਜੂਨ 84 ਵੇਲੇ ਤਿੰਨ ਮੁਲਕਾਂ ਦੀ ਸਹਾਇਤਾ ਪਰਾਪਤ ਅਧੁਨਿਕ ਹਥਿਆਰਾਂ ਨਾਲ ਲੈਸ ਲੱਖਾਂ ਦੀ ਗਿਣਤੀ ਵਿੱਚ ਆਈਆਂ ਭਾਰਤੀ ਫੌਜਾਂ ਨੂੰ ਸਿਰਫ ਸੈਂਕੜੇ ਸਿੱਖ ਸੁਰਬੀਰ ਯੋਧਿਆਂ ਨੇ ਹਫਤਾ ਭਰ ਅਜਿਹੇ ਲੋਹੇ ਦੇ ਚਨੇ ਚਬਾਈ ਰੱਖੇ ਕਿ ਭਾਰਤੀ ਫੌਜਾਂ ਲਈ ਇਹ ਲੜਾਈ ਪਾਿਕਸਤਾਨ ਅਤੇ ਚੀਨ ਨਾਲ ਹੋਈ ਲੜਾਈ ਤੋਂ ਵੀ ਵੱਧ ਮਾਰੂ ਸਾਬਤ ਹੋਈ।

ਇਸ ਘੱਲੂਘਾਰੇ ਤੋਂ ਬਾਅਦ ਫਿਰ ਵੀ ਭਾਂਵੇਂ ਇੱਕ ਦਹਾਕਾ ਖਾੜਕੂ ਸਿੱਖ ਨੌਜਵਾਨਾਂ ਨੇ ਹਕੂਮਤਾਂ ਦੇ ਨੱਕ ਚ ਦਮ ਕਰਕੇ ਰੱਖਿਆ, ਪਰ ਅਸੀ ਇਹ ਵਾਰ ਵਾਰ ਲਿਖ ਚੁੱਕੇ ਹਾਂ ਕਿ ਸਿੱਖ ਆਗੂਆਂ ਦੀਆਂ ਗਦਾਰੀਆਂ ਤੇ ਕੇਂਦਰ ਨਾਲ ਵਫਾਦਾਰੀਆਂ ਕਰਕੇ ਸਿੱਖ ਹਮੇਸਾਂ ਜਿੱਤ ਕੇ ਹਾਰਦੇ ਰਹੇ ਹਨ। ਸਰੋਮਣੀ ਅਕਾਲੀ ਦਲ ਬਾਦਲ ਨੇ ਤਾਂ ਸਿੱਧੇ ਤੇ ਸਪੱਸਟ ਰੂਪ ਵਿੱਚ ਆਰ ਐਸ ਐਸ ਦੀ ਅਧੀਨਗੀ ਕਬੂਲ ਕੇ ਸਿੱਖ ਦੁਸ਼ਮਣ ਜਮਾਤ ਭਾਰਤੀ ਜਨਤਾ ਪਾਰਟੀ ਨਾਲ ਸਦੀਵੀਂ ਸਾਂਝ ਬਣਾ ਲਈ। ਕੇਂਦਰ ਕੋਲ ਅਪਣੀ ਵਫਾਦਾਰੀ ਦਿਖਾਉਣ ਖਾਤਰ ਜਿੰਨਾਂ ਨੁਕਸਾਨ ਸਿੱਖ ਕੌਂਮ ਦਾ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਸਾਇਦ ਕਿਸੇ ਦੁਸ਼ਮਣ ਦੇ ਹਿੱਸੇ ਵੀ ਨਹੀ ਆਇਆ। ਜਿੰਨੀਆਂ ਵੀ ਸਿੱਖ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸੰਪਰਦਾਵਾਂ ਹਨ ਸਾਰੀਆਂ ਨੂੰ ਦੋਫਾੜ ਕਰਕੇ ਸਿੱਖ ਕੌਂਮ ਨੂੰ ਕਮਜੋਰ ਕਰਨ ਦੀ ਜੁੰਮੇਵਾਰੀ ਸ੍ਰ ਬਾਦਲ ਨੇ ਬਾਖੁਬੀ ਨਿਭਾਈ ਹੈ। ਬਾਦਲ ਦੇ ਪੰਜ ਵਾਰ ਮੁੱਖ ਮੰਤਰੀ ਬਨਣ ਦੇ ਬਾਵਜੂਦ ਨਾ ਪੰਜਾਬ ਦਾ ਅਤੇ ਨਾ ਹੀ ਸਿੱਖ ਕੌਂਮ ਦਾ ਕੋਈ ਮਸਲਾ ਸੁਲਝਾਉਣ ਦੀ ਕੋਸ਼ਿਸ਼ ਹੋਈ ਹੈ ਬਲਕਿ ਅਪਣੇ ਅਤੇ ਅਪਣੇ ਪਰਿਵਾਰ ਦੇ ਕੋਲ ਸੂਬੇ ਦੀ ਸੂਬੇਦਾਰੀ ਅਤੇ ਕੇਂਦਰੀ ਰਾਜ ਭਾਗ ਵਿੱਚ ਪਰਿਵਾਰ ਦੀ ਹਿੱਸੇਦਾਰੀ ਨੂੰ ਪੱਕਿਆਂ ਕਰਨ ਲਈ ਆਏ ਦਿਨ ਸਿੱਖੀ ਦੀਆਂ ਜੜਾਂ ਵਿੱਚ ਤੇਲ ਦੇਣ ਦੀਆਂ ਸਾਜਿਸ਼ਾਂ ਨੂੰ ਸਿਰੇ ਚਾੜਨ ਵਿੱਚ ਹੀ ਸਾਰਾ ਸਮਾ ਸਮੱਰਪਿਤ ਰਹੇ ਹਨ। ਬਾਦਲ ਦੇ ਰਾਜ ਪਰਬੰਧ ਦੇ ਪਿਛਲੇ ਦਸ ਸਾਲ ਦਾ ਸਮਾ ਤਾਂ 1947 ਤੋਂ ਲੈ ਕੇ ਅੱਜ ਤੱਕ ਦਾ ਸਭ ਤੋਂ ਮਾੜਾ ਸਮਾ ਕਿਹਾ ਜਾ ਸਕਦਾ ਹੈ ਜਦੋਂ ਪੰਜਾਬ ਦੀ ਜੁਆਨੀ ਨੂੰ ਨਸਿਆਂ ਵੱਲ ਧਕੇਲ ਕੇ ਸਿਵਿਆਂ ਦੇ ਰਾਹ ਤੋਰਿਆ ਗਿਆ। ਓਨਾ ਨੁਕਸਾਨ ਖਾੜਕੂਵਾਦ ਸਮੇ ਨਹੀ ਹੋਇਆ ਜਿੰਨਾ ਸਿੱਖ ਜੁਆਨੀ ਦਾ ਨੁਕਸਾਨ ਨਸ਼ਿਆਂ ਨੇ ਕੀਤਾ ਤੇ ਉਹ ਵੀ ਅਕਾਲੀ ਦਲ ਦੀ ਅਖੌਤੀ ਪੰਥਕ ਸਰਕਾਰ ਦੇ ਕਾਰਜਕਾਲ ਦੌਰਾਨ। ਪੰਜਾਬ ਦੀ ਜੁਆਨੀ ਬਰਬਾਦ ਕਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ  ਤੇ ਹਮਲੇ ਵੀ ਬਾਦਲ ਦੀ ਪੰਥਕ ਸਰਕਾਰ ਦੇ ਸਮੇ ਸ਼ੁਰੂ ਹੋਏ ਤੇ ਜਬਰ ਜੁਲਮ ਵੀ ਸਿੱਖਾਂ ਤੇ ਖੁਦ ਬਾਦਲ ਪਿਉ ਪੁੱਤਾਂ ਨੇ ਬੇਖੌਫ ਹੋ ਕੇ ਕੀਤਾ। ਬਾਦਲ ਸਰਕਾਰ ਦੇ ਰਾਜ ਵੇਲੇ ਤੋ ਸ਼ੁਰੂ ਹੋਈਆਂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬੇਅਦਬੀ ਦੇ ਰੋਸ ਵਜੋਂ ਸਾਂਤਮਈ ਸੰਘਰਸ਼ ਕਰਦੀਆਂ ਸਿੱਖ ਸੰਗਤਾਂ ਤੇ ਅੰਨੇਵਾਹ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਕਤਲ ਕਰ ਦੇਣ ਅਤੇ ਸੈਕੜਿਆਂ ਦੀ ਗਿਣਤੀ ਵਿੱਚ ਜਖਮੀ ਕਰ ਦੇਣ ਦੀਆਂ ਮੰਦਭਾਗੀਆਂ ਜੁਲਮੀ ਕਾਰਵਾਈਆਂ ਵਿੱਚ ਇਨਸਾਫ ਨਾ ਮਿਲਣ ਦਾ ਇੱਕੋ ਇੱਕ ਕਾਰਨ ਹੈ ਸਿੱਖ ਕੌਂਮ ਵਿੱਚਲੀ ਪਾਟੋਧਾੜ ਅਤੇ ਆਗੂਆਂ ਦੀ ਹਾਉਮੈ ਅਤੇ ਕੁਰਬਾਨੀ ਤੋਂ ਪਾਸਾ ਵੱਟਣ ਦੀ ਸੌੜੀ ਸੋਚ, ਜਿਸ ਨੇ ਕੌਂਮ ਨੂੰ ਨਿਰਾਸਤਾ ਵੱਲ ਧੱਕ ਦਿੱਤਾ। ਹਾਲਾਤ ਇਸ ਕਦਰ ਬਦ ਤੋਂ ਬਦਤਰ ਹੁੰਦੇ ਗਏ ਕਿ ਸਿੱਖ ਕੌਂਮ ਨਾ ਹੀ ਬੇਅਦਬੀ ਦੇ ਦੋਸ਼ੀਆਂ ਅਤੇ ਨਾ ਹੀ ਬੇਅਦਬੀ ਦੌਰਾਨ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਗਿਰਫਤਾਰ ਕਰਵਾ ਸਕੀ। ਬੰਦੀ ਸਿੱਖਾਂ ਦੀ ਰਿਹਾਈ ਲਈ ਲੱਗੇ ਮੋਰਚੇ ਵੀ ਕੋਈ ਪਰਾਪਤੀ ਕਰਨ ਤੋਂ ਬਗੈਰ ਹੀ ਦਮ ਤੋੜਦੇ ਰਹੇ, ਇਹਦਾ ਕਾਰਨ ਸੀ ਆਗੂਆਂ ਦਾ ਕੁਰਬਾਨੀ ਤੋਂ ਭੱਜਣਾ।

ਅਜੇ ਪਿਛਲੇ ਦਿਨਾਂ ਦੀ ਗੱਲ ਹੈ ਮੇਰੀ ਅਤੇ ਜੱਸਾ ਸਿੰਘ ਮਾਣਕੀ ਦੀ ਕਿਸੇ ਸਿੱਖ ਪਰਚਾਰਕ ਨਾਲ ਕੌਮੀ ਏਕਤਾ ਸਬੰਧੀ ਗੱਲਬਾਤ ਚੱਲ ਰਹੀ ਸੀ, ਓਥੇ ਕੌਂਮ ਦੀ ਅਗਵਾਈ ਦੀ ਗੱਲ ਵੀ ਚੱਲੀ ਸੀ ਤਾਂ ਉਸ ਪਰਚਾਰਕ ਨੇ ਕਿਹਾ ਸੀ ਕਿ ਹੁਣ ਕੌਂਮ ਨੂੰ ਅਜਿਹੇ ਆਗੂ ਦੀ ਜਰੂਰਤ ਹੈ ਜੋ ਆਪ ਕੁਰਬਾਨੀ ਦੇਣ ਦਾ ਹੌਸਲਾ ਰੱਖਦਾ ਹੋਵੇ, ਪਰ ਕੋਈ ਵੀ ਆਗੂ ਕਰਬਾਨੀ ਦੇਣ ਲਈ ਤਿਆਰ ਨਹੀ ਹੈ, ਇਸ ਲਈ ਕੌਂਮ ਦਾ ਕੁੱਝ ਨਹੀ ਬਣ ਰਿਹਾ, ਪਰੰਤੂ ਇੱਕ ਜੂਨ ਦੇ ਸਮਾਗਮ ਮੌਕੇ ਜਥੇਦਾਰ ਮੰਡ ਵੱਲੋਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਪਣੇ ਆਪ ਨੂੰ ਕੁਰਬਾਨੀ ਲਈ ਪੇਸ ਕਰਨ ਤੋਂ ਬਾਅਦ ਇਹ ਆਸ ਹੀ ਨਹੀ ਬੱਝੀ ਬਲਕਿ ਯਕੀਨ ਬੱਝ ਗਿਆ ਹੈ ਕਿ ਗੁਰੂ ਸਮਰੱਥ ਹੈ ਇਸ ਲਈ ਉਹਨੇ ਜਿਸ ਵਿਅਕਤੀ ਤੋਂ ਸੇਵਾ ਲੈਣੀ ਹੈ ਉਹਨੂੰ ਉਹੋ ਜਿਹੀ ਹਿੰਮਤ ਤੇ ਹੌਸਲਾ ਵੀ ਬਖ਼ਸ਼ਦਾ ਹੈ। ਸਿੰਘ ਸਾਹਿਬ ਧਿਆਨ ਸਿੰਘ ਮੰਡ ਤੇ ਵੀ ਗੁਰੂ ਸਾਹਿਬ ਨੇ ਬਖ਼ਸ਼ਿਸ਼ ਕੀਤੀ ਹੈ। ਜਥੇਦਾਰ ਮੰਡ ਨੇ ਜਿਸਤਰਾਂ ਸਮੁੱਚੀ ਸਿੱਖ ਕੌਂਮ ਨੂੰ ਇੱਕ ਝੰਡੇ ਹੇਠਾਂ ਲੈਕੇ ਆਉਣ ਦੀ ਬਿਉਤਬੰਦੀ ਕੀਤੀ ਹੈ ਉਸਦੀ ਸਰਾਹਨਾ ਕਰਨੀ ਬਣਦੀ ਹੈ। ਆਏ ਦਿਨ ਵੱਖ ਵੱਖ ਧੜਿਆਂ, ਸੰਸਥਾਵਾਂ ਅਤੇ ਸੰਤ ਸਮਾਜ ਦੇ ਲੋਕ ਮੋਰਚੇ ਵਿੱਚ ਸਮੂਲੀਅਤ ਕਰਕੇ ਜਿੱਥੇ ਕੌਂਮੀ ਫਰਜ ਨਿਭਾ ਰਹੇ ਹਨ ਓਥੇ ਕੌਮੀ ਏਕਤਾ ਦੇ ਵੀ ਆਸਾਰ ਬਣਦੇ ਨਜਰ ਆ ਰਹੇ ਹਨ। ਜੇਕਰ ਅਜੇ ਵੀ ਇਸ ਮੋਰਚੇ ਤੋ ਪਾਸਾ ਵੱਟੀ ਬੈਠੇ ਸਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਇਹ ਕਹਿਣਾ ਗਲਤ ਨਹੀ ਹੋਵੇਗਾ ਕਿ ਉਹਨਾਂ ਤੋਂ ਕੋਈ ਆਸ ਿਸੱਖ ਭਲੇ ਦੀ ਕੀਤੀ ਹੀ ਨਹੀ ਜਾ ਸਕਦੀ,ਜੇਕਰ ਬਾਦਲ ਪਰਿਵਾਰ ਅਖੀਰ ਸ਼ਾਮਲ ਹੋ ਵੀ ਜਾਂਦਾ ਹੈ ਤਾਂ ਨਿਰਸੰਧੇਹ ਉਹ ਕਿਸੇ ਸਾਜਿਸ਼ ਤਹਿਤ ਹੀ  ਸ਼ਾਮਿਲ ਹੋਣਗੇ ਤਾਂ ਕਿ ਮੋਰਚੇ ਨੂੰ ਤਾਰਪੀਡੋ ਕਰਕੇ ਫੇਲ ਕੀਤਾ ਜਾ ਸਕੇ, ਪਰ ਇਸ ਵਾਰ ਜਿਸ ਦ੍ਰਿੜਤਾ ਨਾਲ ਗੁਰੂ ਦਾ ਓਟ ਆਸਰਾ ਲੈਕੇ ਸਿੰਘ ਸਾਹਿਬ ਮੋਰਚਾ ਮੱਲ ਕੇ ਬੈਠੇ ਹਨ, ਉਸ ਦ੍ਰਿੜਤਾ ਤੋ ਜਾਪਦਾ ਹੈ ਕਿ ਹੁਣ ਕੋਈ ਵੀ ਸਾਜਿਸ਼ ਮੋਰਚੇ ਤੇ ਭਾਰੀ ਨਹੀ ਪੈ ਸਕਦੀ। ਅਸੀ ਗਰੂ ਕੀਆਂ ਲਾਡਲੀਆਂ ਫੌਜਾਂ ਵਜੋਂ ਜਾਣੀਆਂ ਜਾਂਦੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਉਪਦੇਸ਼ ਦੇਣ ਵਾਲੇ ਪਰਚਾਰਕ ਵੀਰਾਂ ਨੂੰ ਪੁਰਜੋਰ ਅਪੀਲ ਕਰਾਂਗੇ ਕਿ ਉਹ ਅਪਣਾ ਨੈਤਿਕ ਫਰਜ ਸਮਝਦੇ ਹੋਏ ਮੋਰਚੇ ਨੂੰ ਸਫਲ ਬਨਾਉਣ ਲਈ ਇਸ ਲਹਿਰ ਦਾ ਹਿੱਸਾ ਬਨਣ। ਇਹ ਨਾ ਹੋਵੇ ਇਤਿਹਾਸ ਤੁਹਾਨੂੰ ਇਸ ਗਲਤੀ ਬਦਲੇ ਹਮੇਸਾਂ ਦੁਰਕਾਰਦਾ ਰਹੇ। ਅਸੀ ਇੱਕ ਵਾਰ ਫਿਰ ਉਹਨਾਂ ਸਿੱਖ ਜਥੇਬੰਦੀਆਂ ਜਿਹੜੀਆਂ ਅਜੇਤੱਕ ਮੋਰਚੇ ਵਿੱਚ ਸ਼ਾਮਿਲ ਨਹੀ ਹੋਈਆਂ ਖਾਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੂੰ ਪੁਰਜੋਰ ਅਪੀਲ ਕਰਨਾ ਅਪਣਾ ਕੌਮੀ ਫਰਜ ਸਮਝਦੇ ਹਾਂ, ਕਿ ਉਹ ਸਾਰੇ ਗੁੱਸੇ ਗਿਲੇ ਭੁੱਲ ਕੇ ਮੋਰਚੇ ਵਿੱਚ ਸ਼ਾਮਿਲ ਹੋਣ, ਇਹ ਸਮੁੱਚੀ ਕੌਂਮ ਦੇ ਭਲੇ ਵਿੱਚ ਹੋਵੇਗਾ।

Install Punjabi Akhbar App

Install
×